ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1487

ਕੁਝ ਲੋਕ ਕੁਝ ਨਹੀਂ ਤੋਂ ਕੁਝ ਵੀ ਬਣਾਉਣ ਦੇ ਕਾਬਿਲ ਹੁੰਦੇ ਨੇ। ਅਤੇ ਦੂਸਰੇ, ਇੰਝ ਜਾਪਦੈ, ਜਿਵੇਂ ਕਿਸੇ ਵੀ ਚੀਜ਼ ‘ਚੋਂ ਕੁਝ ਨਹੀਂ ਬਣਾ ਸਕਦੇ। ਇਨ੍ਹਾਂ ਦੋਹਾਂ ਤਰ੍ਹਾਂ ਦੇ ਲੋਕਾਂ ਦੇ ਆਪੋ-ਆਪਣੇ ਗੁਣ ਹੁੰਦੇ ਨੇ। ਕਈ ਅਜਿਹੇ ਵੇਲੇ ਹੁੰਦੇ ਹਨ ਜਦੋਂ ਸਾਨੂੰ ਲੋਕਾਂ ਦੀ ਤਵੱਜੋ ਭਟਕਾਉਣ ਦੀ ਲੋੜ ਪੈਂਦੀ ਹੈ, ਅਤੇ ਉਨ੍ਹਾਂ ਮੁੱਦਿਆਂ ਨੂੰ ਇੱਕ ਮਖੌਟਾ ਪਹਿਨਾਉਣ ਦੀ ਵੀ ਜਿਹੜੇ ਅਸੀਂ ਨਹੀਂ ਚਾਹੁੰਦੇ ਕਿ ਦੂਜੇ ਦੇਖਣ। ਫ਼ਿਰ ਇੱਕ ਅਜਿਹਾ ਵਕਤ ਵੀ ਆਉਂਦੈ ਜਦੋਂ ਥੋੜ੍ਹੇ ਜਿੰਨੇ ਧੂੰਏਂ ਅਤੇ ਦੋ ਕੁ ਸ਼ੀਸ਼ਿਆਂ ਨਾਲ, ਅਸੀਂ ਇੱਕ ਛੋਟੀ ਜਿਹੀ ਗੱਲ ਨੂੰ ਬਹੁਤ ਵੱਡਾ ਦਿਖਾਉਣ ਦੇ ਕਾਬਿਲ ਬਣ ਜਾਂਦੇ ਹਾਂ। ਸੋ, ਸਫ਼ਲਤਾ ਹਾਸਿਲ ਕਰਨ ਦਾ ਇਸ ਵਕਤ ਤੁਹਾਡਾ ਫ਼ਾਰਮੂਲਾ ਕੀ ਹੈ? ਉਹ ਹੈ: ਜੋ ਕੁਝ ਵੀ ਤੁਸੀਂ ਦੇਖਣਾ ਚਾਹੁੰਦੇ ਹੋ, ਉਸ ਨੂੰ ਜਿੰਨੀ ਵੀ ਸਖ਼ਤ ਮਿਹਨਤ ਤੁਸੀਂ ਕਰਨਾ ਚਾਹੁੰਦੇ ਹੋ ਨਾਲ ਜ਼ਰਬ ਕਰੋ।

ਇੱਕ ਪੁਰਾਣੀ ਕਹਾਵਤ ਹੈ, ਹੱਸੋ ਅਤੇ ਸਾਰਾ ਸੰਸਾਰ ਤੁਹਾਡੇ ਨਾਲ ਹੱਸਦੈ … ਰੋਵੋ ਅਤੇ ਤੁਸੀਂ ਖ਼ੁਦ ਨੂੰ ਇਕੱਲੇ ਪਾਓਗੇ। ਦਰਅਸਲ, ਮੇਰੀ ਜਾਚੇ, ਜਿੰਨਾ ਅਸੀਂ ਸਾਰੇ ਸੋਚਦੇ ਹਾਂ, ਲੋਕ ਦੂਸਰਿਆਂ ਦੀਆਂ ਭਾਵਨਾਵਾਂ ਪ੍ਰਤੀ ਉਸ ਤੋਂ ਕਿਤੇ ਵੱਧ ਸੰਵੇਦਨਸ਼ੀਲ ਹੁੰਦੇ ਨੇ। ਜਿੱਦਾਂ ਅਸੀਂ ਸੜਕ ‘ਤੇ ਤੁਰੇ ਜਾਂਦੇ ਅਣਜਾਣ ਲੋਕਾਂ ਨੂੰ ਉਬਾਸੀਆਂ ਲੈਂਦੇ ਦੇਖ ਕੇ ਖ਼ੁਦ ਵੀ ਉਬਾਸੀ ਲੈਣੀ ਸ਼ੁਰੂ ਕਰ ਦਿੰਦੇ ਹਾਂ, ਓਦਾਂ ਹੀ ਅਸੀਂ ਉਸ ਵਕਤ ਚਿੜਚਿੜੇ ਬਣ ਜਾਂਦੇ ਹਾਂ ਜਦੋਂ ਅਸੀਂ ਭੈੜੇ ਰਵੱਈਏ ਵਾਲੀਆਂ ਸ਼ਖ਼ਸੀਅਤਾਂ ਨੂੰ ਮਿਲਦੇ ਹਾਂ। ਅਤੇ ਜਦੋਂ ਸਾਡਾ ਸਾਹਮਣਾ ਦਿਲਕਸ਼ ਲੋਕਾਂ ਨਾਲ ਹੁੰਦੈ, ਅਸੀਂ ਵੀ ਉਨ੍ਹਾਂ ਪ੍ਰਤੀ ਓਹੋ ਜਿਹਾ ਹੀ ਮਨਮੋਹਕ ਵਤੀਰਾ ਅਪਨਾ ਲੈਂਦੇ ਹਾਂ। ਤੁਹਾਡਾ ਮੂਡ ਇਸ ਵਕਤ ਕਿਸੇ ਖ਼ਾਸ ਵਿਅਕਤੀ ਤੋਂ ਪ੍ਰਭਾਵਿਤ ਹੋ ਰਿਹੈ, ਅਤੇ ਬਦਲੇ ‘ਚ, ਤੁਸੀਂ ਵੀ ਦੂਸਰੇ ਵਿਅਕਤੀਆਂ ‘ਤੇ ਆਪਣਾ ਪ੍ਰਭਾਵ ਛੱਡ ਰਹੇ ਹੋ। ਕਿਰਪਾ ਕਰ ਕੇ ਇਹ ਗੱਲ ਚੇਤੇ ਰੱਖਿਓ।

ਸਾਡੀਆਂ ਆਸਾਂ ਅਤੇ ਸਾਡੀ ਸਵੈ ਦੀ ਪਛਾਣ ਚੁਪਚਪੀਤੇ ਸਾਡੀਆਂ ਸੋਚਾਂ ਅਤੇ ਭਾਵਨਾਵਾਂ ਨੂੰ ਤਰਾਸ਼ਦੀਆਂ ਰਹਿੰਦੀਆਂ ਹਨ। ਬਦਲੇ ‘ਚ ਉਹ ਸਾਡੀ ਵਿੱਦਿਆ, ਪਰਵਰਿਸ਼, ਜੀਵਨ ਦੇ ਤਜਰਬੇ, ਅਤੇ ਜਿਨ੍ਹਾਂ ਲੋਕਾਂ ਨਾਲ ਅਸੀਂ ਰਹਿੰਦੇ, ਕੰਮ ਕਰਦੇ ਜਾਂ ਉਠਦੇ-ਬੈਠਦੇ ਹਾਂ, ਤੋਂ ਪ੍ਰਭਾਵਿਤ ਹੁੰਦੇ ਨੇ। ਇਸ ਸਭ ਤੋਂ ਵੀ ਵੱਧ, ਸਾਨੂੰ ਨਜਿੱਠਣਾ ਪੈਂਦੈ ਉਸ ਇਸ਼ਤਿਹਾਰਬਾਜ਼ੀ ਨਾਲ ਜਿਸ ਦਾ ਸਾਹਮਣਾ ਅਸੀਂ ਨਿੱਤ ਕਰਦੇ ਹਾਂ, ਸਾਡੇ ਸਾਥੀਆਂ ਦੇ ਉਸ ਦਬਾਅ ਨਾਲ ਜੋ ਸਾਡੇ ‘ਤੇ ਪਾਇਆ ਜਾਂਦੈ ਅਤੇ ਉਨ੍ਹਾਂ ਰੋਮੈਂਟਿਕ ਕਲਪਨਾਵਾਂ ਨਾਲ ਜਿਨ੍ਹਾਂ ਦੇ ਬੀਜ ਕਿਤਾਬਾਂ ਅਤੇ ਮੂਵੀਆਂ ਸਾਡੇ ਦਿਮਾਗ਼ਾਂ ‘ਚ ਬੀਜ ਜਾਂਦੀਆਂ ਹਨ। ਇਸ ਸਭ ਤੋਂ ਤੁਸੀਂ ਜਿੰਨਾ ਜ਼ਿਆਦਾ ਦੂਰ ਜਾ ਸਕਦੇ ਹੋ, ਜਾਓ। ਖ਼ੁਦ ਨੂੰ ਇਹ ਪੁੱਛੋ ਕਿ ਸੱਚਮੁੱਚ ਤੁਸੀਂ ਚਾਹੁੰਦੇ ਕੀ ਹੋ। ਅਤੇ ਜੋ ਤੁਸੀਂ ਚਾਹੁੰਦੇ ਹੋ, ਤੁਸੀਂ ਇਸ ਵਕਤ ਉਸ ਦੇ ਹੋਰ ਵੀ ਲਾਗੇ ਪਹੁੰਚ ਜਾਵੋਗੇ।

ਕੁਝ ਸਥਿਤੀਆਂ ‘ਚ, ਅਸੀਂ ਕੋਈ ਵੀ ਕਸਰ ਛੱਡਣਾ ਨਹੀਂ ਚਾਹੁੰਦੇ। ਹਰ ਇੱਕ ਚੋਣ ਨੂੰ ਪਰਖਣਾ ਜ਼ਰੂਰੀ ਹੋ ਜਾਂਦੈ। ਜੋ ਕੁਝ ਵੀ ਕੀਤਾ ਜਾ ਸਕਦਾ ਹੈ, ਉਹ ਕੀਤਾ ਜਾਣਾ ਚਾਹੀਦੈ। ਅਜਿਹੇ ਹਾਲਾਤ ‘ਚ, ਸਭ ਤੋਂ ਦੂਰਗਾਮੀ ਸੰਭਾਵਨਾ ਵੀ ਤਫ਼ਤੀਸ਼ ਕੀਤੇ ਜਾਣਯੋਗ ਹੁੰਦੀ ਹੈ। ਪਰ, ਫ਼ਿਰ ਵੀ, ਕੁਝ ਹੱਦ ਤਕ ਪ੍ਰਾਥਮਿਕਤਾਵਾਂ ਦੀ ਵੀ ਇੱਕ ਤਰਤੀਬ ਹੋਣੀ ਲਾਜ਼ਮੀ ਹੈ। ਕੁਝ ਚੀਜ਼ਾਂ, ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਦੂਸਰੀਆਂ ਨਾਲੋਂ ਵੱਡਾ ਫ਼ਰਕ ਪਾ ਸਕਦੀਆਂ ਹਨ। ਉਨ੍ਹਾਂ ਨਾਲ ਪਹਿਲਾਂ ਸਿੱਝੋ। ਪ੍ਰਤੱਖ ਸਥਾਨ ਤੋਂ ਸ਼ੁਰੂਆਤ ਕਰੋ, ਪਰ ਓਦੋਂ ਤਕ ਨਾ ਰੁੱਕਿਓ ਜਦੋਂ ਤਕ ਤੁਸੀਂ ਖ਼ੁਦ ਨੂੰ ਓਨੀ ਦੂਰ ਜਾਣ ਦੀ ਇਜਾਜ਼ਤ ਨਹੀਂ ਦੇ ਦਿੰਦੇ ਜਿੱਥੋਂ ਤਕ ਜਾਣ ਦੀ ਤੁਹਾਨੂੰ ਇਸ ਵਕਤ ਲੋੜ ਹੈ।

ਫ਼ੌਜੀ ਬੂਟ ਪਾ ਕੇ ਬੈਲੇ ਡਾਂਸ ਕਰਨਾ ਔਖਾ ਹੁੰਦਾ ਹੈ। ਕਈ ਵਾਰ, ਸੁਰੱਖਿਅਤ ਮਹਿਸੂਸ ਕਰਨ ਦੀ ਸਾਡੀ ਭਾਵਨਾ ਤੋਂ ਹੀ ਸਾਡੀ ਰੱਖਿਆ ਕੀਤੇ ਜਾਣ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਖ਼ੁਦ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਸਾਰੀਆਂ ਰਖਿਆਤਮਕ ਵਿਧੀਆਂ ਕਾਇਮ ਕਰ ਲਈਏ ਤਾਂ ਅਸੀਂ ਜੀਵਨ ਦੀਆਂ ਹਲਕੀਆਂ-ਫ਼ੁਲਕੀਆਂ ਅਤੇ ਚਮਕਦਾਰ ਚੁਣੌਤੀਆਂ ਦਾ ਜਵਾਬ ਦੇਣ ਦੀ ਆਪਣੀ ਆਜ਼ਾਦੀ ਗੁਆ ਬੈਠਦੇ ਹਾਂ। ਤੁਹਾਨੂੰ ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਬਨਿਸਬਤਨ ਕੁਝ ਦਿਲਚਸਪ ਅਤੇ ਵੱਖਰਾ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ – ਅਤੇ ਉਹ ਵੀ ਕੇਵਲ ਇੱਕ ਜਾਦੂਈ ਪਲ ਦੀ ਪ੍ਰੇਰਨਾ ‘ਤੇ। ਇਸ ਮੌਕੇ ਦਾ ਪੂਰਾ ਲਾਹਾ ਖੱਟਣ ਲਈ, ਤੁਹਾਨੂੰ ਇੱਕ ਪੁਰਾਣੀ ਯੋਜਨਾ ਨਾਲ ਚਿਪਕੇ ਰਹਿਣ ਦਾ ਆਪਣੇ ਲਾਲਚ ‘ਤੇ ਕਾਬੂ ਪਾਉਣਾ ਪੈਣੈ। ਸੁਧਾਰ ਕਰਨ ਲਈ ਤਿਆਰ ਰਹੋ।