ਰੇਡੀਓ ਦੀਆਂ ਯਾਦਾਂ – 42

ਡਾ.ਦੇਵਿੰਦਰ ਮਹਿੰਦਰੂ
ਯਾਦਾਂ ਦਾ ਝੁਰਮਟ
ਫ਼ਿਲਮਾਂ ‘ਚ ਰੋਲ ਲੱਭ ਰਹੀ ਸੀ ਦਾਦੀ ਨਾਨੀ ਦਾ ਅਤੇ ਇੱਕ ਹੋਰ ਹੀ ਰੋਲ ਮਿਲ ਗਿਆ। ਇੱਕ ਸੰਸਥਾ ਹੈ ਜੋ ਸਾਹਿਤਕ ਗਤੀਵਿਧੀਆਂ ‘ਚ ਲੀਨ ਰਹਿੰਦੀ ਹੈ। ਵੈਸੇ ਮੈਂ ਜ਼ਿਆਦਾ ਜਾਣਦੀ ਨਹੀਂ ਉਨ੍ਹਾਂ ਬਾਰੇ। ਕੋਈ ਦੱਸ ਸਕਦਾ ਤਾਂ ਅੱਛਾ ਹੁੰਦਾ। ਹਿੰਦੀ ਲਈ ਕੰਮ ਕਰਦੇ ਹਨ। ਉਨ੍ਹਾਂ ਮੈਨੂੰ ਪਹਿਲਾਂ ਮੈਂਬਰ ਬਣਾਇਆ ਆਪਣਾ ਅਤੇ ਪੂਰੇ ਹਿਮਾਚਲ ਪ੍ਰਦੇਸ਼ ਦੀਆਂ ਸਾਹਿਤਕ ਗਤੀਵਿਧੀਆਂ ਨਾਲ ਜੋੜ ਦਿੱਤਾ। ਅੱਛਾ ਹੈ ਅਤੇ ਵਧੀਆ ਕੰਮ ਹੋ ਰਿਹਾ ਹੈ। ਦਿਮਾਗ਼ ਵੀ ਕਿਸੇ ਪਾਸੇ ਲੱਗਿਆ ਰਹਿੰਦਾ। ਕਵੀ ਸੰਮੇਲਨ ਕਰਵਾਇਆ 15 ਫ਼ਰਵਰੀ ਨੂੰ। ਹੁੰਮ-ਹੁਮਾ ਕੇ ਆਏ ਕਵੀ ਅਤੇ ਔਨਲਾਈਨ ਸੀ ਉਹ ਕਵੀ ਸੰਮੇਲਨ।
ਰੇਡੀਓ ਦੇ ਦਿਨ ਯਾਦ ਆ ਗਏ। ਕਿੰਨੇ ਕਵੀ ਸੰਮੇਲਨ ਹੋਏ ਹੋਣਗੇ ਕਾਲੀ ਬਾੜੀ ਹਾਲ ‘ਚ, ਗੇਅਟੀ ‘ਚ ਤੇ ਬੱਚਤ ਭਵਨ ਅਤੇ ਫ਼ਿਰ ਯੂਨੀਵਰਸਿਟੀ ਆਡੀਟੋਰੀਅਮ ‘ਚ ਵੀ। ਵਿਆਹ ਵਰਗਾ ਮਾਹੌਲ ਹੁੰਦਾ ਸੀ ਓਦੋਂ ਕਵੀ ਦਰਬਾਰਾਂ ‘ਚ। ਰੇਡੀਓ ਦੇ ਸਟੂਡੀਓ ‘ਚ ਵੀ ਕਦੇ ਕਦੇ ਕਵੀ ਸੰਮੇਲਨ ਰੱਖੇ ਜਾਂਦੇ। ਉਨ੍ਹਾਂ ‘ਚ ਮੈਂ ਆਪ ਵੀ ਹਿੱਸਾ ਲੈਂਦੀ ਸਾਂ। ਸਲਾਹੁਤਾ ਵੀ ਹੁੰਦੀ ਸੀ, ਪਰ ਮੈਨੂੰ ਲੱਗਦਾ ਇਹ ਤਾਰੀਫ਼ ਇਸ ਲਈ ਹੈ ਕਿ ਇਹ ਕਵੀ ਸੰਮੇਲਨ ਮੈਂ ਕਰਵਾ ਰਹੀ ਹਾਂ ਅਤੇ ਉੱਥੇ ਇੱਕ ਅਫ਼ਸਰ ਹਾਂ। ਇਹ ਸ਼ਿਮਲਾ ਰੇਡੀਓ ਸਟੇਸ਼ਨ ਦੀਆਂ ਗੱਲਾਂ ਹਨ, ਅਤੇ ਗੱਲ ਹਿੰਦੀ ਭਾਸ਼ਾ ਦੇ ਕਵੀ ਸੰਮੇਲਨ ਦੀ ਹੋ ਰਹੀ ਹੈ। ਹਿੰਦੀ ‘ਚ ਕਵਿਤਾ ਲਿਖਣਾ ਮੈਨੂੰ ਚੰਗਾ ਲੱਗਦਾ ਸੀ। ਕਹਾਣੀ ਲਿਖਣ ਲੱਗਦੀ ਤਾਂ ਆਪਣੇ ਆਪ ਪੰਜਾਬੀ ‘ਚ ਲਿਖਣਾ ਸ਼ੁਰੂ ਕਰ ਦਿੰਦੀ। ਕਵਿਤਾ ਲਿਖਣ ਲੱਗਿਆਂ ਹਿੰਦੀ ਦੇ ਅੱਖਰ ਅੱਖਾਂ ਮੂਹਰੇ ਨੱਚਣ ਲੱਗਦੇ। ਇਸ ਤਰ੍ਹਾਂ ਲਿਖਣ ਨਾਲ ਜੁੜੀ ਰਹਿੰਦੀ ਮੈਂ, ਹਿੰਦੀ ਅਤੇ ਪੰਜਾਬੀ ਦੋਹਾਂ ਨਾਲ। ਖੈਰ!
ਜਲੰਧਰ ਰੇਡੀਓ ਸਟੇਸ਼ਨ ‘ਚ ਰਹਿੰਦੇ ਖ਼ੁਦ ਕਦੇ ਅਜਿਹੇ ਸੰਮੇਲਨ ‘ਚ ਹਿੱਸਾ ਲੈਣ ਦਾ ਖ਼ਿਆਲ ਹੀ ਨਹੀਂ ਸੀ ਆਇਆ। ਪੰਜਾਬੀ ‘ਚ ਕਵਿਤਾ ਤਾਂ ਬਰਨਾਲੇ ਆਰੀਆ ਕਾਲਜ ‘ਚ ਰਹਿੰਦੇ ਲਿਖਣੀ ਸ਼ੁਰੂ ਕਰ ਦਿੱਤੀ ਸੀ। ਬਰਨਾਲੇ ਦਾ ਮਾਹੌਲ ਹੀ ਲਿਖਣ ਪੜ੍ਹਨ ਦਾ ਹੈ। ਉੱਥੋਂ ਦਾ ਹਰ ਬੰਦਾ ਲੇਖਕ ਹੈ, ਕਵੀ ਹੈ, ਕਲਾਕਾਰ ਹੈ। ਤੁਸੀਂ ਕਹੋਗੇ ਅੱਜ ਬਰਨਾਲਾ ਕਿੱਥੋਂ ਯਾਦ ਆ ਗਿਆ? ਜੀ, ਹੈ ਇੱਕ ਕਾਰਨ। ਐਤਵਾਰ ਨੂੰ ਇਹ ਕਾਲਮ ਨਿੰਦਰ ਘੁਗਿਆਣਵੀ ਕੋਲ ਪਹੁੰਚ ਜਾਂਦਾ ਹੈ, ਫ਼ੇਰ ਉਹਦੇ ਕੋਲੋਂ ਐਡਿਟ ਹੁੰਦਾ ਹੁੰਦਾ ਵੀਰਵਾਰ ਤਕ ਤੁਹਾਡੇ ਕੋਲ ਪਹੁੰਚਦਾ ਹੈ। ਅੱਜ ਐਤਵਾਰ ਸਵੇਰੇ ਤਿੰਨ ਵਜੇ ਬੈਠੀ ਇਹਨੂੰ ਲਿਖ ਰਹੀ ਹਾਂ। ਕੱਲ੍ਹ ਨਹੀਂ ਲਿਖ ਸਕੀ ਕਿਉਂਕਿ ਕੁਲਵੰਤ ਨੂੰ ਮਿਲਣ ਚਲੀ ਗਈ ਸੀ। ਉਹ ਪਿਛਲੇ ਮਹੀਨੇ ਦੀ ਸੱਤ ਤਾਰੀਖ਼ ਨੂੰ ਆਈ ਸੀ UK ਤੋਂ। ਪੰਜ ਸਾਲਾਂ ਬਾਅਦ ਆਈ ਇਸ ਵਾਰ। ਪਿਛਲੇ ਪੰਦਰਾਂ ਸਾਲਾਂ ਤੋਂ ਅਸੀਂ ਕੋਸ਼ਿਸ਼ ਕਰ ਰਹੀਆਂ ਸਾਂ ਇੱਕ ਦੂਜੇ ਨੂੰ ਮਿਲਣ ਦੀ। ਉਸ ਤੋਂ ਪਹਿਲਾਂ ਪੈਂਤੀ ਸਾਲ ਗੁੰਮਸ਼ੁਦਾ ਸਾਂ ਅਸੀਂ ਇੱਕ ਦੂਜੇ ਲਈ। ਮੈਂ ਸ਼ਿਮਲਾ ਸਾਂ, ਪਤਾ ਲੱਗਿਆ ਉਹ ਵਾਪਿਸ ਜਾ ਰਹੀ ਹੈ। ਸੋਚਿਆ ਇਸ ਵਾਰ ਨਹੀਂ ਖੁੰਝਣਾ। ਕੱਲ੍ਹ ਉਹਨੂੰ ਮਿਲਣ ਆਈ ਸਾਂ ਮੁਹਾਲੀ। ਬਰਨਾਲਾ ਤਾਂ ਯਾਦ ਆਉਣਾ ਹੀ ਸੀ ਫ਼ਿਰ।
ਬਰਨਾਲੇ ਕੁਲਵੰਤ ਭੈਣ ਜੀ ਕੇ ਭੱਠਲ ਨਿਵਾਸ ਦਾ ਮਾਹੌਲ ਦੇਖ ਕੇ ਦਿਲ ਕੀਤਾ ਕਿ ਮੈਂ ਵੀ ਕਵਿਤਾ ਲਿਖਣ ਦੀ ਕੋਸ਼ਿਸ਼ ਕਰਾਂ। ਕਹਾਣੀ ਲਿਖਣੀ ਤਾਂ ਬਹੁਤ ਪਹਿਲਾਂ ਸ਼ੁਰੂ ਕਰ ਦਿੱਤੀ ਸੀ। ਇੱਕ ਕਵਿਤਾ ਲਿਖੀ ਔਖੇ ਸੌਖੇ: ਮੈਂ ਬਿਨਾਂ ਨੀਂਹ ਦਾ ਇੱਕ ਮਕਾਨ ਹਾਂ … ਡਰਦੇ ਡਰਦੇ ਵੀਰ ਰਵਿੰਦਰ ਭੱਠਲ ਨੂੰ ਦਿਖਾਈ। ਹੌਸਲਾ ਦਿੱਤਾ ਭਰਾ ਨੇ। ਬਰਨਾਲੇ ਤੋਂ ਆ ਕੇ ਗੁਰਦਾਸਪੁਰ ਸਰਕਾਰੀ ਕਾਲਜ ‘ਚ ਨੌਕਰੀ ਕੀਤੀ ਲਾਇਬਰੇਰੀਅਨ ਦੀ। ਅਤੇ ਉੱਥੇ ਰਹਿੰਦਿਆਂ ਦੂਰਦਰਸ਼ਨ ਸ਼੍ਰੀਨਗਰ ਅਰਜ਼ੀ ਭੇਜੀ ਨੌਕਰੀ ਲਈ। ਇੰਟਰਵਿਊ ਦੇਣ ਗਈ। ਰਿਜ਼ੱਲਟ ਲੇਟ ਮਿਲਿਆ।
ਅਸਲ ‘ਚ ਸ਼ੇਰਪੁਰ ਥਾਣੇ ਮੇਰੀ ਪੁਲਿਸ ਵੈਰੀਫ਼ਿਕੇਸ਼ਨ ਦੇ ਕਾਗ਼ਜ਼ ਗਏ ਸਨ। ਇੱਕ ਤਾਂ ਮੇਰਾ ਨਾਂ ਮੁੰਡਿਆਂ ਵਾਲਾ, ਦੂਜਾ ਉਨ੍ਹਾਂ ਨੂੰ ਲੱਗਦਾ ਸੀ ਕੋਈ ਮਿੰਨਤ ਚਿਰੌਰੀ ਕਰਨ ਆਏਗਾ। ਸ਼ਾਇਦ ਪੱਲਾ ਵੀ ਝਾੜ ਜਾਵੇ ਥੋੜ੍ਹਾ ਬਹੁਤ। ਚਲੋ ਇੱਕ ਸਾਲ ਰਹੀ ਗੁਰਦਾਸਪੁਰ। ਬੀਬਾ ਬਲਵੰਤ ਕਹਿੰਦੇ ਹਨ ਉਨ੍ਹਾਂ ਮੈਨੂੰ ਉੱਥੇ ਕਾਲਜ ਲਾਇਬਰੇਰੀ ‘ਚ ਦੇਖਿਆ ਸੀ।” ਮੈਂ, ਉਹ ਡਰਾਮੇ ਦੀ ਕਿਸੇ ਅਸਾਈਨਮੈਂਟ ਲਈ ਲਾਇਬ੍ਰੇਰੀ ‘ਚੋਂ ਕੋਈ ਕਿਤਾਬ ਲੈਣ ਆਇਆ ਸਾਂ, ਦਰਵਾਜ਼ੇ ‘ਚੋਂ ਅੰਦਰ ਆਉਣ ਲੱਗਿਆ ਤੁਹਾਡੇ ‘ਤੇ ਨਜ਼ਰ ਪਈ। ਭੁੱਲ ਗਿਆ ਕਿ ਕੀ ਲੈਣ ਆਇਆ ਸੀ। ਉੱਥੋਂ ਹੀ ਵਾਪਿਸ ਮੁੜ ਗਿਆ। ਹਿੰਮਤ ਕਰ ਕੇ ਦੋ ਦਿਨ ਬਾਅਦ ਆਇਆਂ ਕਿ ਅੱਜ ਬਿਨਾਂ ਗੱਲ ਕੀਤੇ ਨਹੀਂ ਮੁੜਨਾ। ਪਤਾ ਲੱਗਿਆ ਤੁਸੀਂ ਇਹ ਨੌਕਰੀ ਛੱਡ ਕੇ ਸ਼੍ਰੀਨਗਰ ਦੂਰਦਰਸ਼ਨ ਚਲੇ ਗਏ।”
ਬੀਬਾ ਬਲਵੰਤ ਬਹੁਤ ਸਾਲਾਂ ਬਾਦ ਜਲੰਧਰ ਰੇਡੀਓ ‘ਤੇ ਮਿਲੇ ਪਹਿਲੀ ਵਾਰ, 1990 ਦੇ ਆਸਪਾਸ। ਮੈਂ ਹੁਣ ਉੱਥੇ ਪੰਜਾਬੀ ਪ੍ਰੋਗਰਾਮ ਦੀ ਇੰਚਾਰਜ ਸੀ। ਮਹਿੰਦਰੂ ਸਾਹਿਬ ਨਾਲ ਵਿਆਹ ਹੋ ਚੁੱਕਿਆ ਸੀ, ਬਾਰਾਂ ਬਾਰਾਂ ਸਾਲ ਦੀਆਂ ਜੌੜੀਆਂ ਬੇਟੀਆਂ ਦੀ ਮਾਂ ਸੀ ਮੈਂ। ਬੀਬਾ ਬਲਵੰਤ ਮੇਰੇ ਪ੍ਰੋਗਰਾਮ ‘ਚ ਅਕਸਰ ਸ਼ਿਰਕਤ ਕਰਦੇ। ਇੰਨੇ ਅੱਛੇ ਕਵੀ, ਇੰਨੇ ਵਧੀਆ ਇਨਸਾਨ। ਦੂਰਦਰਸ਼ਨ ‘ਚ ਵੀ ਪ੍ਰੋਗਰਾਮ ਦਿੰਦੇ। ਮੇਰੇ ਪਤੀ ਦੇ ਦੋਸਤ ਬਣ ਗਏ ਸਨ। ਦੋਵੇਂ ਜਗਰਾਉਂ ਤੋਂ ਸਨ। ਇੱਕ ਦਿਨ ਝਿਜਕਦੇ ਝਿਜਕਦੇ ਉਨ੍ਹਾਂ ਦੱਸਿਆ ਕਿ ਉਹ ਮੈਨੂੰ ਗੁਰਦਾਸਪੁਰ ਤੋਂ ਜਾਣਦੇ ਹਨ। ਅਮਰ ਘੋਲੀਆ ਨੇ ਉਨ੍ਹਾਂ ‘ਤੇ ਇੱਕ ਵਧੀਆ ਡਾਕਿਊਮੈਂਟਰੀ ਬਣਾਈ ਹੈ। ਮੇਰੀ ਇਹ ਸਟੇਟਮੈਂਟ ਹੈ ਉਹਦੇ ‘ਚ। ਮੈਂ ਜਲੰਧਰੋਂ ਧਰਮਸਾਲਾ, ਉੱਥੋਂ ਸ਼ਿਮਲਾ, ‘ਚ ਇੱਕ ਸਾਲ ਚੰਡੀਗੜ੍ਹ ਵਾਪਿਸ ਫ਼ੇਰ ਸ਼ਿਮਲਾ ਰਿਟਾਇਰਮੈਂਟ ਤਕ ਰਹੀ। ਬੀਬਾ ਨੇ ਆਪਣੀ ਹਰ ਕਿਤਾਬ ਮੈਨੂੰ ਭੇਜੀ। ਮੈਨੂੰ ਹੈਰਾਨੀ ਹੁੰਦੀ ਇਸ ਬੰਦੇ ਨੂੰ ਕਿਵੇਂ ਪਤਾ ਹੁੰਦਾ ਹੈ ਮੈਂ ਕਿੱਥੇ ਹਾਂ?
ਜਦੋਂ ਅਸੀਂ ਰਿਟਾਇਰ ਹੋਕੇ ਜਲੰਧਰ ਵਾਲੇ ਘਰ ਰਹਿ ਰਹੇ ਸਾਂ, ਉਹ ਸਾਨੂੰ ਮਿਲਣ ਆਏ। ਪੈਕ ਕੀਤੀ ਆਪਣੀ ਪ੍ਰਸਿੱਧ ਫ਼ੋਟੋ ਦੇ ਕੇ ਗਏ ਕਿ ਧਰਮਸਾਲਾ ਜਦੋਂ ਤੁਹਾਨੂੰ ਦੇਣ ਗਿਆ ਇਹ ਕਲਾਕ੍ਰਿਤੀ ਤਾਂ ਤੁਸੀਂ ਸ਼ਿਮਲਾ ਜਾ ਚੁੱਕੇ ਸੀ। ਮੈਂ ਕਿਹਾ ਕਿਸੇ ਹੋਰ ਨੂੰ ਦੇ ਦਿੰਦੇ ਵੀਹ ਸਾਲ ਉਸੇ ਅਖ਼ਬਾਰ ‘ਚ ਲਪੇਟ ਕੇ ਰੱਖੀ ਰੱਖੀ। ਕਹਿੰਦੇ ਤੁਹਾਡੇ ਲਈ ਰੱਖੀ ਸੀ, ਹੋਰ ਕਿਸੇ ਨੂੰ ਕਿਵੇਂ ਦੇ ਦਿੰਦਾ। ਤਿੰਨ ਮਹੀਨੇ ਪਹਿਲਾਂ ਘਰ ਆਏ ਸਨ ਮਿਲਣ। ਇਸ ਵਾਰ ਆਪਣੀ ਕਿਤਾਬ ਦੇਣ ਨਹੀਂ ਸਗੋਂ ਮੇਰੀ ਨਵੀਂ ਛਪੀ ਕਿਤਾਬ ਦੀਆਂ ਕਾਪੀਆਂ ਲੈਣ ਤਾਂ ਕਿ ਉਹਦੇ ਰਿਵੀਊ ਕਰਵਾ ਸਕਣ। ਉਹ ਕਹਿੰਦੇ, ”ਭਗਤੀ ਕਾਲ ਦੀ ਸੰਤ ਬਾਣੀ: ਮੂਲ ਮਾਨਵੀ ਸਰੋਕਾਰ ਵਧੀਆ ਕਿਤਾਬ ਹੈ, ਤੁਸੀਂ ਵੀ ਪੜ੍ਹ ਸਕਦੇ ਹੋ।” ਸੋ, ਇਹ ਅਜ ਯਾਦਾਂ ਦਾ ਝੁਰਮਟ ਜਿਹਾ ਪੈ ਗਿਆ। ਕਈ ਜਣੇ ਆਣ ਖਲੋਤੇ ਨੇ ਅੱਖਾਂ ਮੂਹਰੇ। ਕੀਹਦੀ ਗੱਲਾ ਕਰਾਂ ਤੇ ਕੀਹਦੀ ਛੱਡਾਂ। ਕੁਲਵੰਤ ਢਿਲੋਂ ਭੈਣ ਜੀ ਇੰਗਲੈਂਡ ਵਾਲੀ ਦੀਆਂ ਬਾਤਾਂ, ਜੋ 50 ਸਾਲਾਂ ਬਾਅਦ ਮਿਲ ਕੇ ਕਰੀਆਂ, ਅਗਲੇ ਹਫ਼ਤੇ ਸੁਣਾਵਾਂਗੀ।