ਐਸ.ਵਾਈ.ਐਲ ‘ਤੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਣ ਬਾਦਲ: ਚੰਨੀ

10ਪਠਾਨਕੋਟ/ਗੁਰਦਾਸਪੁਰ/ਚੰਡੀਗੜ  : ਪੰਜਾਬ ਕਾਂਗਰਸ ਵਿਧਾਈ ਪਾਰਟੀ ਦੇ ਮੁਖੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਣ ਤੇ ਆਪਣੇ ਉਸ ਦਾਅਵੇ ਨੂੰ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ ਕਿ ਉਹ ਪੰਜਾਬ ਟਰਮੀਨੇਸ਼ਨ ਐਗਰੀਮੇਂਟਸ ਐਕਟ, 2004 ਦੀ ਧਾਰਾ 5 ਸੋਧਣਗੇ। ਉਨ੍ਹਾਂ ਨੇ ਬਾਦਲ ਦੀ ਸਰਕਾਰ ਵੱਲੋਂ 1978 ‘ਚ ਸਤਲੁਜ਼-ਯਮੁਨਾ ਲਿੰਕ ਨਹਿਰ ਵਾਸਤੇ ਭੌਂ ਪ੍ਰਾਪਤੀ ਕਰਨ ਨੂੰ ਜ਼ਾਰੀ ਕੀਤੇ ਨੋਟੀਫਿਕੇਸ਼ਨ ਬਾਰੇ ਵੀ ਸਵਾਲ ਕੀਤੇ ਹਨ। ਚੰਨੀ ਅੱਜ ਪਠਾਨਕੋਟ ਵਿਖੇ ਹਲਕਾ ਇੰਚਾਰਜ਼ ਰਮਨ ਭੱਲਾ ਵੱਲੋਂ ਅਯੋਜਿਤ ਵਰਕਰ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਬਾਦਲ ਜਾਂ ਤਾਂ ਭੁੱਲਣ ਦੀ ਵਿਸ਼ੇਸ਼ ਬਿਮਾਰੀ ਨਾਲ ਪੀੜਤ ਹਨ ਜਾਂ ਫਿਰ ਝੂਠ ਬੋਲਣਾ ਉਨ੍ਹਾਂ ਦੀ ਆਦਤ ਹੈ, ਜਿਹੜੇ ਐਸ.ਵਾਈ.ਐਲ ਨਹਿਰ ਦੇ ਗੰਭੀਰ ਮੁੱਦੇ ‘ਤੇ ਸਾਲਾਂ ਤੋਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਜਦਕਿ ਬਾਦਲ ਸਰਕਾਰ ਵੱਲੋਂ ਹੀ ਇਸ ਨਹਿਰ ਵਾਸਤੇ ਭੌਂ ਪ੍ਰਾਪਤੀ ਕਰਨ ਲਈ ਨੋਟੀਫਿਕੇਸ਼ਨ ਜ਼ਾਰੀ ਕੀਤਾ ਗਿਆ ਸੀ। ਅਕਾਲੀ ਦਲ ਨੇ ਪੰਜਾਬ ਵੱਲੋਂ ਕੀਤੇ ਗਏ ਸਮਝੌਤੇ ਦੇ ਹਿੱਸੇ ‘ਚ ਇਸ ਨਹਿਰ ਦਾ ਨਿਰਮਾਣ ਪੂਰਾ ਕਰਨ ਦਾ ਵਾਅਦਾ ਕੀਤਾ ਸੀ। ਕੀ ਬਾਦਲ ਇਸ ਤੋਂ ਵੀ ਇਨਕਾਰ ਕਰ ਸਕਦੇ ਹਨ ਕਿ ਉਨ੍ਹਾਂ ਨੇ 1985 ‘ਚ ਵਿਧਾਨ ਸਭਾ ਦੀ ਟਿਕਟ ਹਾਸਿਲ ਕਰਨ ਲਈ ਇਸ ਸਮਝੌਤੇ ਨੂੰ ਪਾਸ ਕਰਵਾਉਣ ਵਾਸਤੇ ਸਹੁੰ ਪੱਤਰ ‘ਤੇ ਹਸਤਾਖਰ ਕੀਤੇ ਸਨ।
ਜਦਕਿ ਬਾਦਲ ਵੱਲੋਂ ਬੋਲੇ ਗਏ ਤਾਜ਼ੇ ਸਫੈਦ ਝੂਠ ‘ਚ ਉਨ੍ਹਾਂ ਨੇ 2004 ਦੇ ਐਕਟ ਦੀ ਧਾਰਾ 5 ਨੂੰ ਸੋਧਣ ਦਾ ਦਾਅਵਾ ਕੀਤਾ ਹੈ। ਚੰਨੀ ਨੇ ਸਵਾਲ ਕੀਤਾ ਹੈ ਕਿ ਕੀ ਉਹ ਅਜਿਹਾ ਆਰਡੀਨੈਂਸ ਰਾਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸੋਧ ਸਬੰਧੀ ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਸਬੰਧਤ ਰਿਕਾਰਡ ਪੇਸ਼ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਚੰਨੀ ਨੇ ਪਠਾਨਕੋਟ ਹਮਲਿਆਂ ਦੇ ਮਾਮਲੇ ‘ਚ ਇੰਟੈਲੀਜੇਂਸ ਦੀ ਅਸਫਲਤਾ ਲਈ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵੱਲੋਂ ਭਾਰਤ ਐਨ.ਆਈ.ਏ ਨੂੰ ਦਿੱਤੀ ਸੂਚਨਾ ‘ਚ ਹੁਣ ਸਾਹਮਣੇ ਆਇਆ ਹੈ ਕਿ ਪਠਾਨਕੋਟ ਹਮਲੇ ਦਾ ਸਾਜਿਸ਼ਕਰਤਾ ਪਾਕਿਸਤਾਨ ਤੋ ਸੀ ਅਤੇ ਇਸ ਸਬੰਧੀ ਕੇਂਦਰੀ ਏਜੰਸੀਆਂ ਵੱਲੋਂ ਵਾਰ ਵਾਰ ਅਲਰਟ ਜ਼ਾਰੀ ਕੀਤੇ ਗਏ ਸਨ, ਲੇਕਿਨ ਪੰਜਾਬ ਪੁਲਿਸ ਨੇ ਇਨ੍ਹਾਂ ਨੂੰ ਨਜ਼ਰਅੰਦਾਜ ਕਰ ਦਿੱਤਾ ਅਤੇ ਇਹੋ ਕਾਰਨ ਹੈ ਕਿ ਪਠਾਨਕੋਟ ‘ਤੇ ਹਮਲਾ ਵਾਪਰਿਆ। ਐਸ.ਪੀ ਸਲਵਿੰਦਰ ਸਿੰਘ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਕਿਉਂ ਕੇਂਦਰੀ ਏਜੰਸੀਆਂ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਉਸਨੂੰ ਛੱਡ ਦਿੱਤਾ। ਅੱਜ ਸੂਬੇ ‘ਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਤਬਾਹ ਹੋ ਚੁੱਕੀ ਹੈ। ਦਿਨ ਦਿਹਾੜੇ ਕਤਲ ਹੋ ਰਹੇ ਹਨ ਤੇ ਇਕ ਤਾਜ਼ਾ ਮਾਮਲੇ ‘ਚ ਪਿੰਡ ਆਲਮਗੀਰ ਨੇੜੇ ਸਵੇਰ ਵੇਲੇ ਇਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦੋਸ਼ੀ ਸੀ। ਉਨ੍ਹਾਂ ਨੇ ਕਿਹਾ ਕਿ ਸਿਆਸੀ ਸ਼ੈਅ ਹੇਠ ਪੰਜਾਬ ਅੱਜ ਗੈਂਗਲੈਂਡ ਬਣ ਚੁੱਕਾ ਹੈ। ਉਨ੍ਹਾਂ ਨੇ ਸ਼ੰਕਾ ਪ੍ਰਗਟਾਇਆ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡਰ ਦਾ ਮਾਹੌਲ ਪੈਦਾ ਕਰਨ ਲਈ ਅਕਾਲੀ ਦਲ ਗੁੰਡਾ ਅਨਸਰਾਂ ਦਾ ਇਸਤੇਮਾਲ ਕਰ ਸਕਦੀ ਹੈ।
ਚੰਨੀ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਸਿਆਸਤ ਦਾ ਪੱਧਰ ਹੇਠਾਂ ਡੇਗਣ ਲਈ ਵਰ੍ਹੇ। ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਇਕ ਪਾਸੇ ਇਕ ਪਾਰਟੀ ਹੈ, ਜਿਸਨੂੰ ਕੇਜਰੀਵਾਲ ਵੈਕਲਪਿਕ ਸਿਆਸਤ ਮਾਡਲ ਵਜੋਂ ਲੋਕਾਂ ‘ਚ ਪੇਸ਼ ਕਰ ਰਹੇ ਹਨ। ਹਾਲਾਂਕਿ, ਵੈਕਲਪਿਕ ਸਿਆਸੀ ਮਾਡਲ ਬਾਰੇ ਕੀ ਗੱਲ ਕਰਨੀ, ਇਸਨੂੰ ਲੀਡਰਸ਼ਿਪ ਹੇਠਲੇ ਪੱਧਰ ‘ਤੇ ਲਿਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਅਕਾਲੀ ਭਾਜਪਾ ਗਠਜੋੜ ਵਿਰੁੱਧ ਹਨ, ਲੇਕਿਨ ਆਪ ਹਾਲਾਤਾਂ ਨੂੰ ਗਲਤੀ ਨਾਲ ਆਪਣੇ ਹੱਕ ‘ਚ ਸਮਝ ਰਹੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਚੌਧਰੀ ਸੰਤੋਖ ਸਿੰਘ ਸੰਸਦ ਮੈਂਬਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਰੋਜ਼ਾਨਾ ਲੋੜ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਧਾਉਣ ਲਈ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਹੁਣ ਪਤਾ ਲੱਗ ਚੁੱਕਾ ਹੈ ਕਿ ਮੋਦੀ ਨੂੰ ਚੁਣ ਕੇ ਉਨ੍ਹਾਂ ਨੇ ਕੀ ਗਲਤੀ ਕੀਤੀ ਹੈ। ਇਥੋਂ ਤੱਕ ਕਿ ਦਾਲਾਂ, ਆਲੂਆਂ ਤੇ ਟਮਾਟਰਾਂ ਦੇ ਰੇਟ ਵੀ ਮੋਦੀ ਸਰਕਾਰ ਵੱਲੋਂ ਕੰਟਰੋਲ ਨਹੀਂ ਕੀਤੇ ਜਾ ਸਕੇ ਹਨ। ਤੇਲ ਕੀਮਤਾਂ ਅਸਮਾਨ ਨੂੰ ਛੋਹ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਲੋਕ ਵਿਰੋਧੀ ਹੈ ਤੇ ਲੋਕ ਇਸਨੂੰ ਆਉਂਦੀਆਂ ਲੋਕ ਸਭਾ ਚੋਣਾਂ ‘ਚ ਉਖਾੜ ਸੁੱਟਣਗੇ। ਆਉਂਦੀਆਂ ਚੋਣਾਂ ‘ਚ ਕਾਂਗਰਸ ਨੂੰ ਪੰਜਾਬ ਤੇ ਉੱਤਰ ਪ੍ਰਦੇਸ਼ ‘ਚ ਕਾਂਗਰਸ ਪੂਰਨ ਬਹੁਮਤ ਹਾਸਿਲ ਕਰੇਗੀ।
ਵਰਕਰਾਂ ਨੂੰ ਸੰਬੋਧਨ ਕਰਦਿਆਂ ਡਾ. ਰਾਜ ਕੁਮਾਰ ਵੇਰਕਾ, ਮੀਤ ਪ੍ਰਧਾਨ ਐਸ.ਸੀ ਐਸ.ਟੀ ਕਮਿਸ਼ਨ ਨੇ ਕਿਹਾ ਕਿ ਅੱਜ ਦੇਸ਼ ਭਰ ‘ਚ ਦਲਿਤਾਂ ਖਿਲਾਫ ਅੱਤਿਆਚਾਰ ਵੱਧ ਚੁੱਕੇ ਹਨ। ਹਰੇਕ ਸੂਬੇ ‘ਚ ਦਲਿਤਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਮੋਦੀ ਸਰਕਾਰ ਚੁੱਪ ਚਾਪ ਸੱਭ ਕੁਝ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਲਈ ਕਾਂਗਰਸ ਪਾਰਟੀ ਹੀ ਇਕੋਮਾਤਰ ਉਮੀਦ ਹੈ। ਪੰਜਾਬ ‘ਚ ਬੀਤੇ ਦੱਸ ਸਾਲਾਂ ਦੌਰਾਨ ਅਕਾਲੀ ਭਾਜਪਾ ਦੇ ਸ਼ਾਸਨ ਦੌਰਾਨ ਇਹੋ ਹੀ ਵਾਪਰਿਆ ਹੈ। ਰੋਜ਼ਾਨਾ ਸਰਕਾਰੀ ਏਜੰਸੀਆਂ ਵੱਲੋਂ ਦਲਿਤਾਂ ਦੀ ਹੱਤਿਆ ਤੇ ਪ੍ਰਤਾੜਨਾ ਹੋ ਰਹੀ ਹੈ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਅਨਿਲ ਵਿਜ, ਅਸ਼ੋਕ ਕੁਮਾਰ, ਵਿਭੁਤੀ ਸ਼ਰਮਾ, ਰਮੇਸ਼ ਢੋਲਾ, ਜੰਗ ਬਹਾਦਰ ਬੇਦੀ, ਗੌਰਵ ਵਢੇਰਾ, ਕਾਤ੍ਰਿਕ ਵਢੇਰਾ, ਸ਼ਰਵਨ ਕੁਮਾਰ, ਯੋਗੇਸ਼ ਠਾਕਰ, ਪੁਨੀਤ ਪਿੰਟਾ, ਵਿਨੈ ਮਹਾਜਨ ਸਮੇਤ ਪਠਾਨਕੋਟ ਦੇ ਕਈ ਸੀਨੀਅਰ ਕਾਂਗਰਸੀ ਮੌਜ਼ੂਦ ਰਹੇ।