PM ਮੋਦੀ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਯੰਤੀ ‘ਤੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ 125ਵੀਂ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਖਰਜੀ ਨੇ ਆਪਣਾ ਜੀਵਨ ਭਾਰਤ ਦੀ ਏਕਤਾ, ਮਾਣ ਅਤੇ ਤਰੱਕੀ ਲਈ ਸਮਰਪਿਤ ਕੀਤਾ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ‘ਚ ਪੀਐੱਮ ਮੋਦੀ ਨੇ ਮੁਖਰਜੀ ਨੂੰ ਭਾਰਤ ਦੇ ਮੋਹਰੀ ਰਾਸ਼ਟਰ-ਨਿਰਮਾਤਾਵਾਂ ‘ਚੋਂ ਇਕ ਦੱਸਿਆ। ਉਨ੍ਹਾਂ ਕਿਹਾ ਕਿ ਮੁਖਰਜੀ ਦਾ ਜੀਵਨ ਸਿੱਖਿਆ, ਹਿੰਮਤ ਅਤੇ ਰਾਸ਼ਟਰੀ ਸੇਵਾ ਪ੍ਰਤੀ ਅਟੁੱਟ ਸਮਰਪਣ ਤੋਂ ਪ੍ਰੇਰਿਤ ਸੀ।
ਪੀਐੱਮ ਮੋਦੀ ਨੇ ਕਿਹਾ,”ਅੱਜ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਯੰਤੀ ‘ਤੇ ਮੈਂ ਭਾਰਤ ਦੇ ਸਭ ਤੋਂ ਅਸਾਧਾਰਨ ਰਾਸ਼ਟਰ-ਨਿਰਮਾਤਾਵਾਂ ‘ਚੋਂ ਇਕ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ… ਉਨ੍ਹਾਂ ਨੇ ਭਾਰਤ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਖਰਜੀ ਨੇ ਕਈ ਖੇਤਰਾਂ ‘ਚ ਯੋਗਦਾਨ ਪਾਇਆ। ਉਨ੍ਹਾਂ ਮੁਖਰਜੀ ਨੂੰ ਇਕ ਮਹਾਨ ਚਿੰਤਕ ਅਤੇ ਸਿੱਖਿਆ ਸ਼ਾਸਤਰੀ ਦੱਸਿਆ ਜਿਸਨੇ ਨਵੀਨਤਾ ਅਤੇ ਅਗਾਂਹਵਧੂ ਸਿੱਖਿਆ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਪਹਿਲੇ ਉਦਯੋਗ ਮੰਤਰੀ ਹੋਣ ਦੇ ਨਾਤੇ, ਮੁਖਰਜੀ ਨੇ ਰਵਾਇਤੀ ਖੇਤਰਾਂ ਅਤੇ ਰੋਜ਼ੀ-ਰੋਟੀ ਦੇ ਵਿਕਾਸ ਨੂੰ ਯਕੀਨੀ ਬਣਾਉਂਦੇ ਹੋਏ ਉਦਯੋਗਿਕ ਸਵੈ-ਨਿਰਭਰਤਾ ਦੀ ਨੀਂਹ ਰੱਖੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਾਲ ਦੇ ਅਕਾਲ ਦੌਰਾਨ ਮੁਖਰਜੀ ਦੇ ਮਾਨਵਤਾਵਾਦੀ ਯਤਨ ਦੁਖੀ ਲੋਕਾਂ ਲਈ ਉਨ੍ਹਾਂ ਦੀ ਡੂੰਘੀ ਹਮਦਰਦੀ ਨੂੰ ਦਰਸਾਉਂਦੇ ਹਨ ਅਤੇ ਸਭ ਤੋਂ ਵੱਧ ਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਅੱਜ ਵੀ ਪ੍ਰੇਰਨਾ ਦਾ ਇਕ ਸਥਾਈ ਸਰੋਤ ਹੈ। ਉਨ੍ਹਾਂ ਕਿਹਾ,”ਜਿਵੇਂ ਜਿਵੇਂ ਅਸੀਂ ‘ਵਿਕਸਤ ਭਾਰਤ’ ਵੱਲ ਆਪਣੀ ਯਾਤਰਾ ‘ਤੇ ਅੱਗੇ ਵਧਦੇ ਹਾਂ, ਉਨ੍ਹਾਂ ਦਾ ਦ੍ਰਿਸ਼ਟੀਕੋਣ ਸਾਡਾ ਮਾਰਗਦਰਸ਼ਨ ਕਰਦਾ ਰਹਿੰਦਾ ਹੈ।” ਭਾਰਤੀ ਜਨਸੰਘ ਦਾ ਨਾਂ ਬਾਅਦ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਹੋ ਗਿਆ। 6 ਜੁਲਾਈ, 1901 ਨੂੰ ਜਨਮੇ ਮੁਖਰਜੀ ਦਾ 23 ਜੂਨ 1953 ‘ਚ ਸ਼੍ਰੀਨਗਰ ‘ਚ ਹਿਰਾਸਤ ਦੌਰਾਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਧਾਰਾ 370 ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਜੰਮੂ ਅਤੇ ਕਸ਼ਮੀਰ ਦੇ ਬਾਕੀ ਭਾਰਤ ਨਾਲ ਸੰਪੂਰਨ ਏਕੀਕਰਨ ਲਈ ਮੁਹਿੰਮ ਚਲਾਈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 5 ਅਗਸਤ, 2019 ਨੂੰ ਇਸ ਧਾਰਾ ਨੂੰ ਰੱਦ ਕਰ ਦਿੱਤਾ ਸੀ।