ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1486

ਕੁਝ ਲੋਕਾਂ ਲਈ ਕਠੋਰ ਜਾਂ ਲਾਪਰਵਾਹ ਹੋਣਾ ਬਹੁਤ ਸੌਖਾ ਹੁੰਦੈ। ਉਹ ਦੂਸਰੇ ਲੋਕਾਂ ਦੀ ਪੀੜਾ ਤੋਂ ਖ਼ੁਦ ਨੂੰ ਉਦਾਸੀਨ ਕਰ ਲੈਂਦੇ ਨੇ ਅਤੇ, ਇਸ ਤੋਂ ਵੀ ਵੱਧ ਹੈਰਾਨੀ ਦੀ ਗੱਲ, ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਖ਼ੁਸ਼ੀ ਨੂੰ ਅਣਗੌਲਿਆ ਕਰਨ ‘ਚ ਵੀ ਕਾਮਯਾਬ ਰਹਿੰਦੇ ਨੇ। ਉਹ ਇੱਕ ਤਰ੍ਹਾਂ ਦੇ ਬੌਧਿਕ ਪਾਤਾਲ ਜਾਂ ਰਸਾਤਲ ‘ਚ ਵਿਚਰਦੇ ਨੇ ਜਿੱਥੇ ਕੇਵਲ ਖ਼ਿਆਲਾਤ ਹੀ ਸਰਬਉੱਚ ਹੁੰਦੇ ਹਨ, ਅਤੇ ਭਾਵਨਾਵਾਂ ਨਾਲ ਇੱਕ ਵਿਦਰੋਹੀ ਘੁਸਪੈਠੀਏ ਵਰਗਾ ਵਤੀਰਾ ਕੀਤਾ ਜਾਂਦੈ। ਤੁਹਾਡੇ ਲਈ, ਪਰ, ਜੀਵਨ ਦਾ ਅਰਥ ਇਹ ਸਿੱਖਣਾ ਹੈ ਕਿ ਆਪਣੇ ਅੰਦਰੋਂ ਨਿਕਲਣ ਵਾਲੀ ਸੂਝ ਦੀ ਆਵਾਜ਼ ‘ਤੇ ਵਿਸ਼ਵਾਸ ਕਿਵੇਂ ਕਰਨੈ। ਬਹੁਤ ਹੀ ਘੱਟ, ਜੇ ਕਦੇ ਕਰੇ ਵੀ ਤਾਂ, ਸਾਡੀ ਅੰਦਰੂਨੀ ਆਵਾਜ਼ ਸਾਡੇ ਨਾਲ ਸਾਡੀ ਮਾਂ ਬੋਲੀ ‘ਚ ਮੁਖ਼ਾਤਿਬ ਹੁੰਦੀ ਹੈ। ਸੋ ਹੁਣ, ਤੁਹਾਨੂੰ ਖ਼ੁਦ ਹੀ ਆਪਣੇ ਦਿਲ ਦੀ ਬੋਲੀ ਸਿੱਖਣੀ, ਸਮਝਣੀ ਅਤੇ ਉਸ ਨੂੰ ਬੋਲਣ ‘ਚ ਮੁਹਾਰਤ ਹਾਸਿਲ ਕਰਨੀ ਪੈਣੀ ਹੈ।

ਅਸੀਂ ਕਾਨੂੰਨ ਘਾੜਿਆਂ, ਸੰਸਦ ਮੈਂਬਰਾਂ ਅਤੇ ਕਈ ਤਰ੍ਹਾਂ ਦੇ ਹੋਰ ਸਿਆਸਦਾਨਾਂ ਦੀ ਚੋਣ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਆਪਣੀ ਵੋਟ ਨਾਲ ਸੱਤਾ ਤੋਂ ਪਰ੍ਹੇ ਵੀ ਕਰ ਦਿੰਦੇ ਹਾਂ। ਫ਼ਿਰ ਅਸੀਂ ਬਹਿਸ ਕਰਦੇ ਹਾਂ ਕਿ ਇਹ ਨਵਾਂ ਲਾਣਾ ਕਦੇ ਵੀ ਪਹਿਲਾਂ ਵਾਲੇ ਤੋਂ ਬਿਹਤਰ ਨਿਕਲੇਗਾ ਜਾਂ ਨਹੀਂ, ਪਰ ਘੱਟਘੱਟ ਅਸੀਂ ਇਹ ਮਹਿਸੂਸ ਕਰਨ ਦੇ ਆਡੰਬਰ ਥਾਣੀਂ ਤਾਂ ਗੁਜ਼ਰ ਹੀ ਜਾਂਦੇ ਹਾਂ ਕਿ ਅੰਤ ਨੂੰ ਅਸੀਂ ਉਨ੍ਹਾਂ ਲੋਕਾਂ ਦੀ ਕਿਸਮਤ ਦਾ ਫ਼ੈਸਲਾ ਕਰਨ ਵਾਲੇ ਆਕਾ ਹਾਂ। ਅਫ਼ਸੋਸ, ਇਹੀ ਚੀਜ਼ ਉਨ੍ਹਾਂ ਲੋਕਾਂ ‘ਤੇ ਸਹੀ ਨਹੀਂ ਢੁੱਕਦੀ ਜਿਹੜੇ ਸਮਾਜਕ ਮਰਿਆਦਾ ਸਥਾਪਿਤ ਕਰਨ ਦਾ ਦਾਅਵਾ ਕਰਦੇ ਹੋਣ। ਇਹ ਕੌਣ ਕਹਿ ਸਕਦਾ ਹੈ ਕਿ ਕਿਹੜੀ ਚੀਜ਼ ਕਰਨੀ ਮੌਜੂਦਾ ਦੌਰ ਦੇ ਫ਼ੈਸ਼ਨ ਅਨੁਸਾਰ ਹੈ ਅਤੇ ਕਿਹੜੀ ਗੱਲ ਕਰਨੀ ਆਊਟ ਔਫ਼ ਫ਼ੈਸ਼ਨ ਜਾਂ ਪ੍ਰਾਚੀਨ ਹੋ ਚੁੱਕੀ ਹੈ? ਕਿਹੜੀ ਸ਼ੈਅ ਦੀ ਅਸੀਂ ਤਾਰੀਫ਼ ਕਰਨੀ ਹੈ ਅਤੇ ਕਿਹੜੀ ਨੂੰ ਭੰਡਣੈ? ਜਿਹੜੇ ਲੋਕ ਅਜਿਹੀਆਂ ਗੱਲਾਂ ਬਾਰੇ ਫ਼ੈਸਲੇ ਕਰਦੇ ਹਨ, ਉਹ ਹਮੇਸ਼ਾਂ ਗੁਮਨਾਮ ਰਹਿੰਦੇ ਨੇ। ਜਿੰਨਾ ਚਿਰ ਤੁਸੀਂ ਕੋਈ ਕਾਨੂੰਨ ਨਹੀਂ ਤੋੜਦੇ, ਆਪਣੇ ਖ਼ੁਦ ਦੇ ਫ਼ੈਸਲੇ ‘ਤੇ ਵਿਸ਼ਵਾਸ ਕਰ ਕੇ ਤੁਸੀਂ ਬਿਲਕੁਲ ਸੁਰੱਖਿਅਤ ਰਹੋਗੇ।

ਜਿਹੜੇ ਲੋਕ ਗ਼ਲਤ ਹੁੰਦੇ ਨੇ ਅਕਸਰ ਉਹ ਉੱਚੀ ਆਵਾਜ਼ ‘ਚ ਇਹ ਦਾਅਵਾ ਕਰਦੇ ਹੋਏ ਦੇਖੇ ਜਾ ਸਕਦੇ ਨੇ ਕਿ ਉਹ ਬਿਲਕੁਲ ਸਹੀ ਹਨ। ਜੇਕਰ ਉਹ ਇਹ ਦਿਖਾਵਾ ਜਾਂ ਨਾਟਕ ਕਰ ਕੇ ਬੱਚ ਕੇ ਨਾ ਨਿਕਲ ਸਕਣ ਕਿ ਉਨ੍ਹਾਂ ਨੇ ਕੋਈ ਵੀ ਗ਼ਲਤੀ ਨਹੀਂ ਕੀਤੀ ਤਾਂ ਉਹ ਆਪਣੀ ਸਾਰੀ ਤਾਕਤ ਕਿਸੇ ਦੂਸਰੇ ਵਿਅਕਤੀ ਦੇ ਸਿਰ ਸਾਰਾ ਇਲਜ਼ਾਮ ਮੜ੍ਹਨ ‘ਚ ਝੋਂਕ ਦਿੰਦੇ ਹਨ! ਇਸ ਤੋਂ ਵੀ ਵੱਧ ਹਾਸੋਹੀਣੀ ਗੱਲ ਇਹ ਹੈ ਕਿ ਸਾਡੇ ਸਮਾਜ ‘ਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਹੜੇ, ਸਪੱਸ਼ਟ ਤੌਰ ‘ਤੇ ਸਹੀ ਹੋਣ ਦੇ ਬਾਵਜੂਦ ਜਾਂ ਤਾਂ ਬਹੁਤ ਜ਼ਿਆਦਾ ਸ਼ਰਮਾਕਲ ਹੁੰਦੇ ਹਨ ਜਾਂ ਬਿਨਾਂ ਕਿਸੇ ਵਜ੍ਹਾ ਤੋਂ ਉਹ ਖ਼ੁਦ ਨੂੰ ਕਸੂਰਵਾਰ ਸਮਝਦੇ ਹੋਏ ਆਪਣਾ ਬਚਾਅ ਤਕ ਨਹੀਂ ਕਰਦੇ। ਤੁਹਾਡੀ ਭਾਵਨਾਤਮਕ ਜ਼ਿੰਦਗੀ ਵਿਚਲੀਆਂ ਮੌਜੂਦਾ ਘਟਨਾਵਾਂ ਇਸ ਗੱਲ ਦਾ ਸਪੱਸ਼ਟ ਸਬੂਤ ਹਨ ਕਿ ਹਾਲ ਹੀ ‘ਚ ਤੁਸੀਂ ਕਿੰਨੀ ਸਮਝਦਾਰੀ ਤੋਂ ਕੰਮ ਲਿਐ। ਨਿਮਾਣੇ ਨਾ ਬਣੋ; ਮਾਣ ਕਰੋ!

ਤੁਸੀਂ ਆਪਣੀ ਕਿੰਨੀ ਕੁ ਸ਼ਕਤੀ ਖ਼ਰਚ ਕਰਨਾ ਚਾਹੁੰਦੇ ਹੋ? ਤੁਸੀਂ ਆਪਣਾ ਕਿੰਨਾ ਕੁ ਵਕਤ ਇਸ ਵਿੱਚ ਨਿਵੇਸ਼ ਕਰਨ ਲਈ ਤਿਆਰ ਹੋ? ਤੁਸੀਂ ਕਿੰਨੀ ਬੁਰੀ ਤਰ੍ਹਾਂ ਆਪਣਾ ਕੋਈ ਨੁਕਤਾ ਸਾਬਿਤ ਕਰਨਾ ਚਾਹੁੰਦੇ ਹੋ? ਤੁਸੀਂ ਕਿਸ ਪੱਧਰ ਤਕ ਕੋਈ ਬਹਿਸ ਸ਼ੁਰੂ ਕਰਨਾ ਚਾਹੁੰਦੇ ਹੋ? ਜਾਂ ਫ਼ਿਰ ਕੀ ਤੁਸੀਂ ਕੇਵਲ ਇੱਕ ਨਤੀਜਾ ਹਾਸਿਲ ਕਰਨਾ ਚਾਹ ਰਹੇ ਹੋ? ਤੁਸੀਂ ਹਾਲੇ ਵੀ ਬਹੁਤ ਕੁਝ ਪ੍ਰਾਪਤ ਕਰਨ ਦੀ ਸਥਿਤੀ ‘ਚ ਬਣੇ ਹੋਏ ਹੋ। ਸਫ਼ਲਤਾ ਦਾ, ਪਰ, ਬਹੁਤਾ ਜ਼ਿਆਦਾ ਮਤਲਬ ਨਹੀਂ ਰਹਿ ਜਾਂਦਾ ਜੇਕਰ ਉਸ ਨੂੰ ਮੁਕੰਮਲ ਰੂਪ ‘ਚ ਵਿਚਾਰਿਆ ਨਾ ਗਿਆ ਹੋਵੇ। ਕਿਸੇ ਵੀ ਕਾਰਜ ਨੂੰ ਬਹੁਤ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਦਾ ਕੋਈ ਫ਼ਾਇਦਾ ਨਹੀਂ ਜਾਂ ਕਿਸੇ ਟੀਚੇ ‘ਤੇ ਨਿਸ਼ਾਨਾ ਲਗਾਉਣਾ ਬੇਕਾਰ ਹੈ ਜੇ ਅੰਤ ‘ਚ ਸਾਨੂੰ ਸਿਰਫ਼ ਇਹੋ ਅਹਿਸਾਸ ਹੋਣੈ ਕਿ ਅਸੀਂ ਕਿਸੇ ਗ਼ਲਤ ਸ਼ੈਅ ‘ਤੇ ਆਪਣਾ ਨਿਸ਼ਾਨਾ ਸੇਧ ਰਹੇ ਸੀ। ਆਪਣੀਆਂ ਚੋਣਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਤੋਲੋ, ਫ਼ਿਰ ਆਪਣਾ ਅਗਲਾ ਕਦਮ ਚੁੱਕੋ।

ਥੋੜ੍ਹੀ ਸਨਕ ਇੱਕ ਚੰਗੀ ਚੀਜ਼ ਹੁੰਦੀ ਹੈ। ਬਹੁਤ ਸ਼ਾਨਦਾਰ ਸੂਟ-ਪਹਿਨਣ ਵਾਲੇ ਐਗਜ਼ੈਕਟਿਵਜ਼ ਨੂੰ ਵੀ ਬਕਸੇ ‘ਚੋਂ ਸਿਰ ਬਾਹਰ ਕੱਢ ਕੇ ਜਾਂ ਕੁਝ ਹੱਟ ਕੇ ਸੋਚਣ ਲਈ ਉਤਸਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਦੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਸੋਚ ਨੂੰ ਤਿਰਛਾ ਦੌੜਾਉਣ ਅਤੇ ਬਿਨਾ ਕਿਸੇ ਪਾਬੰਦੀ ਦੇ ਖੁਲ੍ਹ ਕੇ ਸਿਰਜਣਾਤਮਕ ਬਣਨ। ਅਜਿਹਾ ਕਰਨ ਲਈ ਅਕਸਰ ਉਨ੍ਹਾਂ ਨੂੰ ਸਪੈਸ਼ਲ ਕਨਸਲਟੈਂਟਸ ਜਾਂ ਸਲਾਹਕਾਰਾਂ ਰਾਹੀਂ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਉਨ੍ਹਾਂ ਦੀ ਹਾਇਰਿੰਗ ‘ਤੇ ਬੇਸ਼ੁਮਾਰ ਪੈਸਾ ਖ਼ਰਚ ਕੀਤਾ ਜਾਂਦਾ ਹੈ। ਕਿਉਂ? ਕਿਉਂਕਿ, ਭਾਵੇਂ ਸਾਡੇ ਸਾਰਿਆਂ ਲਈ ਕਿਸੇ ਵੀ ਸ਼ੈਅ ਨੂੰ ਈਜਾਦ ਕਰਨਾ ਸਾਡਾ ਇੱਕ ਕੁਦਰਤੀ ਅਤੇ ਸੁਭਾਵਕ ਹੁਨਰ ਹੈ, ਸਾਡਾ ਸਮਾਜ ਚਾਹੁੰਦੈ ਕਿ ਅਸੀਂ ਆਪਣੇ ਉਸ ਹੁਨਰ ਨੂੰ ਆਪਣੇ ਅੰਦਰ ਹੀ ਦਬਾ ਕੇ ਰੱਖੀਏ। ਬਹੁਤਾ ਸਮਾਂ ਤਾਂ ਸਾਡੇ ਤੋਂ ਇਹੋ ਤਵੱਕੋ ਕੀਤੀ ਜਾਂਦੀ ਹੈ ਕਿ ਅਸੀਂ ਉਚਿਤ ਗੱਲ ਹੀ ਕਰਾਂਗੇ। ਇਸ ਵਕਤ ਤੁਹਾਨੂੰ ਖ਼ਦਸ਼ਾ ਹੈ ਕਿ ਤੁਹਾਡਾ ਕੋਈ ਖ਼ਿਆਲ ਕੇਵਲ ਇੱਕ ਬੇਵਕੂਫ਼ੀ ਹੈ। ਪਰ ਅਜਿਹੀ ਕੋਈ ਗੱਲ ਨਹੀ। ਇਸ ਪਿਛੇ ਦੀ ਤੁਹਾਡੀ ਸਨਕ ਬਿਲਕੁਲ ਸਹੀ ਮਾਤਰਾ ‘ਚ ਹੈ।