ਨਵੀਂ ਦਿੱਲੀ: ਪਠਾਨਕੋਟ ਏਅਰਬੇਸ ‘ਤੇ ਹੋਏ ਹਮਲੇ ਨੂੰ ਲੈ ਕੇ ਅਮਰੀਕਾ ਨੇ ਭਾਰਤ ਨੂੰ ਪਾਕਿਸਤਾਨ ਖਿਲਾਫ ਕਈ ਅਹਿਮ ਸਬੂਤ ਦਿੱਤੇ ਹਨ। ਅਮਰੀਕਾ ਨੇ ਭਾਰਤ ਦੀ ਐਨ.ਆਈ.ਏ. ਨੂੰ 1 ਹਜ਼ਾਰ ਪੇਜਾਂ ਦਾ ਡੋਜ਼ੀਅਰ ਸੌਂਪਿਆ ਹੈ। ਇਸ ‘ਚ ਜੈਸ਼-ਏ-ਮੁਹੰਮਦ ਦੇ ਹੈਂਡਲਰ ਕਾਸ਼ਿਫ ਜਾਨ ਤੇ 4 ਫਿਦਾਈਨਾਂ ਵਿਚਕਾਰ ਹੋਈ ਗੱਲਬਾਤ ਵੀ ਦਰਜ ਹੈ।
ਅਮਰੀਕਾ ਵੱਲੋਂ ਸੌਂਪੇ ਗਏ ਡੋਜ਼ੀਅਰ ‘ਚ ਪਾਕਿ ਅੱਤਵਾਦੀਆਂ ਤੇ ਉਨ੍ਹਾਂ ਦੇ ਹੈਂਡਲਰ ਦਰਮਿਆਨ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਗਿਆ ਹੈ। ਇਹ ਗੱਲਬਾਤ ਉਸੇ ਤਰ੍ਹਾਂ ਹੈ ਜਿਵੇਂ 2008 ‘ਚ ਮੁੰਬਈ ਹਮਲੇ ਤੋਂ ਪਹਿਲਾਂ ਲਸ਼ਕਰ ਅੱਤਵਾਦੀਆਂ ਵਿਚਕਾਰ ਹੋਈ ਸੀ। ਉਸ ਵੇਲੇ ਲਸ਼ਕਰ ਦੇ ਅੱਤਵਾਦੀ ਕਰਾਚੀ ਦੇ ਸੁਰੱਖਿਅਤ ਟਿਕਾਣੇ ‘ਤੇ ਬੈਠ ਕੇ ਭਾਰਤ ਦੇ ਲੋਕਾਂ ਨੂੰ ਮਾਰਨ ਦੀ ਰੂਪ ਰੇਖਾ ਤਿਆਰ ਕਰ ਰਹੇ ਸਨ।
ਇੱਕ ਅੰਗਰੇਜ਼ੀ ਅਖਬਾਰ ਮੁਤਾਬਕ, ਹਮਲੇ ਸਮੇਂ ਚਾਰੇ ਫਿਦਾਈਨ ਨਾਸਿਰ ਹੁਸੈਨ (ਪੰਜਾਬ), ਅਬੂ ਬਕਰ (ਗੁਜਰਾਂਵਾਲਾ), ਉਮਰ ਫਾਰੁਖ ਤੇ ਅਬਦੁਲ ਕਯੂਮ (ਸਿੰਧ) ਲਗਾਤਾਰ 80 ਘੰਟੇ ਤੱਕ ਆਪਣੇ ਪਾਕਿ ਬੈਠੇ ਹੈਂਡਲਰਾਂ ਦੇ ਸੰਪਰਕ ‘ਚ ਰਹੇ। ਅਮਰੀਕੀ ਅਫਸਰਾਂ ਮੁਤਾਬਕ, ਦਸਤਾਵੇਜ਼ਾਂ ‘ਚ ਕਾਸ਼ਿਫ ਦੀ ਪਾਕਿਸਤਾਨ ਸਥਿਤ ਜੈਸ਼ ਦੇ ਹੈਂਡਲਰ ਨਾਲ ਇੱਕ ਤੈਅ ਸੀਮਾ ‘ਚ ਗੱਲਬਾਤ ਦਾ ਬਿਓਰਾ ਦਰਜ ਹੈ। ਫਿਲਹਾਲ ਐਨ.ਆਈ.ਏ. ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਜਨਵਰੀ ‘ਚ ਪਠਾਨਕੋਟ ਏਅਰਬੇਸ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਦੌਰਾਨ 7 ਜਵਾਨ ਸ਼ਹੀਦ ਹੋਏ ਸਨ। ਹਮਲੇ ਦਾ ਮਾਸਟਰਮਾਈਂਡ ਮਸੂਦ ਅਜ਼ਹਰ ਸੀ। ਅਜ਼ਹਰ ਜੈਸ਼-ਏ-ਮੁਹੰਮਦ ਦਾ ਸਰਗਨਾ ਹੈ। ਉਸ ਨੂੰ 1999 ਦੇ ਕੰਧਾਰ ਪਲੇਨ ਹਾਈਜੈਕ ਮਾਮਲੇ ‘ਚ ਯਾਤਰੀਆਂ ਦੀ ਰਿਹਾੀ ਬਦਲੇ ਭਾਰਤ ਨੇ ਰਿਹਾਅ ਕੀਤਾ ਸੀ।















