ਰਾਜਪਾਲ ਕਟਾਰੀਆ ਦੇ ਕਾਫ਼ਲੇ ਨਾਲ ਹਾਦਸਾ, ਇਨੋਵਾ-ਐਂਬੂਲੈਂਸ ਵਿਚਾਲੇ ਭਿਆਨਕ ਟੱਕਰ

ਸਮਰਾਲਾ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਕਾਫ਼ਲੇ ਨਾਲ ਸੋਮਵਾਰ ਸਵੇਰੇ ਇਕ ਹਾਦਸਾ ਵਾਪਰ ਗਿਆ। ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਰਾਜਪਾਲ ਦੇ ਕਾਫ਼ਲੇ ’ਚ ਇਨੋਵਾ ਕਾਰ ਦਾਖ਼ਲ ਹੋ ਗਈ। ਇਸ ਤੋਂ ਬਾਅਦ ਪਿੱਛਿਓਂ ਆ ਰਹੀ ਐਂਬੂਲੈਂਸ ਦੀ ਉਸ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ 2 ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਕਾਫ਼ਲਾ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ।
ਜਦੋਂ ਕਾਫ਼ਲਾ ਸਮਰਾਲਾ ਨੇੜੇ ਘੁਲਾਲ ਟੋਲ ਪਲਾਜ਼ਾ ’ਤੇ ਵੀ. ਆਈ. ਪੀ. ਲੇਨ ਰਾਹੀਂ ਲੰਘ ਰਿਹਾ ਸੀ ਤਾਂ ਅਚਾਨਕ ਇਕ ਇਨੋਵਾ ਕਾਰ ਕਾਫ਼ਲੇ ’ਚ ਦਾਖ਼ਲ ਹੋ ਗਈ। ਇਸ ਦੌਰਾਨ ਕਾਫ਼ਲੇ ’ਚ ਸ਼ਾਮਲ ਸਰਕਾਰੀ ਐਂਬੂਲੈਂਸ ਦੇ ਚਾਲਕ ਨੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਕੰਟਰੋਲ ਨਹੀਂ ਰੱਖ ਸਕਿਆ ਅਤੇ ਐਂਬੂਲੈਂਸ ਇਨੋਵਾ ਨਾਲ ਜਾ ਟਕਰਾਈ। ਹਾਦਸੇ ’ਚ ਐਂਬੂਲੈਂਸ ’ਚ ਸਵਾਰ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਈ. ਐੱਮ. ਟੀ.) ਗੁਰਜੰਟ ਸਿੰਘ ਵਾਸੀ ਤਰਨਤਾਰਨ ਅਤੇ ਇਨੋਵਾ ਕਾਰ ’ਚ ਸਵਾਰ ਗੁਰਜੀਤ ਕੌਰ ਵਾਸੀ ਲੁਧਿਆਣਾ ਜ਼ਖ਼ਮੀ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸਮਰਾਲਾ ਭੇਜਿਆ ਗਿਆ। ਘਟਨਾ ਤੋਂ ਬਾਅਦ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।