33 ਕਰੋੜ ਦੇ ਏਬਰਾਨ ਦਵਾਈ ਘਪਲੇ ਦੇ ਦੋਸ਼ੀਆਂ ਨੂੰ ਬਚਾਉਣ ‘ਚ ਜੁਟੀ ਸਰਕਾਰ : ਜਾਖੜ

4ਜਲੰਧਰ : ਪੰਜਾਬ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਤੇ ਪਾਰਟੀ ਉਪ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ 33 ਕਰੋੜ ਰੁਪਏ ਦੇ ਏਬਰਾਨ ਦਵਾਈ ਘਪਲੇ ਦੇ ਦੋਸ਼ੀਆਂ ਨੂੰ ਬਚਾਉਣ ‘ਚ ਅਕਾਲੀ-ਭਾਜਪਾ ਸਰਕਾਰ ਨੇ ਅੱਡੀ-ਚੋਟੀ ਦਾ ਜ਼ੋਰ ਲੱਗਾ ਦਿੱਤਾ ਹੈ। ਜਾਖੜ ਨੇ ਅੱਜ ਕਾਂਗਰਸ ਵਿਧਾਇਕ ਬਲਬੀਰ ਸਿੰਘ ਸਿੱਧੂ ਤੇ ਪਰਮਿੰਦਰ ਸਿੰਘ ਪਿੰਕੀ ਨਾਲ ਮੋਹਾਲੀ ਸਥਿਤ ਕ੍ਰਾਈਮ ਪੁਲਸ ਸਟੇਸ਼ਨ ‘ਚ ਪੰਜਾਬ ਸਰਕਾਰ ਵਲੋਂ ਦਰਜ ਕਰਵਾਈ ਏਬਰਾਨ ਖਰੀਦ ਘਪਲੇ ਸਬੰਧੀ ਐੱਫ. ਆਈ. ਆਰ. ਦੇ ਸੰਬੰਧ ‘ਚ ਅੱਜ ਤਕ ਹੋਈ ਕਾਰਵਾਈ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਪ੍ਰੇਸ਼ਾਨ ਕਰਨ ਲਈ ਰਿਸ਼ਵਤ ਦੇ ਹੋਰ ਮਾਮਲੇ ਜੋ ਕਿ ਬਠਿੰਡਾ ‘ਚ ਦਰਜ ਹੋਏ ਸੀ, ਉਨ੍ਹਾਂ ਦੇ ਦੋਸ਼ੀ ਸਾਬਕਾ ਡਾਇਰੈਕਟਰ ਮੰਗਲ ਸਿੰਘ ਦਾ ਚਲਾਨ ਪੇਸ਼ ਕਰਕੇ ਜਨਤਾ ਦੀਆਂ ਅੱਖਾਂ ‘ਚ ਧੂੜ ਪਾਈ ਜਾ ਰਹੀ ਹੈ, ਜਦਕਿ ਅਸਲ ਮੁੱਦਾ ਏਬਰਾਨ ਖਰੀਦ ਸਬੰਧੀ ਘਪਲੇ ਦਾ ਹੈ। ਇਹ ਮਾਮਲਾ ਤਾਂ ਠੱਪ ਪਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ 15 ਸਤੰਬਰ ਨੂੰ ਪੈਸਟੀਸਾਈਡ ਡੀਲਰ ਤੋਂ ਰਿਸ਼ਵਤ ਲੈਣ ਦੇ ਮਾਮਲੇ ‘ਚ ਸਾਬਕਾ ਡਾਇਰੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਕਪਾਹ ਦੀ ਫਸਲ ਦੀ ਬਰਬਾਦੀ ਦਾ ਕਾਰਨ ਬਣੀ ਏਬਰਾਨ ਦੀ ਖਰੀਦ ਸਬੰਧੀ ਮੋਹਾਲੀ ‘ਚ ਦਰਜ ਹੋਈ 6 ਅਕਤੂਬਰ ਨੂੰ ਐੱਫ. ਆਈ. ਆਰ. ‘ਚ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਏਬਰਾਨ ਦੀ ਖਰੀਦ ‘ਚ ਹੋਏ ਭ੍ਰਿਸ਼ਟਾਚਾਰ ਦੇ ਤਾਰ ਮੁੱਖ ਮੰਤਰੀ ਦਫਤਰ ਨਾਲ ਜੁੜੇ ਹੋਏ ਹਨ। ਇਸ ਕੇਸ ‘ਚ ਕੋਈ ਗ੍ਰਿਫਤਾਰੀ ਨਾ ਹੋਣ ਨਾਲ ਪਤਾ ਲੱਗਾ ਹੈ ਕਿ ਦਾਲ ‘ਚ ਕੁਝ ਕਾਲਾ ਹੈ। ਘਟੀਆ ਪੈਸਟੀਸਾਈਡ ਕਾਰਨ ਮਾਲਵਾ ਦੇ 3 ਲੱਖ ਪਰਿਵਾਰ ਬਰਬਾਦ ਹੋ ਗਏ।
ਖੇਤੀਬਾੜੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਸਰਕਾਰ ਨੂੰ ਸੌਂਪੀ 1 ਅਕਤੂਬਰ 2015 ਦੀ ਰਿਪੋਰਟ ‘ਚ ਮੰਨਿਆ ਸੀ ਕਿ ਪੈਸਟੀਸਾਈਡ ਖਰੀਦ ‘ਚ ਵੱਡੇ ਪੈਮਾਨੇ ‘ਤੇ ਭ੍ਰਿਸ਼ਟਾਚਾਰ ਹੋਇਆ ਹੈ। ਪੈਸਟੀਸਾਈਡ ਕੰਪਨੀਆਂ ਤੋਂ ਕਮਿਸ਼ਨ ਲੈਣ ਦੇ ਚੱਕਰ ‘ਚ 8.50 ਲੱਖ ਏਕੜ ਕਪਾਹ ਦੀ ਫਸਲ ਬਰਬਾਦ ਹੋ ਗਈ। ਸੁਰੇਸ਼ ਕੁਮਾਰ ਦੀ ਰਿਪੋਰਟ ਤੋਂ ਬਾਅਦ ਹੀ 6 ਅਕਤੂਬਰ 2015 ਨੂੰ ਮੋਹਾਲੀ ‘ਚ ਐੱਫ. ਆਈ. ਆਰ. ਦਰਜ ਹੋਈ ਸੀ। ਮਾਮਲਾ ਦਰਜ ਹੋਣ ਤੋਂ 290 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਨੇ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਤਾਂ ਕੀ ਕਰਨਾ ਸੀ, ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਨਹੀਂ ਕਰਵਾਈ। ਜਾਖੜ ਨੇ ਐੱਸ. ਵਾਈ. ਐੱਲ. ਦੇ ਮੁੱਦੇ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਏ ਸਟੈਂਡ ਨੂੰ ਇਤਿਹਾਸਿਕ ਦੱਸਦੇ ਹੋਏ ਕਿਹਾ ਕਿ ਜਿਥੇ ਬਾਦਲ ਇਸ ਮਾਮਲੇ ‘ਚ ਦੂਸਰਿਆਂ ਦੀ ਕੁਰਬਾਨੀ ਮੰਗ ਰਹੇ ਹਨ, ਦੂਜੇ ਪਾਸੇ ਕੈਪਟਨ ਨੇ ਖੁਦ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਉਦਾਹਰਣ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸੁਪਰੀਮ ਕੋਰਟ ਦਾ ਫੈਸਲਾ ਪਾਣੀ ਦੇ ਮਾਮਲੇ ‘ਚ ਪੰਜਾਬ ਦੇ ਖਿਲਾਫ ਆਇਆ ਤਾਂ ਸਾਰੇ ਕਾਂਗਰਸੀ ਵਿਧਾਇਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।