ਨਵੀਂ ਦਿੱਲੀ: ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਤਾਰ ਸਿੰਘ ਤੰਵਰ ਦੇ ਘਰ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਹੈ। ਵਿਭਾਗ ਦੇ ਅਧਿਕਾਰੀ ਸਵੇਰੇ 8:30 ਵਜੇ ਵਿਧਾਇਕ ਦੇ ਘਰ ਪੁੱਜੇ ਤੇ ਘਰ ਦੀ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ। ਕਰਤਾਰ ਸਿੰਘ ਤੰਵਰ ਛੱਤਰਪੁਰ ਤੋਂ ਵਿਧਾਇਕ ਹਨ। ਛਾਪੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਪਾਰਟੀ ਅਨੁਸਾਰ ਸੀ.ਬੀ.ਆਈ., ਏ.ਸੀ.ਬੀ., ਦਿੱਲੀ ਪੁਲਿਸ ਤੋਂ ਬਾਅਦ ਹੁਣ ਆਮਦਨ ਕਰ ਵਿਭਾਗ ਵੀ ਆਮ ਆਦਮੀ ਦੇ ਪਿੱਛੇ ਪੈ ਗਿਆ ਹੈ। ਕਰਤਾਰ ਸਿੰਘ ਤੰਵਰ ਪਹਿਲਾਂ ਬੇਜੀਪੀ ਦੇ ਕੌਂਸਲਰ ਸਨ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਖ਼ਿਲਾਫ਼ ਵੱਖ ਵੱਖ ਮਾਮਲਿਆਂ ਵਿੱਚ ਕੇਸ ਦਰਜ ਹੋ ਚੁੱਕੇ ਹਨ। ਆਪ ਨੇਤਾ ਆਸ਼ੂਤੋਸ਼ ਨੇ ਟਵੀਟ ਕਰ ਕੇ ਆਖਿਆ ਕਿ ਹੁਣ ਆਪ ਵਿਧਾਇਕ ਕਰਤਾਰ ਸਿੰਘ ਤੰਵਰ ਨੂੰ ਟਾਰਗੈਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਘਰ ਉੱਤੇ ਆਮਦਨ ਕਰ ਵਿਭਾਗ ਦਾ ਛਾਪਾ ਪਿਆ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਆਖਿਆ ਕਿ ਸਵੇਰ ਸਮੇਂ ਕਰਤਾਰ ਸਿੰਘ ਤੰਵਰ ਦਾ ਨੰਬਰ ਆ ਗਿਆ ਦੇਖੋ ਹੁਣ ਸ਼ਾਮ ਨੂੰ ਕਿਸ ਦੀ ਵਾਰੀ ਹੈ।















