ਲੋਕ ਸੋਚਦੇ ਹਨ ਕਿ ਕਾਸ਼ ‘ਇਹ’ ਹੋ ਜਾਂਦਾ ਜਾਂ ‘ਉਹ’ ਹੋ ਜਾਂਦਾ ਤਾਂ ਸ਼ਾਇਦ ਉਹ ਖ਼ੁਸ਼ ਹੁੰਦੇ। ‘ਇਹ’ ਜਾਂ ‘ਉਹ’ ਦੋਹੇਂ ਲਗਭਗ ਅਪ੍ਰਸੰਗਿਕ ਹਨ। ਇਹ ਤਾਂ ‘ਜੇਕਰ’ ਹੈ ਜਿਸ ‘ਤੇ ਸਾਨੂੰ ਨੇੜਿਓਂ ਨਜ਼ਰ ਰੱਖਣ ਦੀ ਲੋੜ ਹੈ। ਭਾਵੇਂ ਤੁਸੀਂ ਲਾਟਰੀ ਜਿੱਤਣ ਦੀ ਉਮੀਦ ਕਰ ਰਹੇ ਹੋਵੋ ਜਾਂ ਸਮੇਂ ਸਿਰ ਬੱਸ ਆਉਣ ਦੀ, ਭਾਵੇਂ ਤੁਸੀਂ ਚਾਹੁੰਦੇ ਹੋਵੋ ਕਿ ਕੋਈ ਤੁਹਾਨੂੰ ਸਵੇਰ ਵੇਲੇ ਗੁਡ ਮੌਰਨਿੰਗ ਕਹੇ ਜਾਂ ਤੁਹਾਨੂੰ ਦੱਸੇ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ, ਸੱਚਾਈ ਤਾਂ ਇਹੋ ਹੈ ਕਿ ਤੁਸੀਂ ਕੁਝ ਚਾਹੁੰਦੇ ਹੋ, ਅਤੇ ਤੁਸੀਂ ਆਪਣੀ ਖ਼ੁਸ਼ੀ ਉਸ ਸ਼ਰਤ ਦੀ ਪੂਰਤੀ ‘ਤੇ ਨਿਰਭਰ ਕਰ ਰਹੇ ਹੋ। ਹੁਣ ਆਪਣੀ ਨਿੱਜੀ ਜ਼ਿੰਦਗੀ ‘ਚ ਖ਼ੁਦ ਨੂੰ ਕਿਸੇ ਫ਼ਿਰੌਤੀ ਜਾਂ ਜਬਰੀ ਵਸੂਲੀ ਦੇ ਆਸਰੇ ‘ਤੇ ਨਾ ਛੱਡੋ।
ਦਲੀਲਾਂ ਜਿੱਤਣ ਵਾਲੇ ਲੋਕ ਅਕਸਰ ਉਹ ਹੁੰਦੇ ਹਨ ਜੋ ਜੀਵਨ ‘ਚ ਹਾਰੇ ਹੋਏ ਕਹਿਲਾਉਂਦੇ ਹਨ! ਅਸਲੀ ਜੇਤੂ ਛੋਟੇ-ਮੋਟੇ ਅੰਕੜਿਆਂ ‘ਚ ਜਿੱਤਾਂ ਹਾਸਿਲ ਕਰਨ ‘ਚ ਆਪਣੀ ਕੀਮਤੀ ਊਰਜਾ ਬਰਬਾਦ ਕਰਨ ਨਾਲੋਂ ਬਿਹਤਰ ਜਾਣਦੇ ਨੇ। ਉਨ੍ਹਾਂ ਨੂੰ ਇਸ ਗੱਲ ਦੀ ਸਪੱਸ਼ਟ ਸਮਝ ਹੁੰਦੀ ਹੈ ਕਿ ਤਰਕਸ਼ੀਲ ਜ਼ਿੱਦ ਨਾਲ ਬੌਧਿਕ ਵਿਰੋਧ ਦੇ ਦਰਵਾਜ਼ਿਆਂ ਨੂੰ ਬਾਰ-ਬਾਰ ਖੜਕਾਉਣ ਨਾਲੋਂ ਸਹਿਮਤੀ ‘ਤੇ ਨਿਰਮਾਣ ਕਰਨਾ ਕਿੰਨੀ ਜ਼ਿਆਦਾ ਸੂਝਵਾਨ ਗੱਲ ਹੈ। ਆਸਮਾਨ ਤੁਹਾਨੂੰ ਮਹੱਤਵਪੂਰਣ ਸਫ਼ਲਤਾਵਾਂ ਪ੍ਰਦਾਨ ਕਰ ਸਕਦਾ ਹੈ ਬਸ਼ਰਤੇ ਤੁਸੀਂ ਹੇਠ ਦਿੱਤੇ ਸਿਧਾਂਤ ਦਾ ਸਤਿਕਾਰ ਕਰਦੇ ਰਹੋ: ਮਤਭੇਦਾਂ, ਵਿਵਾਦਾਂ ਅਤੇ ਅਸਹਿਮਤੀ ‘ਤੇ ਧਿਆਨ ਕੇਂਦ੍ਰਿਤ ਨਾ ਕਰੋ। ਉਸ ਦੀ ਬਜਾਏ ਸਾਂਝੇ ਬਿੰਦੂਆਂ ਅਤੇ ਸਹਿਯੋਗ ਕਰਨ ਦੇ ਕਾਰਨਾਂ ਦੀ ਭਾਲ ਕਰੋ।
“ਹਮੇਸ਼ਾ-ਹਮੇਸ਼ਾ ਲਈ ਖ਼ੁਸ਼” ਰਹਿਣ ਵਾਲੇ ਵਾਕ ਕੇਵਲ ਬਿਰਤਾਂਤਕ ਯੰਤਰ ਹਨ – ਇਹ ਕਿਸੇ ਕਹਾਣੀਕਾਰ ਦਾ ਸਿਰਫ਼ ਇਹ ਕਹਿਣ ਦਾ ਇੱਕ ਤਰੀਕਾ ਹੁੰਦੈ, “ਸੱਜਣੋ, ਹੁਣ ਲਈ ਬੱਸ ਇੰਨਾ ਹੀ।” ਜਿੰਨਾ ਚਿਰ ਜ਼ਿੰਦਗੀ ਚੱਲਦੀ ਹੈ, ਪਰੀ ਕਹਾਣੀਆਂ ਚੱਲਦੀਆਂ ਰਹਿੰਦੀਆਂ ਹਨ, ਚੁਣੌਤੀਆਂ ਆਉਂਦੀਆਂ ਰਹਿੰਦੀਆਂ ਹਨ ਅਤੇ ਟਕਰਾਅ ਪੈਦਾ ਹੁੰਦੇ ਰਹਿੰਦੇ ਨੇ। ਇਸ ਲਈ ਜੇਕਰ ਅਸੀਂ ਸਦੀਵੀ ਖ਼ੁਸ਼ੀ ਦਾ ਸੱਚਾ ਸੁਆਦ ਚਾਹੁੰਦੇ ਹਾਂ ਤਾਂ ਸਾਡਾ ਇੱਕੋ ਇੱਕ ਵਿਕਲਪ ਇਹ ਹੈ ਕਿ ਅਸੀਂ ਦਰਪੇਸ਼ ਮੌਜੂਦਾ ਪਰੇਸ਼ਾਨੀਆਂ ਦਾ ਸਵਾਗਤ ਉਸ ਕਿਸਮ ਦੇ ਦਾਰਸ਼ਨਿਕ ਆਤਮ-ਸੰਜਮ ਨਾਲ ਕਰੀਏ ਜੋ ਨਿਮਰਤਾਪੂਰਵਕ ਸ਼ੁਕਰਗੁਜ਼ਾਰੀ ‘ਤੇ ਨਿਰਭਰ ਕਰਦਾ ਹੋਵੇ! ਹੋ ਸਕਦੈ ਕਿ ਉਹ ਸੰਪੂਰਣ ਨਾ ਹੋਵੇ, ਪਰ ਘੱਟੋ ਘੱਟ ਇਹ ਜ਼ਿੰਦਗੀ ਤਾਂ ਹੈ! ਇਸੇ ਨੂੰ ਆਪਣਾ ਸ਼ੁਰੂਆਤੀ ਬਿੰਦੂ ਬਣਾਓ, ਅਤੇ ਤੁਹਾਡੇ ਕੋਲ ਖ਼ੁਸ਼ ਹੋਣ ਲਈ ਇਸ ਤੋਂ ਕਿਤੇ ਵੱਧ ਹੋ ਸਕਦੈ।
ਦੋ ਜਮ੍ਹਾਂ ਦੋ ਚਾਰ ਦੇ ਬਰਾਬਰ ਹਨ। ਅਸੀਂ ਸਾਰੇ ਹੀ ਇਸ ਨੂੰ ਸਮਝਦੇ ਹਾਂ ਕਿ ਇਹ ਇੱਕ ਤਰਕਪੂਰਣ ਗੱਲ ਹੈ। ਇਸ ਮੁੱਦੇ ਬਾਰੇ ਬਹਿਸ ਕਰਨ ਲਈ ਕੁਝ ਵੀ ਨਹੀਂ, ਅਤੇ ਨਾ ਹੀ ਇਹ ਕੋਈ ਵਿਅਕਤੀਗਤ ਟਿੱਪਣੀ ਹੈ। ਇਹ ਇਸ ਗੱਲ ‘ਤੇ ਨਿਰਭਰ ਨਹੀਂ ਕਰਦਾ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਜਾਂ ਸਾਲ ਦਾ ਇਹ ਕਿਹੜਾ ਮਹੀਨਾ ਚੱਲ ਰਿਹਾ ਹੈ, ਅਤੇ ਇਸ ਗੱਲ ‘ਤੇ ਵੀ ਨਹੀਂ ਕਿ ਕਿਸੇ ਰੈਫ਼ਰੈਂਡਮ ‘ਚ ਪ੍ਰਚਾਰੇ ਗਏ ਮੁੱਦੇ ਨਾਲ ਜ਼ਿਆਦਾਤਰ ਲੋਕ ਸਹਿਮਤ ਹਨ ਜਾਂ ਨਹੀਂ। ਇਸ ਗੱਲ ਨਾਲ ਤੁਹਾਨੂੰ ਕਾਫ਼ੀ ਤਸੱਲੀ ਮਿਲੀ ਹੋਣੀ ਹੈ। ਜਾਂ ਸ਼ਾਇਦ ਤੁਸੀਂ ਇਸ ਗੱਲ ਨਾਲ ਕਿਸੇ ਭੰਬਲਭੂਸੇ ‘ਚ ਫ਼ੱਸ ਗਏ ਹੋਵੋਗੇ। ਸਮਾਜ ਸਾਨੂੰ ਇਹ ਕਲਪਨਾ ਕਰਨ ਲਈ ਮਜਬੂਰ ਕਰਦੈ ਕਿ ਇਹ ਦੁਨੀਆਂ ਅਜਿਹੀਆਂ ਚੀਜ਼ਾਂ ਨਾਲ ਭਰੀ ਪਈ ਹੈ ਜਿਨ੍ਹਾਂ ਨੂੰ ਆਸਾਨੀ ਨਾਲ ਮਾਪਿਆ, ਗਿਣਿਆ ਅਤੇ ਸਮਝਾਇਆ ਜਾ ਸਕਦੈ। ਹਾਲਾਂਕਿ, ਕੁਝ ਚੀਜ਼ਾਂ ਸਮਝਣ ਦੀਆਂ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਦਿੰਦੀਆਂ ਹਨ। ਆਪਣੀ ਨਿੱਜੀ ਜ਼ਿੰਦਗੀ ‘ਚ ਇਸ ਬਾਰੇ ਦਾਰਸ਼ਨਿਕ ਬਣੋ।
ਤੁਸੀਂ ਜਨਮ ਤੋਂ ਹੀ ਅਜਿਹੇ ਦ੍ਰਿਸ਼ਟੀਕੋਣ, ਸੂਝ, ਵਿਚਾਰ ਅਤੇ ਸਮਝ ਰੱਖਣ ਦੀ ਯੋਗਤਾ ਨਾਲ ਨਿਵਾਜ਼ੇ ਗਏ ਹੋ ਜਿਸ ਦੀ ਦੂਸਰੇ ਲੋਕ ਕਲਪਨਾ ਵੀ ਨਹੀਂ ਕਰ ਸਕਦੇ। ਉਹ ਉਨ੍ਹਾਂ ਦੀ ਸੋਚ ਤੋਂ ਹੀ ਪਰੇ ਹੈ ਜਿਸ ਡੂੰਘਾਈ ਨਾਲ ਤੁਸੀਂ ਇਸ ਦਾ ਅਨੁਭਵ ਕਰਦੇ ਹੋ। ਪਰ – ਜਿਵੇਂ ਸਾਰੇ ਤੋਹਫ਼ਿਆਂ, ਸਾਰੀਆਂ ਪ੍ਰਤਿਭਾਵਾਂ ਜਾਂ ਸੰਪਤੀਆਂ ਦੇ ਨਾਲ ਹੁੰਦਾ ਹੀ ਹੈ ਇਸ ‘ਚ ਵੀ ਇੱਕ ਸੰਭਾਵੀ ਨੁਕਸਾਨ ਹੈ, ਇੱਕ ਕੀਮਤ ਜੋ ਤੁਹਾਨੂੰ ਦੁਨੀਆਂ ਵਿੱਚ ਜਾਂ ਆਪਣੇ ਦਿਲ ‘ਚ ਅਦਾ ਕਰਨੀ ਪੈ ਸਕਦੀ ਹੈ। ਆਪਣੀ ਭਾਵਨਾਤਮਕ ਅਤੇ ਨਿੱਜੀ ਜ਼ਿੰਦਗੀ ‘ਚ ਤੁਸੀਂ ਹੁਣ ਇੱਕ ਡੂੰਘੇ, ਪ੍ਰਤੀਬਿੰਬਤ ਪੜਾਅ ‘ਚੋਂ ਲੰਘ ਰਹੇ ਹੋ। ਤੁਸੀਂ ਇਸ ਸਭ ‘ਚੋਂ ਵਧੇਰੇ ਬੁੱਧੀਮਾਨ, ਮਜ਼ਬੂਤ, ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ੁਸ਼ਹਾਲ ਹੋ ਕੇ ਉਭਰੋਗੇ।












