ਡਾ. ਕੇਵਲ ਅਰੋੜਾ
94176 – 95299
ਡਾਕਟਰ ਤੇਰੇ ਇੱਕ ਗੇੜੇ ਨੇ
ਸਰੂਪ ਸਿੰਘ ਸਾਡੇ ਇਲਾਕੇ ਦਾ ਸਰਦਾ ਪੁੱਜਦਾ ਸਰਦਾਰ। ਸਦਾ ਤਿਆਰ ਸ਼ਿਆਰ ਹੋ ਕੇ ਅੰਦਰ ਬਾਹਰ ਜਾਣਾ। ਮਿਲਣ ਗਿਲਣ ਦਾ ਸ਼ੌਂਕੀ। ਕਈ ਵਾਰ ਲੰਘਦੇ ਟੱਪਦੇ ਮੇਰੇ ਕੋਲ ਆ ਬਹਿਣਾ। ਪਿੰਡ ਦੇ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਸੁਣਾਉਂਦੇ ਰਹਿਣਾ ਕਿ ਕਿਵੇਂ ਲਹੌਰ ਸ਼ਹਿਰ ‘ਚ ਉਹਨਾਂ ਦੀ ਠੁੱਕ ਬਣੀ ਹੋਈ ਸੀ। ਕੌਣ ਕੌਣ ਲਹੌਰ ਦੇ ਕਾਲਜ ‘ਚ ਪੜ੍ਹੇ। ਕਿਸ ਤਰਾਂ ਹਰ ਘਰ ਕੋਲ 20-20 ਗਊਆਂ ਅਤੇ ਘੋੜੀਆਂ ਰੱਖੀਆਂ ਹੋਈਆ ਸੀ।
ਉਸ ਦੇ ਪਿੰਡ ਨੂੰ ਸੜਕ ਮੇਰੇ ਹਸਪਤਾਲ ਦੇ ਅੱਗੋਂ ਦੀ ਜਾਂਦੀ ਸੀ ਅਤੇ ਸਾਡੀ ਚੰਗੀ ਲਿਹਾਜ਼ ਬਣ ਗਈ। ਇੱਕ ਦਿਨ ਸਵੇਰੇ 10 ਕੁ ਵਜੇ ਉਸ ਦੀ ਜੀਪ ਮੇਰੇ ਹਸਪਤਾਲ ਅੱਗੇ ਆ ਕੇ ਰੁਕ ਗਈ, ਮੈਂ ਵੀ ਹਸਪਤਾਲ ‘ਚ ਜਾਨਵਰ ਦੇਖਣ ‘ਚ ਰੁੱਝਾ ਹੋਇਆ ਸੀ, ”ਬਹਿ ਜਾ ਸਰੂਪ ਸਿਆਂ, ਕੰਮ ਕਰ ਲਵਾਂ ਫ਼ੇਰ ਗੱਲਾਂ ਬਾਤਾਂ ਕਰਾਂਗੇ, ”ਮੈਂ ਸਹਿਜ ਸੁਭਾਅ ਆਖਿਆ।
”ਨਹੀਂ ਡਾਕਟਰ ਸਾਹਿਬ, ਅੱਜ ਮੈਂ ਬਹਿਣ ਨਹੀਂ ਤੁਹਾਨੂੰ ਲੈਣ ਆਇਆ ਹਾਂ, ਆਪਾਂ ਵੀ ਇੱਕ ਗਾਂ ਘਰ ਦੁੱਧ ਵਾਸਤੇ ਰੱਖੀ ਆ ਬੀਮਾਰ ਹੋ ਗਈ, ਪਹਿਲਾਂ ਪੱਠੇ ਛੱਡ ਗਈ ਹੁਣ ਦੁੱਧ ਵੀ ਘਟ ਚੱਲੀ ਆ, ਪਿੰਡੋਂ ਗੋਲੀਆਂ ਲੈ ਕੇ ਦਿੱਤੀਆਂ ਨੇ ਕੋਈ ਫ਼ਰਕ ਨਹੀਂ ਪਿਆ, ਸਰਦਾਰਨੀ ਕਾਹਲੀ ਪਈ ਜਾਂਦੀ ਆ ਕੇ ਜਾ ਡਾਕਟਰ ਨੂੰ ਲਿਆ ਨਾਲੇ ਤੇਰਾ ਬੇਲੀ ਵੀ ਆ।”
”ਕੋਈ ਗੱਲ ਨਹੀਂ ਬਾਈ ਜੀ ਆਹ ਜਾਨਵਰ ਤੋਰ ਕੇ ਚੱਲਦੇ ਆਂ ਤੁਸੀਂ ਦਫ਼ਤਰ ‘ਚ ਬੈਠੋ।”
ਕੰਮ ਮੁਕਾ ਕੇ ਅਸੀਂ ਉਹਨਾਂ ਦੇ ਘਰ ਪਹੁੰਚ ਗਏ। ਸਰਦਾਰਨੀ ਵੀ ਆ ਗਈ ਗਾਂ ਕੋਲ। ਸਾਰਾ ਹਾਲ ਸੁਣਾਉਣ ਲੱਗੀ, ”ਵੀਰ ਜੀ ਮਸਾਂ ਭੇਜਿਆ ਤੁਹਾਡੇ ਕੋਲ, ਮੈ ਕਿਹਾ ਜੇ ਤੂੰ ਨਹੀਂ ਜਾਂਦਾ ਤਾਂ ਮੈਂ ਲੈ ਕੇ ਆਉਣੀ ਆਂ, ਉਸ ਦੇ ਪੇਕੇ ਵੀ ਸਾਡੇ ਪਿੰਡਾਂ ‘ਚ ਸਨ ਇਸ ਲਈ ਇਲਾਕੇ ਦੀ ਮੇਰ ਵੀ ਹੁੰਦੀ ਹੈ, ਚਲੋ ਅਸੀਂ ਗਾਂ ਦਾ ਇਲਾਜ ਕੀਤਾ ਤੇ ਚਾਹ ਪੀਣ ਬਹਿ ਗਏ।”
ਗੱਲਾਂ ਕਰਦੇ ਮੈਂਨੂੰ ਵੀ ਇੱਕ ਗੱਲ ਸੁੱਝ ਗਈ ਅਤੇ ਕਿਹਾ, ”ਭੈਣ ਜੀ, ਫ਼ਿਕਰ ਨਾ ਕਰੋ, ਗਾਂ ਤਾਂ ਠੀਕ ਹੋ ਜੂ ਪਰ ਇਹਨਾਂ ਸਰਦਾਰਾਂ ਦੇ ਸੁਭਾਅ ਦਾ ਤੁਸੀਂ ਅਜੇ ਭੇਤ ਨਹੀਂ ਪਾਇਆ … ਤੁਸੀਂ ਗਾਂ ਦੀ ਗੱਲ ਕਰਦੇ ਹੋ ਇਹ ਲਾਣਾ ਤਾਂ ਬਹੁਤੀ ਬਿਮਾਰ ਜ਼ਨਾਨੀ ਨੂੰ ਵੀ ਦਵਾਈ ਨਹੀਂ ਸੀ ਦੁਆਉਂਦੇ ਕਿ ਪਤਾ ਨਹੀਂ ਬਚੂ ਕੇ ਨਾ ਬਚੂ ਵਿਆਹ ਹੀ ਹੋਰ ਕਰਵਾ ਲੈਣੇ ਆਂ।” ਇਹ ਸੁਣ ਕੇ ਸਰੂਪ ਸਿੰਘ ਮੁਸ਼ਕਰੀਆਂ ਹੱਸਿਆ, ”ਗੱਲ ਸੱਚੀ ਆ ਵੀਰ ਜੀ ਤੁਹਾਡੀ ਜਦੋਂ ਕਦੇ ਮਾੜੀ ਮੋਟੀ ਢਿੱਲ ਹੋ ਜਾਵੇ ਮੈਨੂੰ ਵੀ ਇਹ ਪੇਕੇ ਛੱਡ ਆਉਂਦੇ ਆ ਕਿ ਜਾ ਕੇ ਮੁਕਸਰੋਂ ਦਵਾਈ ਲੈ ਆਵੀਂ ਬਾਂਸਲ ਕਿਆਂ ਤੋਂ, ਵੀਰ ਜੀ ਡਾ. ਬਾਂਸਲ ਕੇ ਮੇਰੇ ਪੇਕੇ ਪਰਿਵਾਰ ਨਾਲ ਬਹੁਤ ਗੇੜ ਰੱਖਦੇ ਆ, ਹੁਣ ਤਾਂ ਉਹਨਾਂ ਦਾ ਮੁੰਡਾ ਵੀ ਅਪਰੇਸ਼ਨਾਂ ਦਾ ਕੋਰਸ ਕਰ ਕੇ ਆ ਗਿਆ, ਚੰਗੀ ਮਸ਼ਹੂਰੀ ਹੈ ਉਸ ਦੀ, ਤੂੰ ਗਾਂ ਦੀ ਗੱਲ ਕਰਦੀ ਏ, ਇੱਕ ਵਾਰ ਤਾਂ ਹਾਸਾ ਪੈ ਗਿਆ ਫ਼ਿਰ ਸਰਦਾਰਨੀ ਗੰਭੀਰ ਹੋ ਗਈ, ਵੀਰ ਜੀ ਤੁਹਾਡੀ ਗੱਲ ਸੋਲਾਂ ਆਪਣੇ ਸੱਚੀ ਆ, ਇਹਨਾਂ ਦੇ ਅੱਧੇ ਬੁੜਿਆਂ ਦੇ ਤਿੰਨ ਤਿੰਨ ਚਾਰ ਵਿਆਹ ਕਰਵਾਏ ਸੀ, ਸੋ ਭੈਣ ਜੀ ਮਾੜੀ ਮੋਟੀ ਬਿਮਾਰੀ ਤਾਂ ਸੌਂਫ਼, ਅਜਵੈਣ ਮੋਟੀ ਇਲਾਚੀ ਨਾਲ ਆਪ ਹੀ ਠੀਕ ਕਰ ਲਵੋ, ਬਾਕੀ ਕਦੇ ਕਦੇ ਪੇਕੀਂ ਜਾ ਕੇ ਦਵਾਈ ਲੈ ਲਿਆ ਕਰੋ ਗਊ ਨਾਲ਼ੋਂ ਅਪਣਾ ਫ਼ਿਕਰ ਰੱਖਿਆ ਕਰੋ।” ਮੈਂ ਹੱਸਦਾ ਹੋਇਆ ਬੋਲਿਆ, ”ਗਾਂ ਠੀਕ ਹੋ ਗਈ ਦੁੱਧ ਵੀ ਪੂਰਾ ਕਰ ਆਈ।”
ਮਹੀਨੇ ਕੁ ਪਿੱਛੋਂ ਸਰੂਪ ਸਿੰਘ ਫ਼ੇਰ ਆ ਗਿਆ, ”ਬਾਈ ਜੀ ਸੁੱਖ-ਸਾਂਦ ਹੈ?” ਮੈਂ ਪੁੱਛਿਆ।
”ਡਾਕਟਰ ਸਾਹਿਬ ਤੇਰੇ ਇੱਕ ਗੇੜੇ ਨੇ ਸਾਡੇ ਦੋ ਮਰੀਜ਼ ਠੀਕ ਕਰ ਦਿੱਤੇ।” ਹੁਣ ਤਾਂ ਸਰਦਾਰਨੀ ਨੇ ਵੀ ਮਹੀਨਾ ਹੋ ਗਿਆ ਕੋਈ ਦਵਾਈ ਨਹੀਂ ਮੰਗਵਾਈ, ਪਤੰਦਰਾਂ ਤਾਂ ਹੀ ਲੋਕ ਤੈਨੂੰ ਇਲਾਕੇ ‘ਚ ਪੀਰਾਂ ਵਾਂਗੂੰ ਮੰਨਦੇ ਆ, ਤੇਰੀ ਬਦਲੀ ਨਹੀਂ ਹੋਣ ਦੇਣੀ ਛੇਤੀ ਕਿਤੇ … ਕਿਸੇ ਗਰੀਬ ਅਮੀਰ ਨੂੰ ਓਪਰਾ ਨਹੀਂ ਲੱਗਦਾ, ਸ਼ਹਿਰ ਜਾ ਆਵਾਂ ਫ਼ੇਰ ਕਿਸੇ ਦਿਨ ਬੈਠਾਂਗੇ ਤੁਹਾਡੇ ਕੋਲ।”
ਸਰੂਪ ਸਿੰਘ ਨੇ ਜੀਪ ਸਟਾਰਟ ਕੀਤੀ ਤੇ ਸ਼ਹਿਰ ਵੱਲ ਨੂੰ ਹੋ ਤੁਰਿਆ …















