ਜਲੰਧਰ, : ਪੰਜਾਬ ਪੁਲਸ ‘ਚ ਭਰਤੀ ਹੋਣ ਲਈ ਨੌਜਵਾਨ ਲੜਕੇ-ਲੜਕੀਆਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਅੱਜ ਵੀ ਕਮਿਸ਼ਨਰੇਟ ਜਲੰਧਰ ਦਿਹਾਤ ਵਿਚ 689 ਲੜਕਿਆਂ ਨੇ ਫਿਜ਼ੀਕਲ ਟੈਸਟ ਵਿਚ ਹਿੱਸਾ ਲਿਆ, ਜਿਨ੍ਹਾਂ ‘ਚੋਂ 555 ਲੜਕਿਆਂ ਨੇ ਟੈਸਟ ਪਾਸ ਕੀਤਾ, ਜਦਕਿ 28 ਲੜਕਿਆਂ ਦਾ ਡੋਪ ਟੈਸਟ ਪਾਜ਼ੇਟਿਵ ਪਾਏ ਜਾਣ ਕਾਰਨ ਉਨ੍ਹਾਂ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ। ਭਰਤੀ ਲਈ ਫਿਜ਼ੀਕਲ ਟੈਸਟ ਦੀ ਪ੍ਰਕਿਰਿਆ ਜਾਰੀ ਹੈ। ਸਿਪਾਹੀ ਦੀ ਭਰਤੀ ਲਈ ਅੱਜ ਤੀਸਰੇ ਦਿਨ ਵੀ ਕਮਿਸ਼ਨਰੇਟ ਜਲੰਧਰ ਦਿਹਾਤ ਵਿਚ ਲੜਕੇ-ਲੜਕੀਆਂ ਦੀ ਭਰਤੀ ਲਈ ਪੀ. ਏ. ਪੀ. ਗਰਾਊਂਡ ਵਿਚ ਅਧਿਕਾਰੀਆਂ ਵੱਲੋਂ ਫਿਜ਼ੀਕਲ ਟੈਸਟ ਲਏ ਗਏ।
ਜਾਣਕਾਰੀ ਮੁਤਾਬਕ ਕਮਿਸ਼ਨਰੇਟ ਪੁਲਸ ਵਿਚ ਫਿਜ਼ੀਕਲ ਟੈਸਟ ਲਈ ਬੁਲਾਏ ਗਏ 400 ‘ਚੋਂ 335 ਲੜਕੇ ਟੈਸਟ ਲਈ ਪਹੁੰਚੇ, ਜਿਨ੍ਹਾਂ ‘ਚੋਂ 6 ਲੜਕਿਆਂ ਦਾ ਡੋਪ ਟੈਸਟ ਪਾਜ਼ੇਟਿਵ ਆਇਆ, ਜਦਕਿ ਫਿਜ਼ੀਕਲ ਟੈਸਟ ਵਿਚ 243 ਲੜਕਿਆਂ ਨੇ ਦੌੜ, ਹਾਈ ਜੰਪ, ਲੌਂਗ ਜੰਪ ਲਗਾ ਕੇ ਟੈਸਟ ਕਲੀਅਰ ਕੀਤਾ। ਇਸੇ ਤਰ੍ਹਾਂ ਜਲੰਧਰ ਦਿਹਾਤ ਵਿਚ ਟੈਸਟ ਲਈ ਬੁਲਾਏ ਗਏ 400 ‘ਚੋਂ 394 ਲੜਕੇ ਟੈਸਟ ਲਈ ਪਹੁੰਚੇ, ਜਿਨ੍ਹਾਂ ‘ਚੋਂ 22 ਲੜਕਿਆਂ ਦਾ ਡੋਪ ਟੈਸਟ ਪਾਜ਼ੇਟਿਵ ਆਇਆ ਅਤੇ 312 ਲੜਕਿਆਂ ਨੇ ਫਿਜ਼ੀਕਲ ਟੈਸਟ ਪਾਸ ਕੀਤਾ।
ਇਸੇ ਤਰ੍ਹਾਂ ਆਈ. ਜੀ. ਲੋਕ ਨਾਥ ਆਂਗਰਾ ਅਤੇ ਕਮਾਂਡੈਂਟ ਰਾਜਪਾਲ ਸਿੰਘ ਸੰਧੂ ਦੀ ਦੇਖ-ਰੇਖ ਵਿਚ ਹੋ ਰਹੇ ਲੜਕੀਆਂ ਦੇ ਟੈਸਟ ‘ਚ 400 ‘ਚੋਂ 327 ਲੜਕੀਆਂ ਟੈਸਟ ਲਈ ਪਹੁੰਚੀਆਂ, ਜਿਨ੍ਹਾਂ ‘ਚੋਂ ਸਿਰਫ 26 ਲੜਕੀਆਂ ਹੀ ਟੈਸਟ ਕਲੀਅਰ ਕਰ ਸਕੀਆਂ।















