‘ਆਪ’ ਵੀ ਕਾਂਗਰਸ ਦੀ ਹੀ ਬੀ-ਟੀਮ ਤੇ ਉਸੇ ਵਾਂਗ ਸਿੱਖ-ਵਿਰੋਧੀ ਪਾਰਟੀ : ਸਿਰਸਾ

6ਜਲੰਧਰ :  ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਵਾਉਣ ਵਾਲੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਵਾਲਾ ਕੰਮ ਕੀਤਾ ਹੈ। ਇਹ ਵਿਚਾਰ ਇਥੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਗਟ ਕੀਤੇ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਸ਼੍ਰੀਮਤੀ ਕੇਜਰੀਵਾਲ ਨੇ ਆਪਣੇ ਫੇਸਬੁੱਕ ਪੰਨੇ ‘ਤੇ 14 ਜੁਲਾਈ ਨੂੰ ਟਿੱਪਣੀ ਕੀਤੀ ਕਿ ਇੰਦਰਾ ਜੀ ਵੀ ਨਹਿਰੂ ਪਰਿਵਾਰ ਤੋਂ ਆਏ ਸਨ ਪਰ ਅੱਜ ਤੱਕ ਦੇਸ਼ ਨੂੰ ਉਨ੍ਹਾਂ ਤੋਂ ਬਿਹਤਰ ਪ੍ਰਧਾਨ ਮੰਤਰੀ ਨਹੀਂ ਮਿਲਿਆ। ਪਰਿਵਾਰਵਾਦ ਦਾ ਹਵਾਲਾ ਦਿੰਦੇ ਤਾਂ ਅੱਜ ਤੱਕ ਹਿੰਦੁਸਤਾਨ ਨੂੰ ਇੰਦਰਾ ਜਿਹੀ ਪ੍ਰਧਾਨ ਮੰਤਰੀ ਨਾ ਮਿਲ ਪਾਉਂਦੀ।
ਉਨ੍ਹਾਂ ਕਿਹਾ ਕਿ ਸ਼੍ਰੀਮਤੀ ਕੇਜਰੀਵਾਲ ਦੀ ਇਸ ਟਿੱਪਣੀ ਨਾਲ ਸਪੱਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਕੋਈ ਵੱਖਰੀ ਪਾਰਟੀ ਨਹੀਂ, ਸਗੋਂ ਕਾਂਗਰਸ ਪਾਰਟੀ ਦੀ ਹੀ ਬੀ-ਟੀਮ ਹੈ। ਇਹੀ ਕਾਰਨ ਹੈ ਕਿ ਪਿਛਲੇ ਸਮੇਂ ਵਿਚ ‘ਆਪ’ ਆਗੂਆਂ ਵੱਲੋਂ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਗਿਆ ਅਤੇ ਕਦੇ ਦਰਬਾਰ ਸਾਹਿਬ ਦੀ ਤਸਵੀਰ ਦੀ ਬੇਅਦਬੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼੍ਰੀਮਤੀ ਕੇਜਰੀਵਾਲ ਵੱਲੋਂ ਇਸ ਤਰ੍ਹਾਂ ਸ਼ਰੇਆਮ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਵਾਲੀ ਟਿੱਪਣੀ ਕਰਨਾ ਅਤਿ-ਨਿੰਦਣਯੋਗ ਕਾਰਵਾਈ ਹੈ।