ਸੰਗਰੂਰ, 25 ਜੁਲਾਈ : ਮਲੇਰਕੋਟਲਾ ਵਿਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ ਵਿਚ ਆਮ ਆਦਮੀ ਪਾਰਟੀਦੇ ਵਿਧਾਇਕ ਨਰੇਸ਼ ਯਾਦਵ ਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਥੇ ਉਹਨੂੰ ਨੂੰ ਦੋ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ|
ਵਰਣਨਯੋਗ ਹੈ ਕਿ ਨਰੇਸ਼ ਯਾਦਵ ਨੂੰ ਬੀਤੀ ਰਾਤ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ| ਉਹਨਾਂ ਤੇ ਮਲੇਰਕੋਟਲਾ ਇਲਾਕੇ ਵਿਚ ਤਣਾਅ ਫੈਲਾਉਣ ਲਈ ਕੁਰਾਨ ਦੇ ਪੰਨੇ ਫਾੜਣ ਦੀ ਸਾਜਿਸ਼ ਰਚਨ ਦਾ ਦੋਸ਼ ਹੈ|ਸੰਗਰੂਰ ਪੁਲਿਸ ਵੱਲੋਂ ਮਲੇਰਕੋਟਲਾ ਵਿਖੇ ਪਵਿੱਤਰ ਕੁਰਾਨ ਸ਼ਰੀਫ ਦੀ ਹੋਈ ਬੇਅਦਬੀ ਦੀ ਕਾਰਵਾਈ ਸਬੰਧੀ ਦਰਜ ਕੇਸ ਵਿਚ ਗਿ੍ਫਤਾਰ ਮੁੱਖ ਦੋਸ਼ੀ ਵਿਜੇ ਗਰਗ ਦੇ ਬਿਆਨਾਂ ਦੇ ਅਧਾਰ ‘ਤੇ ਪੁੱਛਗਿੱਛ ਲਈ 2 ਵਾਰ ਬੁਲਾ ਕੇ ਪੁੱਛਗਿੱਛ ਕੀਤੀ ਗਈ ਸੀ ਅਤੇ ਵਿਜੇ ਗਰਗ ਅਤੇ ਯਾਦਵ ਨੂੰ ਇੱਕ ਦੂਸਰੇ ਦੇ ਸਾਹਮਣੇ ਬਿਠਾ ਕੇ ਵੀ ਸੁਆਲ ਜੁਆਬ ਕੀਤੇ ਗਏ ਸਨ | ਲੇਕਿਨ ਪੁਲਿਸ ਅਧਿਕਾਰੀਆਂ ਦਾ ਮੰਨਣਾ ਸੀ ਕਿ ਸ੍ਰੀ ਯਾਦਵ ਪੁਲਿਸ ਨੂੰ ਠੀਕ ਜਾਣਕਾਰੀ ਨਹੀਂ ਦੇ ਰਹੇ | ਪੁਲਿਸ ਦਾ ਦੋਸ਼ ਹੈ ਕਿ ਮੁੱਖ ਦੋਸ਼ੀ ਵਿਜੇ ਗਰਗ ਵੱਲੋਂ ਪੁੱਛਗਿੱਛ ਦੌਰਾਨ ਦੱਸਿਆ ਗਿਆ ਕਿ ਉਸ ਨੂੰ ਬੇਅਦਬੀ ਵਾਲੀ ਕਾਰਵਾਈ ਕਰਨ ਲਈ ਸ੍ਰੀ ਨਰੇਸ਼ ਯਾਦਵ ਵੱਲੋਂ ਉਕਸਾਇਆ ਗਿਆ ਅਤੇ ਮਾਲੀ ਰਾਸ਼ੀ ਦੇਣ ਦਾ ਵੀ ਲਾਲਚ ਦਿੱਤਾ ਗਿਆ ਸੀ | ਪਰ ਦੂਸਰੇ ਪਾਸੇ ਨਰੇਸ਼ ਯਾਦਵ ਵਲੋਂ ਆਪਣੇ ਉਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ|















