ਰਾਸ਼ਟਰਪਤੀ ਦੇ ਚਾਰ ਸਾਲ ਪੂਰੇ ਹੋਣ ‘ਤੇ ਬੋਲੇ ਮੋਦੀ

9ਨਵੀਂ ਦਿੱਲੀ — ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀਆਂ ਸਿਫਤਾਂ ਦੇ ਪੁਲ ਬੰਨ੍ਹਦੇ ਹੋਏ ਉਨ੍ਹਾਂ ਨੂੰ ਗਾਰਡੀਅਨ ਅਤੇ ਮਾਰਗਦਰਸ਼ਕ ਦੱਸਿਆ ਅਤੇ ਕਿਹਾ ਕਿ ਦੋ ਸਾਲ ਪਹਿਲਾਂ ਪ੍ਰਧਾਨ-ਮੰਤਰੀ ਪਦ ਸੰਭਾਲਣ ਤੋਂ ਬਾਅਦ ਉਨ੍ਹਾਂ ਉਂਗਲੀ ਫੜ ਕੇ ਵੱਖ-ਵੱਖ ਵਿਸ਼ਿਆਂ ‘ਤੇ ਮੈਨੂੰ ਰਸਤਾ ਵਿਖਾਇਆ ਹੈ। ਰਾਸ਼ਟਰਪਤੀ ਪਦ ‘ਤੇ ਪ੍ਰਣਬ ਮੁਖਰਜੀ ਨੂੰ ਅੱਦ ਚਾਰ ਸਾਲ ਪੂਰੇ ਹੋਏ ਹਨ।
ਰਾਸ਼ਟਰਪਤੀ ਭਵਨ ਅਜਾਇਬ ਘਰ ਦੇ ਦੂਸਰੇ ਚਰਣ ਦਾ ਉਦਘਾਟਨ ਕਰਦੇ ਹੋਏ ਮੋਦੀ ਨੇ ਕਿਹਾ,”ਮੈਂ ਦਿੱਲੀ ਦੀ ਦੁਨੀਆਂ ‘ਚ ਨਵਾਂ ਸੀ। ਮੇਰੇ ਲਈ ਨਵਾਂ ਮਾਹੌਲ ਸੀ। ਵੱਖ-ਵੱਖ ਵਿਸ਼ਿਆਂ ‘ਤੇ ਰਾਸ਼ਟਰਪਤੀ ਨੇ ਇਕ ਗਾਰਡੀਅਨ, ਇਕ ਮਾਰਗਦਰਸ਼ਕ ਦੇ ਰੂਪ ‘ਚ ਮੇਰੀ ਉਂਗਲੀ ਫੜ ਕੇ ਮੈਨੂੰ ਰਸਤਾ ਵਿਖਾਇਆ। ਬਹੁਤ ਘੱਟ ਲੋਕਾਂ ਨੂੰ ਅਜਿਹਾ ਮਾਣ ਪ੍ਰਾਪਤ ਹੁੰਦਾ ਹੈ।” ਰਾਸ਼ਟਰਪਤੀ ਭਵਨ ਦੇ ਇਤਿਹਾਸ ਨੂੰ ਸੁਰੱਖਿਅਤ ਕਰਨ ਅਤੇ ਭਵਨ ਸੰਭਾਲ ਦੀ ਦਿਸ਼ਾ ‘ਚ ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਮੁਖਰਜੀ ਨੇ ਆਪਣੇ ਜਨਤਕ ਜੀਵਨ ਦੌਰਾਨ ਅਤੇ ਰਾਸ਼ਟਰਪਤੀ ਪਦ ‘ਤੇ ਚਾਰ ਸਾਲ ਦੇ ਕਾਰਜਕਾਲ ‘ਚ ਇਸ ਇਤਿਹਾਸਕ ਭਵਨ ਨੂੰ ਬਹੁਤ ਕੁਝ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੁਖਰਜੀ ਨੇ ਰਾਸ਼ਟਰਪਤੀ ਭਵਨ ਨੂੰ ਆਮ ਜਨਤਾ ਅਤੇ ਸੱਤਾ ਦੇ ਸਰਵੋਤਮ ਕੇਂਦਰ ਵਿਚਾਲੇ ਸੰਪਰਕ ਖੇਤਰ ਦੇ ਰੂਪ ‘ਚ ਵਿਕਸਤ ਕੀਤਾ। ਉਨ੍ਹਾਂ ਕਿਹਾ,”ਮਹੱਤਵਪੂਰਨ ਗੱਲ ਇਹ ਹੈ ਕਿ ਮੇਰੀ ਰਾਜਨੀਤਕ ਪਿੱਠ-ਭੂਮੀ ਅਲੱਗ ਹੈ ਅਤੇ ਰਾਸ਼ਟਰਪਤੀ ਦੀ ਰਾਜਨੀਤਕ ਪਿੱਠ-ਭੂਮੀ ਅਲੱਗ, ਪਰ ਉਨ੍ਹਾਂ ਨਾਲ ਅਸੀਂ ਹਰੇਕ ਪਲ ਮਹਿਸੂਸ ਕਰ ਸਕਦੇ ਹਾਂ ਕਿ ਕਿਵੇਂ ਲੋਕਤੰਤਰ ‘ਚ ਵੱਖ-ਵੱਖ ਰਾਜਨੀਤਕ ਪਿੱਠ-ਭੂਮੀ ਦੇ ਲੋਕ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਸਕਦੇ ਹਨ।”