ਇਹ ਸੰਸਾਰ ਅਜਿਹੇ ਲੋਕਾਂ ਨਾਲ ਭਰਿਆ ਪਿਐ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਉਹ ਕੀ ਕਰ ਰਹੇ ਹਨ। ਸਮੱਸਿਆ ਇਹ ਹੈ, ਉਨ੍ਹਾਂ ‘ਚੋਂ ਬਹੁਤੇ ਸੋਚਦੇ ਨੇ ਕਿ ਉਨ੍ਹਾਂ ਨੂੰ ਸਭ ਕੁਝ ਪਤੈ ਜੋ ਕਿ ਇਸ ਤੱਥ ਨੂੰ ਹੋਰ ਵੀ ਖ਼ਤਰਨਾਕ ਬਣਾ ਦਿੰਦੈ ਕਿ ਉਨ੍ਹਾਂ ਨੂੰ ਦਰਅਸਲ ਕੁਝ ਵੀ ਨਹੀਂ ਪਤਾ। ਜੇ ਤੁਹਾਨੂੰ ਪਤਾ ਹੋਵੇ ਕਿ ਕੁਝ ਅਜਿਹਾ ਹੈ ਜਿਹੜਾ ਤੁਹਾਨੂੰ ਨਹੀਂ ਪਤਾ, ਤੁਸੀਂ ਆਪਣੀ ਜਾਣਕਾਰੀ ਵਿਚਲੀ ਕਮੀ ‘ਚ ਸੁਧਾਰ ਕਰ ਸਕਦੇ ਹੋ। ਪਰ ਤੁਸੀਂ ਉਸ ਵਿਅਕਤੀ ਨੂੰ ਕੀ ਸਮਝਾਓਗੇ ਜਿਹੜਾ ਸੋਚਦੈ ਕਿ ਉਸ ਨੂੰ ਤਾਂ ਸਭ ਕੁਝ ਪਤੈ? ਸ਼ਾਇਦ, ਕੁਝ ਵੀ ਨਹੀਂ! ਆਪਣੇ ਕਿਸੇ ਖ਼ਾਸ ਰਿਸ਼ਤੇ ‘ਚ ਹਰ ਹਾਲ ‘ਚ ਆਤਮ-ਵਿਸ਼ਵਾਸ ਦਿਖਾਓ। ਪਰ ਲੋੜੋਂ ਵੱਧ ਵਿਸ਼ਵਾਸ ਨਹੀਂ। ਜਿੱਥੇ ਕਿਤੇ ਵੀ ਕੋਈ ਸ਼ੰਕਾ ਹੈ, ਉਸ ਨੂੰ ਸਵੀਕਾਰ ਕਰੋ ਅਤੇ ਬਿਹਤਰ ਸੰਵਾਦ ਸਥਾਪਿਤ ਕਰਨ ਦੀ ਕੋਸ਼ਿਸ਼ ਕਰੋ।
ਸਾਡੇ ਦੋਸਤ ਕਈ ਵਾਰ ਦੁਸ਼ਮਣਾਂ ਤੋਂ ਵੀ ਵੱਧ ਸਾਡਾ ਨੁਕਸਾਨ ਕਰ ਸਕਦੇ ਹਨ। ਇਸੇ ਲਈ ਸਾਨੂੰ ਇਸ ਗੱਲ ਬਾਰੇ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਪੈਂਦੈ ਕਿ ਅਸੀਂ ਆਪਣੇ ਦਿਲ ਕਿਨ੍ਹਾਂ ਨੂੰ ਦੇਣੇ ਹਨ। ਤੁਸੀਂ ਕਮਜ਼ੋਰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਬਿਲਕੁਲ ਇੰਝ ਹੈ ਜਿਵੇਂ ਤੁਹਾਡੇ ‘ਤੇ ਕਿਸੇ ਨੇ ਹੱਲਾ ਬੋਲ ਦਿੱਤਾ ਹੋਵੇ। ਕੋਈ ਸ਼ੈਅ ਤੁਹਾਨੂੰ ਬਹੁਤ ਖਿਝਾ ਰਹੀ ਹੈ। ਤੁਸੀਂ ਇਸ ਪ੍ਰਭਾਵ ਨੂੰ ਛੰਡ ਕੇ ਖ਼ੁਦ ਤੋਂ ਪਰੇ ਨਹੀਂ ਕਰ ਪਾ ਰਹੇ, ਨਾ ਹੀ ਤੁਸੀਂ ਜਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ, ਉਸ ਦਾ ਸਮਾਧਾਨ ਤੁਸੀਂ ਉਸ ਨਾਲ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਮਹਿਸੂਸ ਕਰਨਾ ਚਾਹੀਦਾ ਸੀ। ਪਰ, ਦਰਅਸਲ, ਇਹ ਸਭ ਸੰਵੇਦਨਸ਼ੀਲ ਹੋਣ ਦਾ ਇੱਕ ਜ਼ਰੂਰੀ ਅਤੇ ਕੁਦਰਤੀ ਸਾਈਡ ਈਫ਼ੈਕਟ ਹੈ। ਛੇਤੀ ਹੀ ਮੌਜ ਅਤੇ ਆਰਾਮ ਦੀ ਹਵਾ ਚੱਲੇਗੀ।
ਗੂੜ੍ਹਾ ਪਰਛਾਵਾਂ ਹਾਸਿਲ ਕਰਨ ਲਈ, ਤੁਹਾਨੂੰ ਚਮਕਦਾਰ ਰੌਸ਼ਨੀ ਦੀ ਲੋੜ ਹੁੰਦੀ ਹੈ। ਜ਼ਿਆਦਤੀਆਂ ਜੀਵਨ ਨੂੰ ਦਿਲਚਸਪ ਬਣਾਉਂਦੀਆਂ ਹਨ। ਉਹ ਇਸ ਨੂੰ ਚੁਣੌਤੀ ਭਰਪੂਰ ਵੀ ਬਣਾਉਂਦੀਆਂ ਹਨ। ਜਿੰਦਾਂ ਆਪਣੇ TV ‘ਤੇ ਰੰਗਾਂ ਦੀ ਬਿਹਤਰੀਨ ਸੈੱਟਿੰਗ ਹਾਸਿਲ ਕਰਨ ਲਈ ਤੁਸੀਂ ਉਸ ਦੇ ਰੀਮੋਟ ਕੰਟਰੋਲ ‘ਤੇ ਕੰਟਰਾਸਟ ਬਟਨ ਨਾਲ ਜਿੰਨਾ ਚਿਰ ਚਾਹੋ ਖੇਡ ਸਕਦੇ ਹੋ, ਉਸੇ ਤਰ੍ਹਾਂ ਤੁਸੀਂ ਤਿੱਖੇਪਨ ਅਤੇ ਫ਼ਿੱਕੇਪਨ ਦਰਮਿਆਨ ਸਹੀ ਤਵਾਜ਼ਨ ਹਾਸਿਲ ਕਰਨ ‘ਚ ਵੀ ਆਪਣੀ ਪੂਰੀ ਜ਼ਿੰਦਗੀ ਖਪਾ ਸਕਦੇ ਹੋ। ਆਪਣੇ ਵਾਸ਼ਰੂਮ ‘ਚ ਮੌਜੂਦ ਗਰਮ ਅਤੇ ਠੰਡੇ ਪਾਣੀ ਵਾਲੀਆਂ ਦੋ ਟੂਟੀਆਂ ਬਾਰੇ ਇੱਕ ਵਾਰ ਸੋਚੋ। ਜੇ ਤੁਸੀਂ ਠੰਡੇ ਅਤੇ ਗਰਮ ਪਾਣੀ ਦੇ ਬਿਲਕੁਲ ਸਹੀ ਮਿਸ਼ਰਣ ਦਾ ਆਨੰਦ ਮਾਣਨਾ ਚਾਹੁੰਦੇ ਹੋ ਤਾਂ ਦੋਹੇਂ ਬਹੁਤ ਜ਼ਰੂਰੀ ਹਨ। ਹੁਣ ਇਹ ਸੋਚੋ ਕਿ ਤੁਹਾਡੇ ਭਾਵਨਾਤਮਕ ਜੀਵਨ ‘ਚ ਕਿਹੜੀ ਸ਼ੈਅ ਤੁਹਾਡੇ ਕੋਲ ਲੋੜੋਂ ਵੱਧ ਹੈ, ਅਤੇ ਕਿਹੜੀ ਚੀਜ਼ ਲੋੜੀਂਦੀ ਮਾਤਰਾ ‘ਚ ਉਪਲਬਧ ਨਹੀਂ!
ਜਦੋਂ ਸਾਡਾ ਨੰਬਰ ਆਉਂਦੈ ਤਾਂ ਅਸੀਂ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੇ ਹਾਂ ਕਿ ਬਹੁਤਾ ਇੰਤਜ਼ਾਰ ਨਹੀਂ ਕਰਨਾ ਪਿਆ। ਜਦੋਂ ਸਾਡੀ ਪਰੇਡ ਜਾਂ ਸਾਡੇ ਜਲੂਸ ‘ਤੇ ਮੀਂਹ ਪੈ ਜਾਵੇ ਤਾਂ ਸਾਨੂੰ ਸ਼ੱਕ ਹੋਣ ਲਗਦੈ ਕਿ ਅਸੀਂ ਕਿਤੇ ਕੋਈ ਸ਼ਰਾਪ ਤਾਂ ਨਹੀਂ ਹੰਢਾ ਰਹੇ। ਪਰ ਮਦਦ ਅਤੇ ਰੋਕਾਂ ਦੀ ਇਹ ਈਲਾਹੀ ਡਿਸਪੈਂਸਿੰਗ ਮਸ਼ੀਨ ਆਖ਼ਿਰ ਲੱਗੀ ਕਿੱਥੇ ਹੋਈ ਹੈ? ਸਾਨੂੰ ਕਿਹੜੀ ਕਸੌਟੀ ਜਾਂ ਕਿਹੜੇ ਮਾਪਦੰਡਾਂ ਤਹਿਤ ਸਜ਼ਾਵਾਂ ਜਾਂ ਇਨਾਮ ਦਿੱਤੇ ਜਾਂਦੇ ਹਨ? ਜਦੋਂ ਕਿ ਤੁਸੀਂ ਸੋਚ ਰਹੇ ਹੋ ਕਿ ਇਸ ਸਵਾਲ ਦਾ ਜਵਾਬ ਦੇਣਾ ਬਹੁਤ ਸੌਖਾ ਹੈ, ਇਸ ਗੱਲ ਨੂੰ ਵਿਚਾਰੋ: ਕੁਝ ਭਾਗਸ਼ਾਲੀ ਰਾਹਤਾਂ ਦੇ ਵੀ ਅਣਸੁਖਾਵੇਂ ਨਤੀਜੇ ਨਿਕਲ ਆਉਂਦੇ ਹਨ। ਅਤੇ ਇਸ ਦਾ ਉਲਟ ਵੀ ਸੱਚ ਹੈ। ਸ਼ਾਇਦ ਤੁਹਾਨੂੰ ਇਸ ਵਕਤ ਇੰਝ ਪ੍ਰਤੀਤ ਨਾ ਹੋ ਰਿਹਾ ਹੋਵੇ ਕਿ ਤੁਹਾਡੀ ਬਹੁਤ ਵਧੀਆ ਦੇਖਭਾਲ ਕੀਤੀ ਜਾ ਰਹੀ ਹੈ। ਪਰ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ, ਘੱਟੋਘੱਟ, ਕੀਤੀ ਜਾ ਰਹੀ ਹੈ।
ਟੈਕਸਟਾਂ ਅਤੇ ਈਮੇਲਾਂ ਤੋਂ ਪਹਿਲੇ ਵਾਲੇ ਦਿਨਾਂ ‘ਚ, ਲੋਕ ਫ਼ੋਨ ਸੁਨੇਹਿਆਂ ਦੀ ਇੱਕ ਮੁਕੰਮਲ ਲੜੀ ਉਸਾਰ ਦਿੰਦੇ ਸਨ। ਇੱਕ ਵਿਅਕਤੀ ਕਿਸੇ ਦੂਸਰੇ ਨੂੰ ਸੁਨੇਹਾ ਦੇਣ ਲਈ ਫ਼ੋਨ ਕਰਦਾ। ਅੱਗੋਂ ਉਹ, ਬਦਲੇ ‘ਚ, ਦੋ-ਚਾਰ ਹੋਰਨਾਂ ਨੂੰ ਫ਼ੋਨ ਘੁਮਾਉਂਦੇ। ਇੰਝ ਉਨ੍ਹਾਂ ‘ਚੋਂ ਹਰ ਇੱਕ ਕਿਸੇ ਹੋਰ ਨੂੰ ਫ਼ੋਨ ਘੁੰਮਾਉਂਦਾ। ਥਿਊਰੀ ਅਤੇ ਸੁਣਨ ‘ਚ ਇਹ ਸਭ ਬਹੁਤ ਚੰਗਾ ਲੱਗਦੈ ਪਰ, ਨਿਰਸੰਦੇਹ, ਇੱਕ ਕਥਨ ਨੂੰ ਜਿੰਨਾ ਦੁਹਰਾਇਆ ਜਾਵੇ, ਓਨੀ ਹੀ ਜ਼ਿਆਦਾ ਸੰਭਾਵਨਾ ਹੈ ਕਿ ਇਹ ਓਦੋਂ ਤਕ ਫ਼ੈਲਦਾ ਅਤੇ ਵਿਕਸਿਤ ਹੁੰਦਾ ਰਹੇਗਾ ਜਦੋਂ ਤਕ ਉਹ ਆਪਣੇ ਅਸਲੀ ਮਤਲਬ ਦੇ ਐਨ ਉਲਟ ਕੋਈ ਬਿਲਕੁਲ ਹੀ ਵੱਖਰਾ ਅਰਥ ਨਹੀਂ ਧਾਰਣ ਕਰ ਲੈਂਦਾ। ਇਸ ਵਕਤ ਤੁਹਾਡੇ ਭਾਵਨਾਤਮਕ ਜੀਵਨ ‘ਚ ਤੁਹਾਡੇ ਨਾਲ ਗ਼ਲਤ ਕੀ ਹੋ ਸਕਦਾ ਹੈ? ਕੁਝ ਵੀ ਨਹੀਂ, ਜੇ ਤੁਸੀਂ ਸਹੀ ਮਾਅਨੇ ‘ਚ ਇਹ ਸੁਣਨ ‘ਚ ਅਸਫ਼ਲ ਨਹੀਂ ਹੁੰਦੇ ਕਿ ਕੋਈ ਦੂਸਰਾ ਵਿਅਕਤੀ ਤੁਹਾਨੂੰ ਅਸਲ ‘ਚ ਕਹਿਣਾ ਕੀ ਚਾਹ ਰਿਹਾ ਹੈ।














