ਲੋਕ ਹਮੇਸ਼ਾ ਇਮਾਨਦਾਰ ਨਹੀਂ ਹੁੰਦੇ। ਸਮਾਜਕ ਚੰਗਿਆਈ ਅਤੇ ਸਲੀਕੇਦਾਰ ਵਿਹਾਰ ਦੀ ਆੜ ‘ਚ, ਉਹ ਸ਼ਰਮਨਾਕ ਢੱਕਵੰਜ ਕਰਦੇ ਨੇ। ਤੁਸੀਂ ਇੱਕ ਵਿਅਕਤੀ ਵਲੋਂ ਦਿਖਾਵੇ ਦੇ ਤੌਰ ‘ਤੇ ਪੇਸ਼ ਕੀਤੀ ਜਾ ਰਹੀ ਤਸਵੀਰ ਅਤੇ ਉਨ੍ਹਾਂ ਦੀ ਕਰਨੀ ਪਿੱਛੇ ਛੁਪੇ ਹੋਏ ਏਜੰਡੇ ਦਰਮਿਆਨ ਫ਼ਰਕ ਸਪੱਸ਼ਟ ਦੇਖ ਰਹੇ ਹੋ … ਹਾਥੀ ਦੇ ਖਾਣ ਅਤੇ ਦਿਖਾਣ ਵਾਲੇ ਦੰਦਾਂ ਵਿਚਲੇ ਫ਼ਰਕ ਵਾਂਗ। ਇਸ ਗੱਲ ਨੂੰ ਲੈ ਕੇ ਤੁਹਾਡਾ ਉਨ੍ਹਾਂ ਨਾਲ ਆਢਾ ਲੈਣਾ ਠੀਕ ਨਹੀਂ, ਪਰ ਤੁਹਾਨੂੰ, ਘੱਟੋਘੱਟ, ਜੋ ਤੁਸੀਂ ਦੇਖ ਰਹੇ ਹੋ ਉਸ ਦੀ ਤਸਦੀਕ ਕਰਨ ਅਤੇ ਆਪਣੀਆਂ ਯੋਜਨਾਵਾਂ ਅਤੇ ਉਮੀਦਾਂ ਨੂੰ ਉਸ ਅਨੁਸਾਰ ਤਬਦੀਲ ਕਰਨ ਦੀ ਲੋੜ ਹੈ। ਜਿਓਂ ਹੀ ਤੁਸੀਂ ਇਹ ਕਰ ਲਵੋਗੇ, ਬਹੁਤ ਕੁੱਝ ਜੋ ਤਨਾਅਪੂਰਣ ਲੱਗ ਰਿਹੈ, ਸੌਖਾ ਹੋ ਜਾਵੇਗਾ।
ਕਲਪਨਾ। ਇੱਕ ਤਰ੍ਹਾਂ ਦੀ ਰਲਵੀਂ-ਮਿਲਵੀਂ ਬਖ਼ਸ਼ਿਸ਼ ਹੈ। ਇੱਕ ਦੋ-ਧਾਰੀ ਤਲਵਾਰ। ਇੱਕ ਚੰਗਾ ਦੋਸਤ। ਇੱਕ ਖ਼ਤਰਨਾਕ ਦੁਸ਼ਮਣ। ਇਹ ਸਭ ਕੁੱਝ ਨਿਰਭਰ ਕਰਦੈ ਕਿ ਤੁਸੀਂ ਉਸ ਦਾ ਇਸਤੇਮਾਲ ਕਿੰਝ ਕਰਦੇ ਹੋ। ਤੁਸੀਂ ਆਪਣੀ ਕਲਪਨਾ ਨਾਲ ਕੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਕੋਈ ਝੂਠਾ ਭੈਅ? ਇੱਕ ਪ੍ਰੇਰਨਾਦਾਇਕ ਖ਼ਿਆਲ? ਤੁਸੀਂ ਕਿਸੇ ਵਿਚਾਰ ਦੇ ਪੁਖ਼ਤਾਪਨ ਜਾਂ ਉਸ ਦੀ ਸਾਰਥਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਨਹੀਂ ਲਗਾ ਸਕਦੇ ਕਿ ਉਹ ਸੁਣਨ ‘ਚ ਕਿੰਨਾ ਠੋਸ ਜਾਪਦੈ। ਤੁਸੀਂ ਖ਼ੁਦ ਨੂੰ ਨਾਕਾਰਾਤਮਕਤਾ ਨਾਲ ਬੇਵਕੂਫ਼ ਬਣਾਉਣ ਦੇ ਓਨੇ ਹੀ ਕਾਬਿਲ ਹੋ ਜਿੰਨੇ ਸਾਕਾਰਾਤਮਕਤਾ ਨਾਲ। ਸੋ ਆਪਣਾ ਫ਼ੈਸਲਾ ਇਸ ਗੱਲ ‘ਤੇ ਛੱਡੋ ਕਿ ਕੋਈ ਸੋਚ ਤੁਹਾਡੇ ਮਨ ਨੂੰ ਚੜ੍ਹਦੀ ਕਲਾ ਦਾ ਅਹਿਸਾਸ ਦਿਵਾਉਂਦੀ ਹੈ ਜਾਂ ਢਹਿੰਦੀ ਕਲਾ ਦਾ। ਜੇਕਰ ਤੁਸੀਂ ਕਿਸੇ ਸੁਪਨੇ ‘ਚ ਵਿਸ਼ਵਾਸ ਕਰਨਾ ਹੀ ਹੈ ਤਾਂ ਆਸ ਭਰਪੂਰ ਕੋਈ ਕਲਪਨਾ ਕਰੋ ਅਤੇ ਉਸ ਨੂੰ ਸੱਚ ਕਰ ਕੇ ਦਿਖਾਓ!
ਤੁਸੀਂ ਇਸ ਧਰਤੀ ਗ੍ਰਹਿ ‘ਤੇ ਹੁਣ ਕਿੰਨੇ ਚਿਰ ਤੋਂ ਰਹਿ ਰਹੇ ਹੋ? ਤੁਸੀਂ ਇੱਥੇ ਕਿੰਨਾ ਕੁ ਸਿੱਖ ਚੁੱਕੇ ਹੋ? ਤੁਹਾਨੂੰ ਪਹਿਲੇ ਸਵਾਲ ਦਾ ਉੱਤਰ ਤਾਂ ਪਤਾ ਹੋ ਸਕਦੈ, ਪਰ ਤੁਸੀਂ ਦੂਸਰੇ ਸਵਾਲ ਦੇ ਜਵਾਬ ਬਾਰੇ ਪੂਰੇ ਯਕੀਨ ਨਾਲ ਕੁੱਝ ਨਹੀਂ ਕਹਿ ਸਕਦੇ। ਇਹੀ ਉਹ ਸ਼ੈਅ ਹੈ ਜਿਹੜੀ ਜ਼ਿੰਦਗੀ ਨੂੰ ਇੰਨਾ ਸ਼ਾਨਦਾਰ ਬਣਾਉਂਦੀ ਹੈ, ਗੁੱਸਾ ਚੜ੍ਹਾਉਣ ਦੇ ਬਾਵਜੂਦ। ਹਮੇਸ਼ਾ ਸਿੱਖਣ ਲਈ ਕੋਈ ਨਾ ਕੋਈ ਨਵੀਂ ਚੀਜ਼ ਹੁੰਦੀ ਹੈ। ਮਿਲਣ ਵਾਲੇ ਗਿਆਨ ਬਾਰੇ ਸਵਾਲ ਕਰਨ ਦਾ ਹਮੇਸ਼ਾ ਕੋਈ ਨਾ ਕੋਈ ਕਾਰਨ ਹੁੰਦੈ। ਤੁਹਾਡੇ ਭਾਵਨਾਤਮਕ ਜੀਵਨ ‘ਚ, ਤੁਸੀਂ ਸ਼ਾਇਦ ਇਹ ਸੋਚਣਾ ਸ਼ੁਰੂ ਕਰ ਦਿੱਤਾ ਹੋਵੇ ਕਿ ਕਿਸੇ ਖ਼ਾਸ ਮਸਲੇ ਨੂੰ ਹੱਲ ਕਰਨ ਲਈ ਤੁਹਾਨੂੰ ਆਖ਼ਿਰ ਕੀ ਕਰਨਾ ਪਵੇਗਾ। ਇੱਕ ਹਿੰਟ ਦੇਵਾਂ? ਜਿੰਨਾ ਤੁਸੀਂ ਸੋਚਦੇ ਹੋ ਉਸ ਤੋਂ ਕਿਤੇ ਘੱਟ!
ਲੋਕ ਕਹਿੰਦੇ ਹਨ ਪਿਆਰ ਅਤੇ ਨਫ਼ਰਤ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ। ਯਕੀਨ ਸ਼ੱਕ ਨੂੰ ਆਪਣੇ ਪਿੱਛੇ ਲੁਕੋ ਲੈਂਦੈ। ਸਫ਼ਲਤਾ ਅਸਫ਼ਲਤਾ ‘ਚੋਂ ਉਪਜਦੀ ਹੈ। ਉਮੀਦ ਡਰ ਨੂੰ ਛੁਪਾ ਲੈਂਦੀ ਹੈ। ਰੌਸ਼ਨੀ ਪਰਛਾਵੇਂ ਨੂੰ ਜਨਮ ਦਿੰਦੀ ਹੈ। ਮੈਂ ਕੇਵਲ ਇੰਨਾ ਕਹਿਣ ਦੀ ਕੋਸ਼ਿਸ਼ ਕਰ ਰਿਹਾਂ ਕਿ ਤੁਸੀਂ ਜਿਸ ਨੂੰ ਬੁਰਾ ਸਮਝਣ ਲਈ ਮਜਬੂਰ ਮਹਿਸੂਸ ਕਰ ਰਹੇ ਹੋ ਉਸ ‘ਚ ਵੀ ਕੁੱਝ ਚੰਗਾ ਹੈ … ਅਤੇ ਇਸ ਦਾ ਉਲਟ ਵੀ ਸੱਚ ਹੈ। ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਤਾਂ ਫ਼ਿਰ ਕੋਈ ਵੀ ਅਜਿਹੀ ਸ਼ੈਅ ਨਹੀਂ ਜਿਸ ਨੂੰ ਬਿਹਤਰੀ ਲਈ ਬਦਲਿਆ ਨਾ ਜਾ ਸਕਦਾ ਹੋਵੇ। ਅਤੇ ਜੇ ਤੁਸੀਂ ਪ੍ਰਗਤੀ ਨੂੰ ਖ਼ੁਦ ਤੋਂ ਦੂਰ ਰੱਖਣ ਲਈ ਦ੍ਰਿੜ ਸੰਕਲਪ ਹੋ ਤਾਂ ਫ਼ਿਰ ਬਹੁਤ ਘੱਟ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਜਿਓਂ ਦਾ ਤਿਓਂ ਨਾ ਰੱਖਿਆ ਜਾ ਸਕਦਾ ਹੋਵੇ।
ਤੁਹਾਡੇ ਲਈ ਭਵਿੱਖ ਦੇ ਅੱਪੜਨ ਦਾ ਇੰਤਜ਼ਾਰ ਕਰਨਾ ਬਹੁਤ ਮੁਸ਼ਕਿਲ ਹੈ। ਤੁਹਾਨੂੰ ਯਕੀਨ ਹੈ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੀ ਕਿਸਮਤ ‘ਚ ਕੀ ਲਿਖਿਐ ਅਤੇ ਇਸ ਗੱਲ ਦਾ ਵੀ ਕਿ ਤੁਸੀਂ ਸੌਖੇ ਵਕਤਾਂ ‘ਚ ਰਹਿ ਕੇ ਆਨੰਦ ਮਾਣੋਗੇ। ਬਹੁਤ ਮੁਮਕਿਨ ਹੈ, ਤੁਸੀਂ ਦੋਹਾਂ ਗੱਲਾਂ ‘ਚ ਹੀ ਸਹੀ ਹੋਵੋ। ਤੁਹਾਡਾ ਕੱਲ੍ਹ, ਪਰ, ਕੇਵਲ ਇੱਕ ਤਰ੍ਹਾਂ ਦੇ ਬੁਨਿਆਦੀ ਢਾਂਚੇ ‘ਤੇ ਹੀ ਟਿਕਿਆ ਰਿਹ ਸਕਦੈ, ਅਤੇ ਉਹ ਹੈ ਜਿਹੜਾ ਤੁਸੀਂ ਆਪਣੇ ਅੱਜ ‘ਚ ਸਥਾਪਿਤ ਕਰੋਗੇ। ਜੇ ਤੁਸੀਂ ਲੋੜੀਂਦੀ ਡੂੰਘਾਈ ਤਕ ਖੋਦਾਈ ਕਰਨ ‘ਚ ਅਸਫ਼ਲ ਰਹਿੰਦੇ ਹੋ ਤਾਂ ਹੋ ਸਕਦੈ ਤੁਹਾਨੂੰ ਉਹ ਸਥਿਰਤਾ ਨਾ ਮਿਲੇ ਜਿਹੜੀ ਤੁਸੀਂ ਲੋਚਦੇ ਹੋ। ਜੇਕਰ ਤੁਸੀਂ ਉਸ ਵਕਤ ਵੱਲ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਨਾਲ ਦੋੜੋਗੇ ਜਿਹੜਾ ਹਾਲੇ ਤਕ ਆਇਆ ਨਹੀਂ, ਤੁਸੀਂ ਖ਼ੁਦ ਨੂੰ ਦੌੜਦੇ ਰਹਿਣ ਤੋਂ ਰੋਕਣ ‘ਚ ਮੁਸ਼ਕਿਲ ਮਹਿਸੂਸ ਕਰੋਗੇ। ਆਪਣੀ ਭਾਵਨਾਤਮਕ ਜ਼ਿੰਦਗੀ ਵਿੱਚ, ਇਹ ਮਹੱਤਵਪੂਰਨ ਹੈ ਕਿ ਤੁਸੀਂ ਹੌਲੀ-ਹੌਲੀ, ਸਾਬਤ ਕਦਮੀਂ ਅਤੇ ਪੂਰੀ ਤਾਕਤ ਨਾਲ ਅੱਗੇ ਵਧੋ।














