ਪਿੰਡ ਦੀ ਸੱਥ ਵਿੱਚੋਂ (ਕਿਸ਼ਤ-248)

ਸੱਥ ‘ਚ ਆਉਂਦਿਆਂ ਹੀ ਜੈਮਲ ਬੁੜ੍ਹੇ ਕਾ ਗੇਜੂ ਤਾਸ਼ ਖੇਡੀ ਜਾਂਦੇ ਬੁੱਘਰ ਦਖਾਣ ਨੂੰ ਊੱਚੀ ਉੱਚੀ ਗਾਲਾਂ ਕੱਢਣ ਲੱਗ ਪਿਆ। ਓਧਰ ਤਾਸ਼ ਖੇਡਣ ਵਾਲਿਆਂ ਦਾ ਆਪਸ ਵਿੱਚ ਚਿੜ੍ਹੀਏ ਦੇ ਨਹਿਲੇ ਪਿੱਛੇ ਰੌਲਾ ਪੈ ਗਿਆ। ਇੱਕ ਕਹਿੰਦਾ ਨਹਿਲਾ ਮੈਂ ਸੁੱਟਿਆ। ਦੂਜਾ ਕਹੇ ਤੇਰੀ ਤਾਂ ਪੰਜੀ ਸੀ ਨਿਹਾਲ ਸਿਆਂ ਨਹਿਲਾ ਤਾਂ ਮੇਰਾ ਓਏ। ਤੀਜਾ ਆਵਦੀਓ ਈ ਢੋਲਕੀ ਕੁੱਟੀ ਜਾਵੇ, ਕਹੇ ਨਹਿਲਾ ਸੀ ਕੁ ਅੱਠੀ ਸੀ। ਠੇਕੇਦਾਰਾਂ ਦਾ ਰੇਂਡੂ ਕਹਿੰਦਾ, ਤੁਸੀਂ ਨੌਹਲੇ ਨੂੰ ਪਾਸੇ ਕਰੋ, ਆਹ ਮੇਰੀ ਰੰਗ ਦੇ ਗੋਲੇ ਦੀ ਕਾਟ ਐ।”
ਰੇਂਡੂ ਦੀ ਬੋਲੀ ਸੁਣ ਕੇ ਬਾਬੇ ਬੋਹੜ ਸਿਉਂ ਨੇ ਰੇਂਡੂ ਨੂੰ ਹੱਸ ਕੇ ਪੁੱਛਿਆ, ”ਨੌਹਲਾ ਹੁੰਦਾ ਕੁ ਨਹਿਲਾ ਹੁੰਦਾ ਮੁੰਡਿਆ ਓਏ?”
ਬਾਬੇ ਦੀ ਗੱਲ ਸੁਣ ਕੇ ਰੇਂਡੂ ਬਾਬੇ ਨੂੰ ਭੂਸਰੀ ਢਾਂਡੀ ਵਾਂਗੂੰ ਕਤਾੜ ਕੇ ਪੈ ਗਿਆ, ”ਸਾਡੀ ਗੱਲ ਵਿੱਚ ਨਾ ਬੋਲ ਬਾਬਾ ਤੂੰ। ਤੂੰ ਆਵਦਾ ਚੁੱਪ ਕਰ ਕੇ ਬੈਠਾ ਰਹਿ। ਨੌਹਲਾ ਹੋਇਆ ਕੁ ਬਤੌਲਾ ਹੋਇਆ। ਐਮੇਂ ਨਾ ਸਾਡੀ ਬਾਜੀ ‘ਚ ਭਸੂੜੀ ਪਾਇਆ ਕਰ। ਰੌਲਾ ਤਾਂ ਪਹਿਲਾਂ ਈ ਮੋਦੀ ਆਲੇ ਕਾਰਖਾਨੇ ‘ਚ ਜਾਣ ਆਲਾ ਹੋਇਆ ਪਿਆ, ਇੱਕ ਉੱਤੋਂ ਪਤੰਦਰਾ ਤੂੰ ਕੱਤਣੀ ਤੋਂ ਫੁੱਲ ਝਾੜਨ ਆਲੀ ਗੱਲ ਕਰੀ ਜਾਨੈਂ। ਸਾਡੇ ਰੌਲੇ ਨੂੰ ਤਾਂ ਅਗਲਿਆਂ ਨੇ ਕਹਿਣਾ ਕੁਸ ਨ੍ਹੀ, ਪਰ ਤੇਰਾ ਦਬੱਲਿਆ ਰੌਲਾ ਪਤਾ ਨ੍ਹੀ ਕਿੱਥੋਂ ਕੁ ਤੱਕ ਜਾਊ।”
ਬਾਬੇ ਨੂੰ ਐਧਰ ਓਧਰ ਦੀਆਂ ਗੱਲਾਂ ਕਹਿ ਕੇ ਰੇਂਡੂ ਨੇ ਫ਼ੇਰ ਚਾੜ੍ਹ ‘ਤਾ ਛੱਤਣੀ ਰੌਲਾ। ਇੱਧਰ ਗੇਜੂ ਸਿਉਂ ਬੰਨ੍ਹੀ ਖੜ੍ਹਾ ਗਾਲ੍ਹਾਂ ਦਾ ਸਪੀਕਰ। ਨਾ ਤਾਂ ਤਾਸ਼ ਵਾਲਿਆਂ ਦੀ ਸਮਝ ਲੱਗੇ ਬਈ ਕੌਣ ਕੀ ਕਹਿੰਦਾ ਕਿਸੇ ਨੂੰ ਤੇ ਨਾ ਹੀ ਗੇਜੂ ਦੀ ਸਮਝ ਆਵੇ ਬਈ ਇਹ ਗਾਲਾਂ ਕੀਹਨੂੰ ਕੱਢਦੈ। ਸੱਥ ਵਿੱਚ ਤਾਸ਼ ਵਾਲਿਆਂ ਤੋਂ ਬਿਨਾਂ ਜਿਹੜੇ ਪਿੰਡ ਵਾਲੇ ਥੜ੍ਹੇ ‘ਤੇ ਬੈਠੇ ਸੀ ਉਨ੍ਹਾਂ ਨੇ ਤਾਸ਼ ਵਾਲਿਆਂ ਵੱਲ ਤਾਂ ਕੋਈ ਖਾਸ ਧਿਆਨ ਨਾ ਦਿੱਤਾ ਕਿਉਂਕਿ ਤਾਸ਼ ਵਾਲਿਆਂ ਦਾ ਤਾਂ ਨਿੱਤ ਦਾ ਈ ਕੰਜਰ ਕਲੇਸ਼ ਇਹੋ ਈ ਹੁੰਦੈ। ਕਿਸੇ ਨਾ ਕਿਸੇ ਦਾ ਕੁੱਤਾ ਅੜਿਆ ਈ ਰਹਿੰਦਾ ਤਾਸ਼ ‘ਚ, ਪਰ ਗੇਜੂ ਦੀਆਂ ਗੱਲਾਂ ਸੁਣ ਕੇ ਸਭ ਨੇ ਇਉਂ ਕੰਨ ਚੁੱਕ ਲਏ ਜਿਮੇਂ ਦਿਨ ਛਿਪਦੇ ਨਾਲ ਹਨ੍ਹੇਰਾ ਹੁੰਦਿਆਂ ਹੀ ਕਵੇਲੇ ਜੇ ਕਿਸੇ ਦੇ ਘਰੇ ਟੱਬਰ ‘ਚ ਆਪਸੀ ਲੜਾਈ ਵੇਲੇ ਲੋਕ ਕੰਧਾਂ ਕੋਠਿਆਂ ‘ਤੇ ਚੜ੍ਹ-ਚੜ੍ਹ ਲੜਾਈ ਵਾਲੇ ਘਰ ਵੱਲ ਵੇਖਣ ਲੱਗ ਪੈਂਦੇ ਨੇ। ਗਾਲਾਂ ਕੱਢੀ ਜਾਂਦੇ ਗੇਜੂ ਨੂੰ ਸੁਣ ਕੇ ਬਾਬੇ ਬੋਹੜ ਸਿਉਂ ਨੇ ਗੇਜੂ ਨੂੰ ਹਲੀਮੀ ਨਾਲ ਬਜੁਰਗ ਅਵਸਥਾ ‘ਚੋਂ ਪੁੱਛਿਆ, ”ਓ ਗੇਜਾ ਸਿਆਂ! ਨਾ ਬਈ ਨਾ, ਗਾਲ ਦੁੱਪੜ ਤਾਂ ਦੁਸ਼ਮਣ ਨੂੰ ਵੀ ਨ੍ਹੀ ਦੇਈਦੀ ਹੁੰਦੀ, ਇਹ ਕੀਹਨੂੰ ਕਹੀ ਜਾਨੈਂ ਕੁਸ?”
ਗੇਜੂ ਗੁੱਸੇ ‘ਚ ਆਇਆ ਬਾਬੇ ਨੂੰ ਕਹਿੰਦਾ, ”ਆਹ ਬੁੱਘਰ ਦਖਾਣ ਬਾਬਾ ਸਾਡੇ ਖੇਤੋਂ ਪੱਠੇ ਵੱਢ ਲਿਆਇਆ ਅੱਜ। ਓਨੇ ਤਾਂ ਅਸੀਂ ਚੌਂਹ ਦਿਨਾਂ ‘ਚ ਲੈ ਕੇ ਆਉਣੇ ਹੁੰਨੇ ਆ ਵੱਢ ਕੇ ਜਿੰਨੇ ਇਹ ਡੂਢ ਘੈਂਟੇ ‘ਚ ਵੱਢ ਲਿਆਇਆ। ਇੱਕ ਉੱਤੋਂ ਸੱਚਾ ਬਣਦਾ। ਚੋਰ ਨਾ ਹੋਵੇ ਤਾਂ ਕਿਸੇ ਥਾਂ ਦਾ।”
ਮਾਹਲਾ ਨੰਬਰਦਾਰ ਗੇਜੂ ਨੂੰ ਕਹਿੰਦਾ, ”ਕਿਤੇ ਨਹਿੰਗ ਸਿੰਘ ਨਾ ਵੱਢ ਕੇ ਲੈ ਗੇ ਹੋਣ ਜਿਹੜੇ ‘ਨੰਦਪੁਰ ਨੂੰ ਜਾਂਦੇ ਸੀ।”
ਮੱਦੀ ਪੰਡਤ ਦਾ ਮੁੰਡਾ ਸੋਖਾ ਨੰਬਰਦਾਰ ਦੀ ਚਲਦੀ ਗੱਲ ‘ਚ ਕਰਾਰੀ ਚੋਟ ਮਾਰਦਾ ਬੋਲਿਆ, ”ਕਿਉਂ ਤਾਇਆ ਨੰਬਰਦਾਰਾ! ਇਹ ਐਮੇਂ ਈ ਚਾਚੇ ਬੁੱਘਰ ਦੇ ਗਲ ਪਈ ਜਾਂਦੈ, ਪਹਿਲਾਂ ਮੁੰਡਿਆਂ ਨੂੰ ਤਾਂ ਪੁੱਛ ਲੇ ਕਿਤੇ ਲਿਹਾਜ ਤਾਂ ਨਹੀਂ ਪੂਰੀ ਮੁੰਡੇ ਨੇ। ਇਹ ਵਾਧੂ ਈ ਇਹਦੇ ਗਲ ਪਈ ਜਾਂਦਾ ਹੋਵੇ।”
ਬਾਬਾ ਬੋਹੜ ਸਿਉਂ ਸੋਖੇ ਪੰਡਤ ਨੂੰ ਘੂਰਦਾ ਬੋਲਿਆ, ”ਚੁੱਪ ਕਰ ਓਏ ਪੰਡਤਾ, ਹੋਰ ਨਾ ਕਿਤੇ ਬੁੱਘਰ ਨੂੰ ਛੱਡ ਕੇ ਤੇਰੇ ਗਲ ਪੈ ਜੇ। ਤੂੰ ਮੱਲੋ ਮੱਲੀ ਲੜਾਈ ਕਿਉਂ ਮੁੱਲ ਲੈਨੈਂ? ਇਹਦਾ ਕਮਲੇ ਦਾ ਕੀ ਪਤਾ ਕਿਤੇ ਮਾਰ ਮਾਰ ਹੂਰੇ ਤੇਰਾ ਈ ਮੂੰਹ ਨਾ ਜੈਨੂੰ ਘਮਿਆਰ ਦੇ ਮੀਂਹ ਨਾਲ ਭਿੱਜ ਕੇ ਟੁੱਟੇ ਚੱਕ ਅਰਗਾ ਕਰ ਦੇ। ਬੈਠਾ ਰਹਿ ਤੂੰ ਚੁੱਪ ਕਰ ਕੇ। ਇੱਥੇ ਸੱਥ ‘ਚ ਤਾਂ ਕਿਸੇ ਨਾ ਕਿਸੇ ਦਾ ਪੰਗਾ ਪਿਆ ਈ ਰਹਿੰਦੈ।”
ਸੱਥ ‘ਚ ਆ ਕੇ ਖੜ੍ਹਾ ਗੱਲਾਂ ਸੁਣੀ ਜਾਂਦਾ ਨਾਥਾ ਅਮਲੀ ਬਾਬੇ ਬੋਹੜ ਸਿਉਂ ਦੀ ਗੱਲ ਸੁਣ ਕੇ ਟਿੱਚਰ ‘ਚ ਬਾਬੇ ਨੂੰ ਕਹਿੰਦਾ, ”ਜੇ ਬਾਬਾ ਇਹ ਚੁੱਪ ਕਰ ਜੂ ਤਾਂ ਚੰਗਾ ਰਹੂ ਨਹੀਂ ਤਾਂ ਫ਼ਿਰ ਆਲੂਆਂ ਆਲਿਆਂ ਆਲੀ ਹੋਊ।”
ਬਾਬੇ ਨੇ ਪੁੱਛਿਆ, ”ਉਹ ਕਿਮੇਂ ਮੱਲਾ?”
ਮਾਹਲਾ ਨੰਬਰਦਾਰ ਕਹਿੰਦਾ, ”ਇਹ ਕੀਹਦਾ ਨਮਾਂ ਈ ਨਾਂ ਧਰ ਲਿਆ ਅਮਲੀਆ ਓਏ?”
ਏਨੇ ਚਿਰ ਨੂੰ ਸੀਤਾ ਮਰਾਸੀ ਵੀ ਸੱਥ ‘ਚ ਆ ਖੜਕਿਆ ਦਿਆਲਪੁਰੇ ਆਲੇ ਚੇਤ ਦੇ ਸਪੀਕਰ ਵਾਂਗੂੰ। ਬਾਬੇ ਬੋਹੜ ਸਿਉਂ ਦੇ ਕੋਲ ਬਹਿੰਦਾ ਹੀ ਬੋਲਿਆ, ”ਕਾਹਦਾ ਰੌਲਾ ਪਾਈ ਬੈਠੇ ਐਂ ਬਾਬਾ?”
ਮਾਹਲਾ ਨੰਬਰਦਾਰ ਕਹਿੰਦਾ, ”ਰੌਲਾ ਤਾਂ ਮੀਰ ਤੈਨੂੰ ਫ਼ੇਰ ਦਸਦੇ ਆਂ, ਪਹਿਲਾਂ ਆਹ ਦੱਸ ਬਈ ਆਪਣੇ ਪਿੰਡ ‘ਚ ਆਲੂਆਂ ਆਲੇ ਕਿਹੜੇ ਵੱਜਦੇ ਐ?”
ਮਰਾਸੀ ਕਹਿੰਦਾ, ”ਜਿਹੜੇ ਆਲੂ ਬੀਜਦੇ ਐ ਸਾਰੇ ਆਲੂਆਂ ਆਲੇ ਈ ਵੱਜਦੇ ਐ। ਹੋਰ ਕਿਤੇ ਇਨ੍ਹਾਂ ਨੂੰ ਖ਼ਰਬੂਜਿਆਂ ਆਲੇ ਤਾਂ ਨ੍ਹੀ ਕਹਿੰਦੇ।”
ਜੱਗਾ ਕਾਮਰੇਡ ਕਹਿੰਦਾ, ”ਇਹ ਤਾਂ ਕਿਸੇ ਲਾਣੇ ਦਾ ਖ਼ਾਸ ਨਾਉਂ ਧਰਿਆ ਵਿਆ ਲੱਗਦੈ। ਅਮਲੀ ਨੂੰ ਤਾਂ ਪਤਾ ਈ ਐ ਜਿਹੜਾ ਨਾਉਂ ਲੈਂਦੈ, ਕਿਉਂ ਅਮਲੀਆ?”
ਬਾਬਾ ਬੋਹੜ ਸਿਉਂ ਅਮਲੀ ਵੱਲ ਇਸ਼ਾਰਾ ਕਰ ਕੇ ਕਹਿੰਦਾ, ”ਇਹਨੂੰ ਆਪਣੇ ਪਿੰਡ ਦੀ ਤਾਂ , ਇਹਨੂੰ ਤਾਂ ਵੀਹ-ਵੀਹ ਕੋਹ ਤਕ ਦੀਆਂ ਖ਼ਬਰਾਂ ਦਾ ਪਤਾ। ਨਾਲੇ ਤੀਜੇ ਦਿਨ ਤਾਂ ਪਿੰਡ ‘ਚ ਕਿਸੇ ਨਾ ਕਿਸੇ ਦਾ ਨਾਂ ਬਦਲੀ ਰੱਖਦੇ ਐ ਇਹੇ। ਕਿਉਂ ਅਮਲੀਆ ਠੀਕ ਐ ਕੁ ਨਹੀਂ ਓਏ?”
ਅਮਲੀ ਕਹਿੰਦਾ, ”ਮੈਂ ਤਾਂ ਬਾਬਾ ਕਿਸੇ ਦਾ ਨਾਂ ਨ੍ਹੀ ਰਖਦਾ। ਨਾਂ ਤਾਂ ਲੋਕ ਆਵਦਾ ਆਪ ਈ ਰਖਾ ਲੈਂਦੇ ਐ। ਸਿੱਧੇ ਕੰਮਾਂ ਆਲਿਆਂ ਦਾ ਕੋਈ ਨ੍ਹੀ ਨਾਂ ਧਰਦਾ। ਇਹ ਤਾਂ ਪੁੱਠੇ ਕੰਮਾਂ ਦੇ ਪੁੱਠੇ ਨਾਂ। ਨਾਲੇ ਆਪਣੇ ਪਿੰਡ ‘ਚ ਤਾਂ ਕੋਈ ਨਾ ਕੋਈ ਚੱਕਰ ਚੱਲਿਆ ਈ ਰਹਿੰਦਾ ਕਿਸੇ ਨਾ ਕਿਸੇ ਦਾ। ਸੋਨੂੰ ਪਤਾ ਬਾਬਾ ਆਪਣੇ ਪਿੰਡ ਆਲੇ ਹਾਕਮ ਸਿਉਂ ਠਾਣੇਦਾਰ ਨੂੰ ਲੋਕ ਤੋਤੇ ਆਲਾ ਠਾਣੇਦਾਰ ਕਿਉਂ ਕਹਿੰਦੇ ਐ?”
ਬਾਬਾ ਬੋਹੜ ਸਿਉਂ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਬਖਸ਼ਿਉਂ ਨਾ ਮਾਂ ਦਿਉ ਪੁੱਤੋ ਕਿਸੇ ਨੂੰ। ਠਾਣੇਦਾਰ ਦੇ ਵੀ ਦਾਗ਼ ‘ਤੇ ਸਿੰਗ?”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਤੋਤਾ ਤਾਤਾ ਰੱਖ ਲਿਆ ਅਮਲੀਆ ਉਨ੍ਹਾਂ ਨੇ ਕੁ ਕੋਈ ਹੋਰ ਗੱਲ ਐ?”
ਘੁੱਲੇ ਸਰਪੰਚ ਦਾ ਭਰਾ ਗਰਜਾ ਕਹਿੰਦਾ, ”ਠਾਣੇਦਾਰਾਂ ਦੇ ਤਾਂ ਕਹਿੰਦੇ ਧੀ-ਜੁਆਈ ਦਾ ਕੋਈ ਤਕੜਾ ਰੌਲਾ ਪਿਆ ਵਿਆ। ਕਹਿੰਦੇ ਪ੍ਰਾਹੁਣਾ ਕੁੜੀ ਨੂੰ ਨ੍ਹੀ ਲੈ ਕੇ ਜਾਂਦਾ, ਪਤਾ ਨ੍ਹੀ ਕੋਈ ਦਾਜ ਦੂਜ ਦਾ ਚੱਕਰ ਐ ਖਣੀ ਅਗਲਿਆਂ ਨੇ ਦਾਜ ‘ਚ ਤੋਤਾ ਤਾਤਾ ਮੰਗ ਲਿਆ ਹੋਣੈ ਇਨ੍ਹਾਂ ਨੇ ਦਿੱਤਾ ਦੁੱਤਾ ਨ੍ਹੀ, ਏਨੀ ਗੱਲ ‘ਤੇ ਰੌਲਾ ਪੈ ਗਿਆ ਹੋਣੈ।”
ਨਾਥਾ ਅਮਲੀ ਕਹਿੰਦਾ, ”ਓਏ ਕਾਹਨੂੰ ਗਰਜਾ ਸਿਆਂ ਦਾਜ ਦਾ ਰੌਲਾ ਰੱਪਾ ਕੋਈ। ਤੋਤੇ ਦਾ ਰੌਲਾ। ਤਾਹੀਂ ਉਹਨੂੰ ਤੋਤੇ ਆਲਾ ਠਾਣੇਦਾਰ ਕਹਿੰਦੇ ਐ।”
ਬਾਬੇ ਬੋਹੜ ਸਿਉਂ ਨੇ ਹੈਰਾਨੀ ਨਾਲ ਪੁੱਛਿਆ, ”ਤੋਤਾ ਆਲਾ ਰੌਲਾ ਕਿਮੇਂ ਅਮਲੀਆ?”
ਅਮਲੀ ਕਹਿੰਦਾ, ”ਲੈ ਸੁਣ ਲਾ ਫ਼ਿਰ ਬਾਬਾ ਤੋਤੇ ਆਲੀ ਗੱਲ ਵੀ। ਇੱਕ ਦਿਨ ਕਿਤੇ ਗਿਆਨੀ ਜੱਸਾ ਸਿਉਂ ਦੀ ਮਾਤਾ ਠਾਣੇਦਾਰਨੀ ਨੂੰ ਲੌਂਗੋਆਲ ਆਵਦੇ ਪੇਕਿਆਂ ਦੇ ਘਰੇ ਲੈ ਗੀ। ਮਾਤਾ ਠਾਣੇਦਾਰਨੀ ਨੂੰ ਕਹਿੰਦੀ ‘ਮੇਰੇ ਨਾਲ ਕੋਈ ਜਾਣ ਆਲਾ ਹੈ ਨ੍ਹੀ, ਅੱਜ ਤੂੰ ਚੱਲ ਮੇਰੇ ਨਾਲ ਮੇਰੇ ਪੇਕੀਂ ਜਾ ਕੇ ਆਉਣੈ। ਪਹਿਲੀ ਸੱਤ ਆਲੀ ਬੱਸ ਚੱਲਾਂਗੀਆਂ, ਆਥਣ ਨੂੰ ਮੁੜਿਆਮਾਂਗੀਆ।’ ਲੌਂਗੋਆਲ ਆਲਿਆਂ ਦੇ ਘਰੇ ਤੋਤਾ ਰੱਖਿਆ ਵਿਆ, ਜਦੋਂ ਇਹ ਦੋਮੇਂ ਘਰੇ ਜਾ ਕੇ ਵੜੀਆਂ ਤਾਂ ਤੋਤੇ ਨੇ ਇਨ੍ਹਾਂ ਨੂੰ ਸੱਸਰੀ ‘ਕਾਲ ਬਲਾਈ। ਤੋਤਾ ਬੋਲ ਕੇ ਕਹਿੰਦਾ ‘ਆਉ ਜੀ, ਜੀ ਆਇਆਂ ਨੂੰ। ਬੈਠੋ ਜੀ। ਚਾਹ ਪਾਣੀ ਪੀਉ ਜੀ। ਤੁਸੀਂ ਸਾਡੇ ਘਰ ਆਏ ਹੋ ਸਾਨੂੰ ਬਹੁਤ ਖੁਸ਼ੀ ਹੋਈ ਐ ਜੀ।’ ਜਦੋਂ ਬਾਬਾ ਠਾਣੇਦਾਰਨੀ ਨੇ ਤੋਤੇ ਦੀਆਂ ਹੋਰ ਵੀ ਕਈ ਮਿੱਠੀਆਂ ਮਿੱਠੀਆਂ ਗੱਲਾਂ ਸੁਣੀਆਂ ਤਾਂ ਠਾਣੇਦਾਰਨੀ ਦੇ ਹੋਸ਼ ਉੱਡ ਗੇ। ਉਹ ਘਰ ਆਉਂਦੀਓ ਈ ਤੋਤੇ ਬਾਰੇ ਦੱਸ ਕੇ ਠਾਣੇਦਾਰ ਨੂੰ ਕਹਿੰਦੀ ‘ਮੈਨੂੰ ਤਾਂ ਉਹੋ ਜਾ ਤੋਤਾ ਲਿਆ ਕੇ ਦਿਉ। ਆਉਂਦੇ ਬੁੱਧਵਾਰ ਨੂੰ ਆਪਣੇ ਜੁਆਈ ਨੇ ਆਉਣੈ, ਮੈਂ ਤਾਂ ਉਹਦਾ ਸੁਆਗਤ ਤੋਤੇ ਤੋਂ ਕਰਾਉਣੈ।’ ਠਾਣੇਦਾਰ ਨੇ ਬਾਬਾ ਆਵਦੇ ਚਪਾਹੀ ਚਪੂਹੀ ਜੇ ਐਧਰ ਓਧਰ ਭਜਾਏ ਬਈ ਬੋਲਣ ਆਲਾ ਤੋਤਾ ਜਿੱਥੋਂ ਮਰਜੀ ਲਿਆਓ ਭਾਲਕੇ।’ ਉਨ੍ਹਾਂ ਨੂੰ ਤੋਤਾ ਕਿਤੋਂ ਨਾ ਥਿਆਇਆ। ਓਧਰ ਜੁਆਈ ਸਾਹਬ ਦੇ ਆਉਣ ਆਲਾ ਬੁੱਧਵਾਰ ਵੀ ਨੇੜੇ ਆ ਗਿਆ। ਠਾਣੇਦਾਰ ਫ਼ਿਕਰਾਂ ‘ਚ ਪਿਆ ਵਿਆ ਬਈ ਤੋਤਾ ਕਿੱਥੋਂ ਲਿਆ ਕੇ ਦੇਮਾਂ। ਇੱਕ ਡੂੰਗਰ ਸਿਉਂ ਨਾਂ ਦਾ ਹੌਲਦਾਰ ਠਾਣੇਦਾਰ ਨੂੰ ਕਹਿੰਦਾ ‘ਜਨਾਬ ਜੀ! ਆਪਣੇ ਠਾਣੇ ‘ਚ ਜਿਹੜਾ ਬੋਹੜ ਐ, ਇਹਦੇ ‘ਚ ਤੋਤਿਆਂ ਦੀ ਖੱਡ ਐ। ਇਹਦੇ ‘ਚੋਂ ਇੱਕ ਤੋਤਾ ਫ਼ੜ ਕੇ ਲੈ ਜੋ। ਇਹ ਤਾਂ ਪਤਾ ਨ੍ਹੀ ਬਈ ਬੋਲੂ ਕੁ ਨਾ ਬੋਲੂ, ਪਰ ਬੀਬੀ ਜੀ ਦਾ ਕੰਮ ਜਰੂਰ ਹੋ ਜੂ। ਜੇ ਨਾ ਬੋਲਿਆ ਤਾਂ ਬਹਾਨਾ ਮਾਰ ਦਿਉ ਬਈ ਓਪਰਾ ਕਰ ਗਿਆ। ਸੋਡਾ ਟੈਮ ਨੰਘ ਜੂ।’ ਠਾਣੇਦਾਰ ਨੇ ਓਮੇਂ ਈ ਕੀਤਾ ਜਿਮੇਂ ਹੌਲਦਾਰ ਨੇ ਕਿਹਾ ਸੀ। ਹੌਲਦਾਰ ਔਖਾ ਸੌਖਾ ਹੋ ਕੇ ਠਾਣੇ ਆਲੇ ਬੋਹੜ ਤੋਂ ਤੋਤਾ ਫ਼ੜ ਕੇ, ਪਾ ਕੇ ਪਿੰਜਰੇ ‘ਚ ਘਰ ਛੱਡ ਗਿਆ। ਤੋਤਾ ਬਾਬਾ ਠਾਣੇ ‘ਚ ਨਿੱਤ ਗਾਲੀ ਗਲੋਚ ਹੁੰਦਾ ਸੁਣਦਾ ਰਹਿੰਦਾ ਸੀ। ਉਹ ਪੁਲਸ ਆਲੀ ਬੋਲੀ ਚੰਗੀ ਤਰਾਂ ਸਿਖਿਆ ਵਿਆ ਸੀ। ਠਾਣੇਦਾਰਨੀ ਵੀ ਪੂਰੀ ਖ਼ੁਸ਼ ਸੀ ਕਿ ਤੋਤਾ ਮੇਰੇ ਜੁਆਈ ਦਾ ਸੁਆਗਤ ਕਰੂਗਾ। ਠਾਣੇਦਾਰਨੀ ਨੇ ਤੋਤੇ ਦੀ ਦੋ ਚਾਰ ਦਿਨ ਟਹਿਲ ਸੇਵਾ ਕੀਤੀ। ਬੁੱਧਵਾਰ ਆਲੇ ਦਿਨ ਉਹਨੇ ਤੋਤੇ ਆਲਾ ਘਰ ਦੇ ਮੂਹਰਲੇ ਬਾਰ ਕੋਲ ਮੇਚ ‘ਤੇ ਰੱਖ ‘ਤਾ ਬਈ ਜਦੋਂ ਜੁਆਈ ਆਊਗਾ ਤਾਂ ਤੋਤਾ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਉਹਦਾ ਸੁਆਗਤ ਕਰੂਗਾ। ਠਾਣੇਦਾਰ ਤੇ ਠਾਣੇਦਾਰਨੀ ਤੇ ਬਾਕੀ ਦੇ ਟੱਬਰ ਦੇ ਜੀਅ ਵੀ ਪਿੰਜਰੇ ਕੋਲੇ ਆ ਗੇ ਬਈ ਵੇਖਾਂਗੇ ਤੋਤਾ ਕਿਮੇਂ ਸੁਆਗਤ ਕਰਦਾ ਤੇ ਜੁਆਈ ਕਿੰਨਾ ਖ਼ੁਸ਼ ਹੋਊਗਾ। ਓਧਰ ਜੁਆਈ ਸਾਹਬ ਵੀ ਟੌਹਰ ਫ਼ੌਹਰ ਕੱਢ ਕੇ ਸਹੁਰਿਆਂ ਦੇ ਘਰ ਆ ਪਹੁੰਚੇ। ਜਦੋਂ ਜੁਆਈ ਬਾਰ ਦੀ ਦੇਹਲੀ ਟੱਪ ਕੇ ਪਿੰਜਰੇ ਕੋਲ ਦੀ ਨੰਘਣ ਲੱਗਿਆ ਤਾਂ ਤੋਤਾ ਠਾਣੇ ‘ਚ ਜਿਹੜਾ ਕੁਝ ਸੁਣਦਾ ਹੁੰਦਾ ਸੀ, ਉਹੀ ਕੁਸ ਬੋਲੇ ਕੇ ਜੁਆਈ ਨੂੰ ਕਹਿੰਦਾ ‘ਕਿੱਧਰ ਬੂੱਥੜ ਚੱਕੀ ਆਉਣੈ ਓਏ ਬਾਂਦਰਾ ਜਿਆ। ਮੁੜ ਪਿੱਛੇ ਸਾਲਾ ਨੰਬਰਦਾਰੀ ਦਾ ਨਾ ਹੋਵੇ ਤਾਂ। ਸਾਲਿਆ ਭੂਤਨੀ ਦਿਆ ਭੁੱਕੀ ਵੇਚਦੈਂ ਓਏ। ਪਾਓ ਇਹਨੂੰ ਮੂਹਧੇ ਮੂੰਹ ਸਾਲੇ ਦੇ ਮਾਰੋ ਪੰਜਾਹ ਛਿੱਤਰ, ਬਣਾਓ ਬੰਦੇ ਦਾ ਪੁੱਤ ਇਹਨੂੰ। ਵੇਖ ਕਿਮੇਂ ਝਾਕਦਾ ਜਿਮੇਂ ਬੁੜ੍ਹੀ ਗੁਆਚੀ ਭਾਲਣ ਆਇਆ ਹੁੰਦੈ। ਤਲਾਸ਼ੀ ਲਓ ਇਹਦੀ ਮਲੰਗ ਜੇ ਦੀ, ਇਹਦੇ ਕੋਲੋਂ ਡੋਡੇ ਨਿੱਕਲਣਗੇ, ਸਾਲੇ ਕੋਲੋਂ। ਸਾਲਾ ਭੰਗੀ ਜਾ।’ ਜਦੋਂ ਬਾਬਾ ਜੁਆਈ ਨੇ ਤੋਤੇ ਦੇ ਮੂੰਹੋਂ ਇਹ ਗੱਲਾਂ ਸੁਣੀਆਂ ਤਾਂ ਠਾਣੇਦਾਰਨੀ ਚੁੰਨੀ ਨਾਲ ਮੂੰਹ ਢਕ ਕੇ ਅੰਦਰ ਕਮਰੇ ‘ਚ ਵੜ ਕੇ ਉੱਚੀ ਉੱਚੀ ਰੋਵੇ ਬਈ ਆਹ ਕੀ ਕਹਿ ‘ਤਾ ਤੋਤੇ ਨੇ। ਜੁਆਈ ਤਾਂ ਬਾਬਾ ਗਾਲਾਂ ਸੁਣ ਕੇ ਪਛਾਂਹ ਈ ਮੁੜ ਗਿਆ ਪਿੰਡ ਨੂੰ। ਮਹੀਨਾ ਡੂਢ ਮਹੀਨਾ ਹੋ ਗਿਆ ਹਜੇ ਕੁੜੀ ਨੂੰ ਲੈ ਕੇ ਨ੍ਹੀ ਗਿਆ ਪ੍ਰਾਹੁਣਾ। ਆਹ ਆਉ ਭਗਤ ਕੀਤੀ ਐ ਤੋਤੇ ਨੇ ਜੁਆਈ ਦੀ। ਤਾਂ ਕਰ ਕੇ ਠਾਣੇਦਾਰ ਨੂੰ ਤੋਤੇ ਆਲਾ ਠਾਣੇਦਾਰ ਕਹਿੰਦੇ ਐ। ਆਹ ਗੱਲ ਐ ਬਾਬਾ।”
ਬਾਬਾ ਕਹਿੰਦਾ, ”ਹਾਹੋ ਜੀ, ਬੰਦੇ ਬੁੜ੍ਹੀਆਂ ਨੂੰ ਤਾਂ ਆਏ ਗਏ ਦੀ ਖਾਤਰਦਾਰੀ ਕਰਨੀ ਔਖੀ ਐ, ਹੁਣ ਘੁੱਗੀਆਂ ਗਟ੍ਹਾਰਾਂ  ਈ ਸੇਵਾ ਕਰਿਆ ਕਰਨਗੀਆਂ ਅਸਫ਼ਰਾਂ ਦੇ ਘਰੇ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਸੱਥ ਕੋਲ ਚੂਚੇ ਵੇਚਣ ਵਾਲੇ ਦਾ ਹੋਕਾ ਸੁਣ ਕੇ ਨਾਥਾ ਅਮਲੀ ਕਹਿੰਦਾ, ”ਹਾਕਮ ਸਿਉਂ ਠਾਣੇਦਾਰ ਕਿਆਂ ਨੂੰ ਤੋਤਾ ਚਾਹੀਦਾ ਜੇ ਹੈਗਾ ਤਾਂ।”
ਬਾਬਾ ਅਮਲੀ ਦੀ ਗੱਲ ਸੁਣ ਕੇ ਅਮਲੀ ਨੂੰ ਘੂਰਦਾ ਬੋਲਿਆ, ”ਚੁੱਪ ਨ੍ਹੀ ਕਰਦਿਆ ਅਮਲੀਆ ਓਏ। ਚਲੋ ਉੱਠੋ ਘਰਾਂ ਨੂੰ ਤੁਰੋ।”
ਬਾਬੇ ਨੂੰ ਹਰਖਿਆ ਵੇਖ ਕੇ ਸਾਰੇ ਸੱਥ ਵਾਲੇ ਆਪੋ ਆਪਣੇ ਘਰਾਂ ਨੂੰ ਤੁਰ ਗਏ।