ਸ਼੍ਰੀਨਗਰ – ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਕੰਟਰੋਲ ਰੇਖਾ (ਐੱਲਓਸੀ) ਕੋਲ ਲਗਭਗ 6 ਕਰੋੜ ਰੁਪਏ ਦਾ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਗਤੀਵਿਧੀਆਂ ਵਿਰੁੱਧ ਇਕ ਵੱਡੀ ਕਾਰਵਾਈ ਦੇ ਅਧੀਨ ਪੁਲਸ ਨੇ ਕੁਪਵਾੜਾ ‘ਚ ਲਗਭਗ 827 ਗ੍ਰਾਮ ਹੈਰੋਇਨ ਵਰਗਾ ਪਦਾਰਥ ਬਰਾਮਦ ਕੀਤਾ।
ਉਨ੍ਹਾਂ ਕਿਹਾ ਕਿ ਇਹ ਬਰਾਮਦਗੀ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਕਰਨਾਹ ਦੇ ਅਮਰੋਹੀ ਖੇਤਰ ‘ਚ ਸ਼ਨੀਵਾਰ ਚਲਾਈ ਗਈ ਘੇਰਾਬੰਦੀ ਅਤੇ ਖੋਜ ਮੁਹਿੰਮ (CASO) ਦੌਰਾਨ ਕੀਤੀ ਗਈ। ਕਾਰਵਾਈ ਦੌਰਾਨ, ਕਰਨਾਹ ਦੇ ਅਮਰੋਹੀ ਦੇ ਨਿਵਾਸੀ ਜਮੀਰ ਅਹਿਮਦ ਟੁੰਚ ਦੇ ਰਿਹਾਇਸ਼ੀ ਕੰਪਲੈਕਸ ਦੀ ਤਲਾਸ਼ੀ ਲਈ ਗਈ, ਜਿਸ ਨਾਲ ਸ਼ੱਕੀ ਨਸ਼ੀਲੇ ਪਦਾਰਥ ਵਾਲਾ ਇਕ ਕਾਲਾ ਪੋਲੀਥੀਨ ਬੈਗ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਪੁਲਸ ਨੇ ਐੱਨਡੀਪੀਐਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਬਰਾਮਦ ਪਦਾਰਥ ਦੇ ਸਰੋਤ ਦਾ ਪਤਾ ਲਗਾਉਣ ਅਤੇ ਇਸਦੇ ਸਬੰਧ ਸਥਾਪਤ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।















