ਰੇਡੀਓ ਦੀਆਂ ਯਾਦਾਂ – 49

ਡਾ. ਦੇਵਿੰਦਰ ਮਹਿੰਦਰੂ
ਯਾਦਾਂ ਦੀ ਚੰਗੇਰ
ਵਿਸਾਖੀ ਹੈ ਅੱਜ, ਬੜਾ ਭਾਗਾਂ ਭਰਿਆ ਦਿਹਾੜਾ! ਇਸ ਦਿਨ ਨੂੰ ਚੁਣਿਆ ਸੀ ਦਸਮ ਪਾਤਸ਼ਾਹ ਨੇ ਇੱਕ ਨਵੇਂ ਧਰਮ ਦੀ ਨੀਂਹ ਰੱਖਣ ਲਈ। ਉਹ ਧਰਮ ਜਿਹੜਾ ਸਾਰੀ ਮਾਨਵ ਜਾਤੀ ਨੂੰ ਬਰਾਬਰੀ ਦਾ ਦਰਜਾ ਦਿੰਦਾ ਹੈ। ਉਹ ਧਰਮ, ਜਿਹੜਾ ਉੱਚੇ ਮਾਪਦੰਡ ਤੈਅ ਕਰਦਾ ਹੈ ਸਾਰਿਆਂ ਲਈ। ਸਦਭਾਵਨਾ ਦਾ ਪਾਠ ਪੜ੍ਹਾਉਂਦਾ ਹੈ ਇਹ ਧਰਮ।
ਆਕਾਸ਼ਵਾਣੀ ਜਲੰਧਰ ਸਵੇਰੇ ਸ਼ਾਮ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਕਰਦਾ ਹੈ। ਦੁਨੀਆਂ ਭਰ ਦੇ ਸ੍ਰੋਤੇ ਇਸ ਵਾਣੀ ਦਾ ਆਨੰਦ ਮਾਣਦੇ ਹਨ। ਪੰਜਾਬੀ ਸਭਿਆਚਾਰ ਨਾਲ ਓਤਪੋਤ ਪ੍ਰੋਗਰਾਮ ਜਲੰਧਰ ਰੇਡੀਓ ਦੇ ਸਾਰੇ ਚੈਨਲ ਪ੍ਰਸਾਰਿਤ ਕਰਦੇ ਹਨ। ਕਦੇ ਦੋ ਢਾਈ ਸੌ ਬੰਦਿਆਂ ਦਾ ਸਟਾਫ਼ ਹੁੰਦਾ ਸੀ ਉੱਥੇ। ਹੁਣ ਚੈਨਲ ਪਹਿਲਾਂ ਨਾਲੋਂ ਜ਼ਿਆਦਾ ਹੋ ਗਏ ਹਨ, ਅਤੇ ਪ੍ਰਸਾਰਣ ਦੇ ਘੰਟੇ ਵਧ ਗਏ ਹਨ। ਸਟਾਫ਼ ਬਹੁਤ ਘਟ ਗਿਆ ਹੈ, ਪਰ ਪ੍ਰੋਗਰਾਮ ਹਾਲੇ ਵੀ ਮਿਆਰੀ ਹਨ। 6 ਅਪ੍ਰੈਲ ਨੂੰ ਗਈ ਸੀ ਆਪਣੀ ਕਿਤਾਬ ਲਾਇਬ੍ਰੇਰੀ ‘ਚ ਦੇਣ ਰੇਡੀਓ ਸਟੇਸ਼ਨ। ਅਠਾਰਾਂ ਸਾਲ ਜਿਸ ਲਾਇਬ੍ਰੇਰੀ ਨਾਲ ਜੁੜੀ ਰਹੀ, ਉਸ ‘ਚ ਮੇਰੀਆਂ ਕਿਤਾਬਾਂ ਹੋਣ ਅਤੇ ਕਦੇ ਕਦਾਈਂ ਕੋਈ ਆਪਣਾ ਉਨ੍ਹਾਂ ਦਾ ਕੋਈ ਵਰਕਾ ਫ਼ਰੋਲੇ, ਇਹ ਸੋਚ ਹੀ ਤੁਹਾਨੂੰ ਖ਼ੁਸ਼ ਕਰਨ ਲਈ ਕਾਫ਼ੀ ਹੈ।
ਆਪਣੀ ਕਿਤਾਬ ਰੀਵਿਊ ਲਈ ਵੀ ਦੇ ਕੇ ਆਈ ਹਾਂ। ਰੇਡੀਓ ਤੋਂ ਕਿਤਾਬ ਦਾ ਰੀਵੀਯੂ ਪ੍ਰਸਾਰਿਤ ਹੋਣਾ ਮਾਣ ਵਾਲੀ ਗੱਲ ਹੈ ਕਿਸੇ ਵੀ ਲੇਖਕ ਲਈ। ਬੋਲਣ ਵਾਲਾ ਸੱਚ ਹੀ ਬੋਲੇਗਾ। ਇੱਥੇ ਕੋਈ ਲਿਹਾਜ਼ ਨਹੀਂ ਚੱਲੇਗਾ। ਹਿਮਾਚਲ ਦਸਤਕ ਅੱਜਕੱਲ੍ਹ ਹਿਮਾਚਲ ਦਾ ਇੱਕ ਸਿਰ ਕੱਢਵਾਂ ਅਖ਼ਬਾਰ ਹੈ। ਹੇਮੰਤ ਹੈ ਉਹਦਾ ਸੰਪਾਦਕ। ਪਿਛਲੇ ਹਫ਼ਤੇ ਫ਼ੋਨ ਆਇਆ ਕਿ ਐਤਵਾਰ ਦਾ ਇੱਕ ਸਾਰਾ ਵਰਕਾ ਤੁਹਾਡਾ। ਹਿਮਾਚਲ ‘ਚ ਰੇਡੀਓ ਬਾਬਤ ਲਿਖਣਾ ਹੈ। ਅਖ਼ਬਾਰ ਧਰਮਸ਼ਾਲਾ ਤੋਂ ਨਿੱਕਲ ਰਿਹਾ ਹੈ। ਸੁਣਦੇ ਹੀ FM ਧਰਮਸ਼ਾਲਾ ਦਾ ਸਾਰਾ ਸਫ਼ਰ ਯਾਦ ਆ ਗਿਆ। 16 ਅਪ੍ਰੈਲ ਦਾ ਅੰਕ ਹੋਵੇਗ। ਬੇਸ਼ੱਕ ਪ੍ਰਾਈਵੇਟ FM ਵੀ ਮਿਲ ਗਏ ਹਨ ਹਿਮਾਚਲ ਨੂੰ, ਕਮਿਊਨਿਟੀ ਰੇਡੀਓ ਵੀ ਆ ਗਏ ਨੇ, ਮੈਂ ਵੀ ਸੋਚ ਰਹੀ ਕਮਿਊਨਿਟੀ ਰੇਡੀਓ ਖੋਲ੍ਹਣ ਬਾਰੇ, ਪਰ ਜੋ ਥਾਂ ਉੱਥੋਂ ਦੇ ਲੋਕਾਂ ਦੇ ਮਨ ‘ਚ ਸ਼ਿਮਲਾ ਰੇਡੀਓ ਦੀ ਹੈ ਯਾ FM ਧਰਮਸ਼ਾਲਾ ਅਤੇ ਹਮੀਰਪੁਰ ਦੀ ਹੈ, ਉਹ ਪ੍ਰਾਈਵੇਟ ਰੇਡੀਓ ਦੀ ਨਹੀਂ ਹੋ ਸਕਦੀ। ਕਲਾਕਾਰ ਅੱਜ ਵੀ ਸ਼ਿਮਲਾ ਰੇਡੀਓ ਤੋਂ ਪ੍ਰਸਾਰਿਤ ਹੋਣ ‘ਚ ਮਾਣ ਮਹਿਸੂਸ ਕਰਦੇ ਹਨ। ਧਰਮਸ਼ਾਲਾ ਕਾਂਗੜਾ ਅਤੇ ਚੰਬਾ ਜ਼ਿਲ੍ਹੇ ਕਵਰ ਕਰਦਾ ਹੈ ਹਮੀਰਪੁਰ ਦਾ FM ਸਟੇਸ਼ਨ।
ਸਿਰਫ਼ ਹਮੀਰਪੁਰ ਜ਼ਿਲ੍ਹਾ ਪਰ ਤਿੰਨਾਂ ਜ਼ਿਲ੍ਹਿਆਂ ਦੇ ਕਲਾਕਾਰ ਸ਼ਿਮਲਾ ਰੇਡੀਓ ਜਾਣਾ ਲੋਚਦੇ ਨੇ ਕਿਉਂਕਿ ਉਸ ਨੇ ਪੂਰਾ ਹਿਮਾਚਲ ਕਵਰ ਕਰਨਾ ਹੈ। ਬਿਲਕੁਲ ਇਸੇ ਤਰ੍ਹਾਂ FM ਪਟਿਆਲਾ ਅਤੇ ਬਠਿੰਡਾ ਦੇ ਕਲਾਕਾਰ ਉੱਥੇ ਜਾਂਦੇ ਹਨ, ਪਰ ਕੈਪੀਟਲ ਸਟੇਸ਼ਨ ਜਲੰਧਰ ਹੀ ਜਾਣਾ ਚਾਹੁੰਦੇ ਹਨ ਅਤੇ ਜਾਂਦੇ ਵੀ ਹਨ। ਪਹਿਲਾਂ ਘੁੰਮਦੇ ਘੁਮਾਉਂਦੇ ਕੋਈ ਵੀ ਕਲਾਕਾਰ ਕਿਸੇ ਵੀ ਰੇਡੀਓ ਸਟੇਸ਼ਨ ‘ਤੇ, ਕਦੇ ਵੀ ਬੁਕਿੰਗ ਲਈ ਕਹਿ ਦਿੰਦਾ ਸੀ ਤਾਂ ਅਕਸਰ ਪ੍ਰੋਗਰਾਮ ਅਫ਼ਸਰ ਅਜਿਹੇ ਕਲਾਕਾਰ ਨੂੰ ਸਿਰ ਮੱਥੇ ‘ਤੇ ਬਿਠਾ ਕੇ ਰਿਕਾਰਡਿੰਗ ਕਰ ਲੈਂਦੇ ਸਨ। ਹੁਣ ਪ੍ਰਸਾਰ ਭਾਰਤੀ ਨੇ ਇਹ ਸਿਸਟਮ ਬੰਦ ਕਰ ਦਿੱਤਾ ਹੈ। ਅੱਜਕੱਲ੍ਹ ਹਰ ਕਲਾਕਾਰ ਦੀ ਆਪਣੀ ID ਹੈ ਅਤੇ ਇਹ ਕੰਪਿਊਟਰ ‘ਚ ਸੁਰੱਖਿਅਤ ਹੈ। ਉਦਾਹਰਣ ਦੇ ਤੌਰ ‘ਤੇ ਨਿੰਦਰ ਘੁਗਿਆਣਵੀ ਜਲੰਧਰ ਰੇਡੀਓ ਦੇ ਕਲਾਕਾਰ ਅਤੇ ਲੇਖਕ ਹਨ, ਹੁਣ ਮਹਾਂਰਾਸ਼ਟਰ ਯੂਨੀਵਰਸਿਟੀ ‘ਚ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਨੂੰ ਨਿਯਮਾਂ ਦੇ ਅਧੀਨ ਤਿੰਨ ਮਹੀਨਿਆਂ ‘ਚ ਇੱਕ ਬੁਕਿੰਗ ਹੀ ਮਿਲੇਗੀ ਸਿਰਫ਼, ਰੇਡੀਓ ਹੋਵੇ ਚਾਹੇ ਦੂਰਦਰਸ਼ਨ, ਪੰਜਾਬ ਹੋਵੇ ਚਾਹੇ ਮਹਾਂਰਾਸ਼ਟਰ ਜਾਂ ਕੋਈ ਹੋਰ ਪ੍ਰਦੇਸ਼। ਜਿੱਥੋਂ ਦਾ ਪਤਾ ID ‘ਚ ਹੋਵੇਗਾ, ਨਿਯਮ ਅਨੁਸਾਰ TA/DA ਵੀ ਉੱਥੋਂ ਹੀ ਦਿੱਤਾ ਜਾਵੇਗਾ। ਸੋ ਅੱਜ ਐਨੀਆਂ ਕੁ ਬਾਤਾਂ ਹੀ, ਬਾਕੀ ਅਗਲੇ ਹਫ਼ਤੇ!