ਚੰਡੀਗੜ੍ਹ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਸਮੂਹ ਜਿਲ੍ਹਿਆਂ ਤੋਂ ਪ੍ਰਾਪਤ ਕੀਤੀਆਂ ਰਿਪੋਰਟਾਂ ਦੇ ਅਧਾਰਿਤ ਤੱਥਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸੂਬੇ ਦੇ ਸਮੂਹ ਹਸਪਤਾਲਾਂ ਵਿੱਚ ਦਵਾਈਆਂ ਦੇ ਸਟਾਕ ਦੀ ਕੋਈ ਕਮੀ ਨਹੀਂ ਹੈ ਅਤੇ ਵਿਸ਼ੇਸ਼ ਤੋਰ ਤੇ ਜੀਵਨ ਰੱਖਿਅਕ ਨਾਲ ਸਬੰਧਤ ਦਵਾਈਆਂ ਅਤੇ ਇੰਜੈਕਸ਼ਨਾਂ ਦੀ ਉਪਲਭਦਤਾ ਲਈ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਜੋ ਕਿ ਕਿਸੇ ਘਟਨਾ ਸਦਕਾ ਸਿਰ ਦੀਆਂ ਸੱਟਾਂ ਲਈ ਵਰਤੋਂ ਕੀਤੀ ਜਾਂਦੀ ਹੈ।
ਸਿਹਤ ਮੰਤਰੀ ਨੇ ਹਸਪਤਾਲਾਂ ਵਿੱਚ ਜੀਵਨ ਰੱਖਿਅਕ ਦਵਾਈਆਂ ਅਤੇ ਇੰਜੈਕਸ਼ਨਾਂ ਦੀ ਕਮੀ ਦੀ ਰਿਪੋਰਟ ਦਾ ਖੰਡਨ ਕੀਤਾ ਅਤੇ ਕਿਹਾ ਸਮੂਹ ਹਸਪਤਾਲਾਂ ਵਿਚ ਦਵਾਈਆਂ ਦੀ ਉਪਲਭਦਤਾ ਸਬੰਧੀ ਹਸਪਤਾਲਾਂ ਦਾ ਨਿਰੀਖਣ ਸਮੇਂ-ਸਮੇਂ ਤੇ ਕੀਤਾ ਜਾਂਦਾ ਹੈ।ਪੰਜਾਬ ਸਰਕਾਰ ਕੋਲ ਦਵਾਈਆਂ ਦਾ ਲੋੜ ਅਨੁਸਾਰ ਪੂਰਾ ਪ੍ਰਬੰਧ ਹੈ ਅਤੇ ਰਾਜ ਸਰਕਾਰ ਕੋਲ ਇਹਨਾਂ ਦਵਾਈਆਂ ਲਈ ਸੇਲ ਕੰਟਰੈਕਟਰ ਵੀ ਮੋਜੂਦ ਹਨ।
ਉਨਾਂ ਅੱਗੇ ਦੱਸਿਆ ਕਿ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਯਕੀਨੀ ਤੋਰ ਤੇ ਦਵਾਈਆਂ ਦਿੱਤੀ ਜਾ ਰਹੀਆਂ ਹਨ ਅਤੇ ਮਰੀਜਾਂ ਨੂੰ ਹਸਪਤਾਲ ਵਿਚ ਦਵਾਈਆਂ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ।ਸਿਹਤ ਮੰਤਰੀ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੀਆਂ ਕਮੇਟੀਆਂ ਦੇ ਨਿਰੀਖਣ ਤੋਂ ਇਲਾਵਾ ਡਾਇਰੈਕਟਰ ਐਚ.ਐਸ.ਬਾਲੀ ਨੂੰ ਆਦੇਸ਼ ਦਿੱਤੇ ਗਏ ਹਨ ਕਿ ਸਮੂਹ ਹਸਪਤਾਲਾਂ ਵਿਚ ਉੱਚ ਅਧਿਕਾਰੀਆਂ ਵਲੋਂ ਯਕੀਨੀ ਤੋਰ ਤੇ ਲੋੜ ਅਨੁਸਾਰ ਦਵਾਈਆਂ ਹੋਣੀਆਂ ਯਕੀਨੀ ਬਣਾਉਣ ਤਾਂ ਜੋ ਸਿਹਤ ਵਿਭਾਗ ਵਲੋਂ ਨਿਰਧਾਰਿਤ ਦਵਾਈਆਂ ਮਰੀਜਾਂ ਨੂੰ ਸਮੇਂ ਅਨੁਸਾਰ ਮੁਹੱਈਆ ਹੋ ਸਕਣ।
ਉਨਾਂ ਕਿਹਾ ਕਿ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਆਦੇਸ਼ ਦਿੱਤੇ ਗਏ ਹਨ ਜੀਵਨ ਰੱਖਿਅਕ ਦਵਾਈਆਂ ਦੇ ਸਟਾਕ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਜੇਕਰ ਕਿਸੇ ਪੱਧਰ ਤੇ ਕਮੀ ਪਾਈ ਜਾਂਦੀ ਹੈ ਤਾਂ ਉਸਨੂੰ ਤੁਰੰਤ ਪੂਰਾ ਕੀਤਾ ਜਾਵੇ।















