ਅਮਰੀਕਾ ‘ਚ ਆਈਆਈਟੀ ਦੇ ਸਾਬਕਾ ਵਿਦਿਆਰਥੀਆਂ ਦੀ ਇਕ ਗ਼ੈਰ-ਲਾਭਕਾਰੀ ਸੰਸਥਾ ਦੇ ਮੁਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਆਦਮੀ ਦੀ ਨਬਜ਼ ਪਛਾਣਦੇ ਹਨ। ਉਨ੍ਹਾਂ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਅਜਿਹੇ ਮੌਲਿਕ ਬਦਲਾਅ ਕੀਤੇ ਹਨ, ਜਿਸ ਕਾਰਨ ਦੇਸ਼ ਇਕ ਵਿਕਸਿਤ ਅਰਥਵਿਵਸਥਾ ਬਣਨ ਦੀ ਦਿਸ਼ਾ ਵੱਲ ਵਧ ਰਿਹਾ ਹੈ। ‘ਵ੍ਹੀਲਜ਼ ਗਲੋਬਲ ਫਾਊਂਡੇਸ਼ਨ’ ਦੇ ਪ੍ਰਧਾਨ ਰਤਨ ਅਗਰਵਾਲ ਨੇ ਇਕ ਇੰਟਰਵਿਊ ‘ਚ ਕਿਹਾ, ”ਤੁਹਾਡੇ ਕੋਲ ਅਜਿਹੇ ਬਹੁਤ ਸਾਰੇ ਸਿਆਸਤਦਾਨ ਹੋ ਸਕਦੇ ਹਨ, ਜਿਹੜੇ ਕਹਿੰਦੇ ਕੁਝ ਹਨ ਪਰ ਉਸ ਦਾ ਮਤਲਬ ਕੁਝ ਹੋਰ ਹੀ ਹੁੰਦਾ ਹੈ। ਇਥੇ ਤੁਹਾਡੇ ਕੋਲ ਇਕ ਅਜਿਹਾ ਵਿਅਕਤੀ ਹੈ ਜਿਹੜਾ ਉਦਾਹਰਣ ਪੇਸ਼ ਕਰਦੇ ਹੋਏ ਸਰਕਾਰ ਦੀ ਅਗਵਾਈ ਕਰ ਰਿਹਾ ਹੈ ਅਤੇ ਉਸ ਦੀ ਅਗਵਾਈ, ਉਸ ਦੀ ਕਾਰਜ ਨੀਤੀ, ਉਸ ਵਲੋਂ ਦਿੱਤਾ ਗਿਆ ਹਰ ਇਕ ਕੰਮ ਹਰ ਮੰਤਰੀ, ਹਰ ਮੰਤਰਾਲੇ ਲਈ ਮਿਸਾਲੀ ਹੈ ਅਤੇ ਸਾਰੇ ਉਸ ਨੂੰ ਪੂਰੀ ਸ਼ਿੱਦਤ ਨਾਲ ਕਰ ਰਹੇ ਹਨ।”
ਉਨ੍ਹਾਂ ਨੇ ਕਿਹਾ, “ਇਹ ਤਾਂ ਕੁਝ ਖ਼ਾਸ ਗੱਲਾਂ ਹਨ। ਮੈਨੂੰ ਲੱਗਦਾ ਹੈ ਕਿ ਦੇਸ਼ ਵਿਚ ਬਹੁਤ ਤੇਜ਼ੀ ਨਾਲ ਬਦਲਾਅ ਆਇਆ ਹੈ, ਜਿਸ ਦੇ ਕਈ ਸਬੂਤ ਸਾਡੇ ਸਾਹਮਣੇ ਹਨ ਪਰ ਇਹ ਮੌਲਿਕ ਬਦਲਾਅ ਦੇਸ਼ ਨੂੰ 30, 40, 50 ਸਾਲ ਅੱਗੇ ਲੈ ਕੇ ਜਾਣਗੇ।” ਏਪੀਜੇ ਅਬਦੁਲ ਕਲਾਮ ਤੋਂ ਪ੍ਰੇਰਣਾ ਲੈ ਕੇ ਆਈਆਈਟੀ ਦੇ ਸਾਬਕਾ ਵਿਦਿਆਰਥੀਆਂ ਨੇ ‘ਵ੍ਹੀਲਜ਼ ਗਲੋਬਲ ਫਾਊਂਡੇਸ਼ਨ’ ਦੀ ਸਥਾਪਨਾ ਕੀਤੀ ਸੀ ਅਤੇ ਹੁਣ ਤੱਕ ਇਹ ਗ਼ੈਰ-ਲਾਭਕਾਰੀ ਸੰਸਥਾ ਭਾਰਤ ‘ਚ ਕਰੀਬ 30 ਪ੍ਰਾਜੈਕਟ ਸ਼ੁਰੂ ਕਰ ਚੁੱਕੀ ਹੈ, ਜਿਨ੍ਹਾਂ ਨੇ ਲੱਖਾਂ ਭਾਰਤੀਆਂ ਨੂੰ ਪ੍ਰਭਾਵਿਤ ਕੀਤਾ ਹੈ। ਅਗਰਵਾਲ ਨੇ ਕਿਹਾ, “ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਪ ਵਿਚ ਇਕ ਅਜਿਹਾ ਨੇਤਾ ਮਿਲਿਆ ਹੈ, ਜਿਹੜਾ ਜ਼ਮੀਨ ਨਾਲ ਜੁੜਿਆ ਹੋਣ ਦੇ ਨਾਲ-ਨਾਲ ਇਕ ਆਮ ਆਦਮੀ ਦੇ ਜੀਵਨ ਅਤੇ ਅੱਗੇ ਵਧਣ ਦੇ ਉਸ ਦੇ ਸੰਘਰਸ਼ ਨੂੰ ਸਮਝਦਾ ਹੈ।”
ਉੱਤਰ ਤੋਂ ਦੱਖਣ ਤੱਕ, ਪੂਰਬ ਤੋਂ ਪੱਛਮ ਤੱਕ ਦੇਸ਼ ਭਰ ਵਿਚ ਯਾਤਰਾ ਕਰਨ ਦੇ ਉਨ੍ਹਾਂ ਦੇ ਯਤਨਾਂ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ ਹੈ।” ਉਨ੍ਹਾਂ ਨੇ ਕਿਹਾ, “ਇਹ ਮੋਦੀ ਦੀ ਵਿਸ਼ੇਸ਼ਤਾ ਹੈ ਕਿ ਉਹ ਇਕ ਆਮ ਆਦਮੀ ਦੀ ਨਬਜ਼ ਨੂੰ ਕਿਵੇਂ ਸਮਝਦੇ ਹਨ, ਲੰਬੇ ਸਮੇਂ ਦੀ ਸੋਚ ਰੱਖਦੇ ਹਨ ਅਤੇ ਉਸ ਨੇ ਅਗਲੇ ਪੰਜ ਸਾਲਾਂ ਬਾਰੇ ਨਹੀਂ ਸਗੋਂ ਅਗਲੇ 50 ਸਾਲਾਂ ਬਾਰੇ ਸੋਚਣ ਦੇ ਸਮਰੱਥ ਹੋਣ ਦੇ ਮਾਮਲੇ ਵਿਚ ਕਿਵੇਂ ਕੰਮ ਕੀਤਾ ਹੈ।” ਅਗਰਵਾਲ ਨੇ ਕਿਹਾ, ”ਇਹ ਉਨ੍ਹਾਂ ਦੇ (ਮੋਦੀ) ਦੇ ਮੁੱਖ ਸੁਧਾਰਾਂ ਵਿਚ ਦਿਖਾਈ ਦਿੰਦਾ ਹੈ, ਜਿਸ ਨਾਲ ਇਕ ਅਜਿਹਾ ਬੁਨਿਆਦੀ ਢਾਂਚਾ ਤਿਆਰ ਹੋਇਆ, ਜਿਹੜਾ ਦੇਸ਼ ਨੂੰ ਹੁਣ ਇਕ ਵਿਕਸਤ ਅਰਥਵਿਵਸਥਾ ਬਣਨ ਦੀ ਰਾਹ ‘ਤੇ ਲੈ ਕੇ ਗਿਆ। ਬੁਨਿਆਦੀ ਢਾਂਚੇ ਵਿਚ ਸੁਧਾਰ ਦੀ ਕਲਪਨਾ ਦੇਸ਼ ਦੇ ਸੰਚਾਲਨ ਅਤੇ ਸੰਚਾਰ ਖੇਤਰ ਨੂੰ ਬਿਨਾਂ ਏਕੀਕ੍ਰਿਤ ਕੀਤੇ ਨਹੀਂ ਕੀਤੀ ਜਾ ਸਕਦੀ। ਦੋਵੇਂ ਮੋਰਚਿਆਂ ‘ਤੇ ਦੇਸ਼ ਹੁਣ ਹਰ ਤਿੰਨ, ਚਾਰ, ਪੰਜ ਸਾਲਾਂ ਵਿਚ ਛਾਲ ਮਾਰ ਰਿਹਾ ਹੈ।”