ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1479

ਸਾਰੀਆਂ ਚੰਗੀਆਂ ਸਾਹਸੀ ਫ਼ਿਲਮੀ ਕਹਾਣੀਆਂ ‘ਚ, ਇੱਕ ਅਜਿਹਾ ਪਲ ਆਉਂਦੈ ਜਦੋਂ ਕੇਂਦਰੀ ਕਿਰਦਾਰ ਨੂੰ ਦੁਸ਼ਮਣ ਫ਼ੜ ਲੈਂਦੈ। ਸਾਡਾ ਹੀਰੋ ਜਾਂ ਹੀਰੋਇਨ ਨਾਉਮੀਦੀ ‘ਚ ਝੂਰਦੇ ਨੇ। ਇੱਕ ਜੁਝਾਰੂ ਲੜਾਈ ਲੜਨ ਉਪਰੰਤ ਵੀ ਪ੍ਰਤੀਤ ਹੁੰਦੈ ਉਨ੍ਹਾਂ ਨੂੰ ਆਤਮ-ਸਮੱਰਪਣ ਕਰਨਾ ਪੈਣੈ। ਫ਼ਿਰ, ਐਨ ਆਖ਼ਰੀ ਮੌਕੇ, ਸਭ ਕੁਝ ਇੱਕ ਵਾਰ ਫ਼ਿਰ ਬਦਲ ਜਾਂਦੈ। ਤੁਹਾਨੂੰ ਹਾਲ ਹੀ ‘ਚ ਇੱਕ ਵਾਰ ਫ਼ਿਰ ਉਸ ਸਥਿਤੀ ਨਾਲ ਨਜਿੱਠਣਾ ਪੈ ਰਿਹੈ ਜਿਸ ਵਿੱਚ ਤੁਸੀਂ ਕੁਝ ਸਮੇਂ ਤੋਂ ਅਟਕੇ ਪਏ ਸੀ। ਤੁਹਾਡੀ ਮੁਸ਼ਕਿਲ ਨੂੰ ਸੁਰੱਖਿਆ ਦੇ ਝੂਠੇ ਅਹਿਸਾਸ ਨਾਲ ਚੁੱਪ ਕਰਾ ਦਿੱਤਾ ਗਿਐ। ਉਹ ਇਸ ਵਕਤ ਸੋਚਦੀ ਹੈ ਕਿ ਉਸ ਨੇ ਤੁਹਾਨੂੰ ਲੰਮਾ ਪਾ ਲਿਐ, ਧਾਰਾਸ਼ਾਹੀ ਕਰ ਲਿਆ ਹੈ ਤੁਹਾਨੂੰ। ਪਰ ਤੁਸੀਂ ਆਪਣੀ ਜਿੱਤ ਦਾ ਮੌਕਾ ਬੋਚਣ ਵਾਲੇ ਹੋ।

ਦਾ ਬੁੱਕ ਔਫ਼ ਆਈਜ਼ੇਆ ਵਿਚਲੀ ਇੱਕ ਪ੍ਰਾਚੀਨ ਭਵਿਖਬਾਣੀ ਅਨੁਸਾਰ, ਇੱਕ ਦਿਨ ਬਘਿਆੜ ਮੇਮਣੇ ਸੰਗ ਲੇਟੇਗਾ। ਸ਼ਮਸ਼ੀਰਾਂ ਹਲਾਂ ਦੇ ਫ਼ਾਲ ਬਣ ਜਾਣਗੀਆਂ। ਧਰਤੀ ‘ਤੇ ਸਭ ਲਈ ਸ਼ਾਂਤੀ ਹੋਵੇਗੀ। ਖ਼ੈਰ, ਤਕਰੀਬਨ ਸਭ ਲਈ। ਕੁਝ ਲੋਕ, ਦੇਖੋ ਨਾ, ਕੇਵਲ ਰੋਂਦੇ ਅਤੇ ਸ਼ਿਕਾਇਤ ਕਰਦੇ ਰਹਿਣਾ ਹੀ ਪਸੰਦ ਕਰਦੇ ਨੇ। ਉਨ੍ਹਾਂ ਨੂੰ ਇੱਕ ਵਧੀਆ ਬਹਿਸ ਜਿੰਨਾ ਆਨੰਦ ਹੋਰ ਕੋਈ ਵੀ ਸ਼ੈਅ ਨਹੀਂ ਦਿੰਦੀ। ਸ਼ਾਂਤੀ ਉਨ੍ਹਾਂ ਦੇ ਸੋਚਣ ਵਾਸਤੇ ਕੁਝ ਵੀ ਦਿਲਚਸਪ ਨਹੀਂ ਛੱਡਦੀ। ਅਤੇ ਇਹ ਨਾ ਭੁੱਲੀਏ ਕਿ ਕੁਝ ਲੋਕ ਭੈਅ ਅਤੇ ਵਿਵਾਦ ਤੋਂ ਆਰਥਿਕ ਲਾਹਾ ਵੀ ਖੱਟਦੇ ਨੇ। ਜੇਕਰ ਤੁਸੀਂ ਸੱਚਮੁੱਚ ਕੋਈ ਅਜਿਹੀ ਡੀਲ ਬਣਾਉਣੀ ਚਾਹੁੰਦੇ ਹੋ ਜਿਹੜੀ ਸਭ ਨੂੰ ਸੂਟ ਕਰੇ, ਚੰਗਾ ਹੋਵੇ ਤੁਸੀਂ ਪਹਿਲਾਂ ਇਹ ਪਤਾ ਲਗਾ ਲਓ ਕਿ ਹਰ ਕੋਈ ਸੱਚਮੁੱਚ ਚਾਹੁੰਦਾ ਕੀ ਹੈ।

ਜੇਕਰ ਇਸ ਸੰਸਾਰ ਦਾ ਕੋਈ ਪਰਮ ਸਿਰਜਣਹਾਰ ਹੈ, ਅਤੇ ਜੇ ਅਜਿਹੀ ਸ਼ਕਤੀ ਦੀ ਆਪਣੀ ਇੱਕ ਪਛਾਣ ਅਤੇ ਚੇਤੰਨਤਾ ਹੈ ਤਾਂ ਉਹ ਪਰਮਆਤਮਾ (ਬੇਸ਼ੱਕ ਨਰ ਹੋਵੇ, ਮਾਦਾ ਜਾਂ ਕੋਈ ਬੇਜਾਨ ਵਸਤੂ) ਮਨੁੱਖੀ ਨਸਲ ਦੀਆਂ ਸਾਰੀਆਂ ਮੰਗਾਂ ਅਤੇ ਪ੍ਰਾਥਨਾਵਾਂ ਨਾਲ ਕਿਵੇਂ ਨਜਿੱਠ ਸਕਦੀ ਹੈ? ਕਲਪਨਾ ਕਰੋ ਕਿ ਦੋ ਬਿਨੇਕਾਰ ਇੱਕ ਹੀ ਵਰਦਾਨ ਮੰਗਣ ਆ ਜਾਂਦੇ ਹਨ ਅਤੇ ਉਹ ਦੋਹੇਂ ਆਪੋ-ਆਪਣੀ ਜਗ੍ਹਾ ਬਰਾਬਰ ਰੂਪ ‘ਚ ਸਹੀ ਹਨ, ਪਰ ਇੱਕ ਨੂੰ ਸੰਤੁਸ਼ਟ ਕਰਨਾ ਦੂਜੇ ਨੂੰ ਨਿਰਾਸ਼ ਕੀਤੇ ਬਿਨਾ ਬਿਲਕੁਲ ਵੀ ਸੰਭਵ ਨਹੀਂ। ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਇਸ ਵਕਤ ਕਿਤੇ, ਤੁਹਾਨੂੰ ਅਜਿਹੀ ਕਿਸੇ ਸਥਿਤੀ ਨੂੰ ਸੁਲਝਾਉਣ ‘ਚ ਮੁਸ਼ਕਿਲ ਪੇਸ਼ ਆਉਣ ਵਾਲੀ ਹੈ। ਭਲੇ ਲਈ ਪ੍ਰਾਥਨਾ ਕਰੋ।

ਜੇ ਤੁਸੀਂ ਸੂਝਵਾਨ ਫ਼ੈਸਲੇ ਕਰਨਾ ਚਾਹੁੰਦੇ ਹੋ, ਧਿਆਨ ਗੋਚਰੇ ਰੱਖਿਆ ਜੇ ਕਿ ਦਿਲਾਂ ਅਤੇ ਦਿਮਾਗ਼ਾਂ ਦੇ ਵੱਖੋ-ਵੱਖਰੇ ਏਜੰਡੇ ਹੁੰਦੇ ਨੇ। ਬਹੁਤ ਹੀ ਘੱਟ, ਜੇ ਕਦੇ ਹੋਵੇ ਵੀ ਤਾਂ, ਉਹ ਦੋਹੇਂ ਮੇਲ ਖਾਂਦੇ ਨੇ ਜਾਂ ਇੱਕ ਵਕਤ ‘ਤੇ ਇੱਕ ਜਗ੍ਹਾ ਇਕੱਠੇ ਹੁੰਦੇ ਨੇ। ਸਾਡੇ ਸਿਰਾਂ ਨੂੰ, ਪਰ, ਸਾਡੇ ਦਿਲਾਂ ਵਲੋਂ ਬੋਲਣ ਦੀ ਇੱਕ ਭੈੜੀ ਆਦਤ ਹੈ। ਉਹ ਆਪਣੇ ਇਸ ਫ਼ਰੇਬ ‘ਚ ਸਫ਼ਲ ਵੀ ਹੋ ਜਾਂਦੇ ਨੇ ਕਿਉਂਕਿ ਉਨ੍ਹਾਂ ਦੀਆਂ ਆਵਾਜ਼ਾਂ ਸੁਣਨ ‘ਚ ਬਹੁਤ ਹੀ ਤਰਕਸੰਗਤ ਜਾਪਦੀਆਂ ਨੇ। ਦਿਲ ਰੌਲਾ ਨਹੀਂ ਪਾਉਂਦੇ, ਉਹ ਘੁਸਰ-ਮੁਸਰ ਕਰਦੇ ਨੇ, ਘੱਟੋਘੱਟ ਬਹੁਤਾ ਵਕਤ। ਅਤੇ ਜਦੋਂ ਉਹ ਉੱਚਾ ਬੋਲਦੇ ਵੀ ਨੇ, ਉਹ ਅਜਿਹੀਆਂ ਗੱਲਾਂ ਕਰਦੇ ਹਨ ਜਿਹੜੀਆਂ ਹਕੀਕਤ ਦੀਆਂ ਪਾਬੰਦੀਆਂ ਦੇ ਦਾਇਰੇ ‘ਚ ਨਹੀਂ ਰਹਿੰਦੀਆਂ। ਸਿਰ ਜੰਗਾਂ ਲੜਦੇ ਨੇ, ਦਿਲਾਂ ਨੂੰ ਸ਼ਾਂਤੀ ਦਰਕਾਰ ਹੁੰਦੀ ਹੈ। ਅਤੇ ਸ਼ਾਂਤੀ ਹੀ ਉਹ ਸ਼ੈਅ ਹੈ ਜਿਹੜੀ ਇਸ ਵਕਤ ਤੁਹਾਨੂੰ ਲੋੜੀਂਦੀ ਹੈ … ਅਤੇ ਤੁਸੀਂ ਉਸ ਦੇ ਹੱਕਦਾਰ ਵੀ ਹੋ।

ਸ਼ਬਦਕੋਸ਼ ਸਾਨੂੰ ਇਹ ਗ਼ੁੰਮਰਾਹਕੁਨ ਸੁਝਾਅ ਦਿੰਦੇ ਹਨ ਕਿ ਸ਼ਬਦਾਂ ਦੇ ਬਸ ਕੁਝ ਕੁ ਵੱਖੋ-ਵੱਖਰੇ ਅਰਥ ਹੀ ਹੁੰਦੇ ਨੇ। ਹਕੀਕਤ ‘ਚ, ਪਰ, ਕਿਸੇ ਸਾਧਾਰਣ ਤੋਂ ਸਾਧਾਰਣ ਸਤਰ ਦਾ ਮਤਲਬ ਕੱਢਣ ਦੇ ਵੀ ਲੱਖਾਂ ਅੱਡੋ-ਅੱਡ ਤਰੀਕੇ ਹੁੰਦੇ ਹਨ। ਜਿਵੇਂ ਕੋਈ ਵੀ ਅਭਿਨੇਤਾ ਜਾਂ ਅਭਿਨੇਤਰੀ ਇਸ ਗੱਲ ਦੀ ਤਸਦੀਕ ਕਰ ਸਕਦੇ ਹਨ, ਸਾਰਾ ਸੰਵਾਦ ਜਾ ਕੇ ਮੁਕਦੈ ਬਾਰੀਕੀ, ਲਹਿਜੇ ਅਤੇ ਸੰਦਰਭ ‘ਤੇ। ਇਸ ਦੇ ਨਾਲ-ਨਾਲ, ਨਿਰਸੰਦੇਹ, ਸੁਣਨ ਵਾਲੇ ਦੀਆਂ ਉਮੀਦਾਂ ‘ਤੇ ਵੀ। ਅਕਸਰ, ਅਸੀਂ ਇਹ ਸੁਣਨ ‘ਚ ਅਸਮਰਥ ਰਹਿੰਦੇ ਹਾਂ ਕਿ ਦੂਸਰੇ ਸੱਚਮੁੱਚ ਕੀ ਕਹਿ ਰਹੇ ਨੇ ਕਿਉਂਕਿ ਅਸੀਂ ਉਸ ‘ਚ ਬਹੁਤ ਜ਼ਿਆਦਾ ਉਲਝੇ ਰਹਿੰਦੇ ਹਾਂ ਜੋ ਅਸੀਂ ਸੋਚਦੇ ਹਾਂ ਕਿ ਉਹ ਕਹਿ ਰਹੇ ਹਨ। ਹਾਲ ਹੀ ‘ਚ, ਇੱਕ ਬਹੁਤ ਵੱਡੀ ਗ਼ਲਤਫ਼ਹਿਮੀ ਪੈਦਾ ਹੋ ਗਈ ਹੈ। ਹੁਣ ਮੌਕਾ ਹੈ ਉਸ ਨੂੰ ਦੂਰ ਕਰ ਦਾ।