ਹਾਫਿਜ਼ ਸਈਦ ਦੇ ਇਸ ਕੰਮ ‘ਤੇ ਨਿਗਰਾਨੀ ਰੱਖਣ ਲਈ ਪਾਕਿ ਪੁਲਸ ਨੂੰ ਦਿੱਤੇ ਗਏ ਨਿਰਦੇਸ਼

7ਲਾਹੌਰ :  ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਪਾਕਿਸਤਾਨ ਪੁਲਸ ਨੂੰ ਮੁੰਬਈ ਅੱਤਵਾਦੀ ਹਮਲੇ ਦੇ ਸਾਜ਼ਿਸ਼ਕਰਤਾ ਹਾਫਿਜ਼ ਸਈਦ ਦੀ ਅਗਵਾਈ ਵਾਲੇ ਜਮਾਤ-ਉਦ-ਦਾਵਾ (ਜੇ. ਯੂ. ਡੀ.) ਦੇ ਮਸਜਿਦਾਂ ਅਤੇ ਹੋਰ ਸਥਲਾਂ ਤੋਂ ਚੈਰਿਟੀ ਜ਼ਰੀਏ ਫੰਡ ਇਕੱਠਾ ਕਰਨ ਵਾਲੀਆਂ ਗਤੀਵਿਧੀਆਂ ‘ਤੇ ਨੇੜੇ ਤੋਂ ਨਜ਼ਰ ਰੱਖਣ ਨੂੰ ਕਿਹਾ ਹੈ। ਪੰਜਾਬ ਦੇ ਗ੍ਰਹਿ ਵਿਭਾਗ ਨੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਜੇ. ਯੂ. ਡੀ. ਅਤੇ ਇਸੇ ਤਰ੍ਹਾਂ ਦੇ ਹੋਰ ਸੰਗਠਨਾਂ ਵਲੋਂ ਫੰਡ ਇਕੱਠਾ ਕਰਨ ਸੰਬੰਧੀ ਜਾਣਕਾਰੀਆਂ ਉਪਲੱਬਧ ਕਰਾਉਣ ਨੂੰ ਕਿਹਾ, ਕਿਉਂਕਿ ਇਹ ਗਤੀਵਿਧੀਆਂ ਕਾਨੂੰਨ ਵਿਰੁੱਧ ਹਨ।
‘ਡਾਨ’ ਨੇ ਖਬਰ ਦਿੱਤੀ ਹੈ ਕਿ ਬੁੱਧਵਾਰ ਨੂੰ ਜਾਰੀ ਨਿਰਦੇਸ਼ ਮੁਤਾਬਕ ਜੇ. ਯੂ. ਡੀ. ਫਿਤਰਾ, ਜਕਾਤ ਅਤੇ ਸਦਕਾ (ਮੁਸਲਮਾਨਾਂ ਵਲੋਂ ਚੈਰਿਟੀ ਦੇ ਰੂਪ ‘ਚ ਦਿੱਤਾ ਜਾਣ ਵਾਲਾ ਧਨ) ਜ਼ਰੀਏ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਖਬਰ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਸੰਗਠਨਾਂ ਦੇ ਮੈਂਬਰ ਰਮਜ਼ਾਨ ਦੌਰਾਨ ਜ਼ਿਆਦਾ ਇਕੱਠੇ ਹੁੰਦੇ ਹਨ ਅਤੇ ਵੱਖ-ਵੱਖ ਥਾਵਾਂ ‘ਤੇ ਪੋਸਟਰ ਲਾ ਕੇ, ਪਰਚੇ ਵੰਡ ਕੇ ਲੋਕਾਂ ਨੂੰ ਚੈਰੀਟੇਬਲ ਦੇ ਰੂਪ ਧਨ ਦੇਣ ਦੀ ਅਪੀਲ ਕਰਦੇ ਹਨ। ਅਖਬਾਰ ਵਿਚ ਕਿਹਾ ਗਿਆ ਹੈ ਕਿ ਸਈਦ ਸੰਗਠਨ ਦੀ ਚੈਰਿਟੀ ਸ਼ਾਖਾ ‘ਫਲਾ-ਏ-ਇੰਸਾਯਤ ਫਾਊਂਡੇਸ਼ਨ’ ਜ਼ਰੀਏ ਦੇਸ਼ ਭਰ ‘ਚ ਫੰਡ ਇਕੱਠਾ ਕਰਨ ਦੀ ਪ੍ਰਕਿਰਿਆ ‘ਚ ਸ਼ਾਮਲ ਹੈ।