ਮੈਨੂੰ ਪੰਜਾਬ ਤੋਂ ਦੂਰ ਰਹਿਣ ਲਈ ਕਿਹਾ ਗਿਆ, ਇਸ ਲਈ ਦਿੱਤਾ ਅਸਤੀਫਾ : ਨਵਜੋਤ ਸਿੰਘ ਸਿੱਧੂ

3ਨਵੀਂ ਦਿੱਲੀ : ਮੈਨੂੰ ਪੰਜਾਬ ਤੋਂ ਦੂਰ ਰਹਿਣ ਲਈ ਕਿਹਾ ਗਿਆ, ਇਸ ਲਈਂ ਮੈਂ ਰਾਜ ਸਭ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ| ਇਹ ਗੱਲ ਅੱਜ ਇਥੇ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰ ਸੰਮੇਲਨ ਦੌਰਾਨ ਕਹੀ| ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਮੈਨੂੰ ਪੰਜਾਬ ਛੱਡ ਕੇ ਰਾਜ ਸਭਾ ਮੈਂਬਰ ਦੀ ਕੁਰਸੀ ਤੇ ਬੈਠਣ ਲਈ ਕਿਹਾ ਜਾ ਰਿਹਾ ਸੀ| ਪੰਛੀ ਵੀ ਆਪਣਾ ਆਲਣਾ ਨਹੀਂ ਛੱਡਦੇ, ਮੈਂ ਪੰਜਾਬ ਕਿਵੇਂ ਛੱਡ ਦਿੰਦਾ| ਉਹਨਾਂ ਕਿਹਾ ਕਿ ਜਿਹਨਾਂ ਲੋਕਾਂ ਨੇ ਚਾਰ ਵਾਰੀ ਮੈਨੂੰ ਜਿਤਾਇਆ, ਮੈਂ ਉਹਨਾਂ ਨੂੰ ਕਿਵੇਂ ਛੱਡ ਦਿੰਦਾ| ਉਹਨਾਂ ਕਿਹਾ ਕਿ ਮੇਰੇ ਲਈ ਪੰਜਾਬ ਹੀ ਸਭ ਕੁਝ ਹੈ ਅਤੇ ਕੋਈ ਵੀ ਪਾਰਟੀ ਪੰਜਾਬ ਤੋਂ ਵੱਧ ਨਹੀਂ ਹੈ| ਜਿਥੇ ਪੰਜਾਬ ਦੇ ਹਿੱਤ ਹੋਣਗੇ, ਉਥੇ ਸਿੱਧੂ ਰਹੇਗਾ| ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਸਮੇਂ ਮੈਨੂੰ ਅੰਮ੍ਰਿਤਸਰ ਦੀ ਥਾਂ ਕੁਰਕਸ਼ੇਤਰ ਜਾਂ ਦਿੱਲੀ ਤੋਂ ਚੋਣ ਲਡ਼ਨ ਲਈ ਕਿਹਾ ਗਿਆ ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਕਦੇ ਖੁਦ ਦਾ ਨਫਾ ਨੁਕਸਾਨ ਨਹੀਂ ਦੇਖਿਆ। ਮੈਨੂੰ ਅਹੁਦੇ ਦਾ ਲਾਲਚ ਨਹੀਂ। ਆਖਰ ਮੇਰਾ ਕੀ ਕਸੂਰ ਸੀ ਕਿ ਮੈਨੂੰ ਪੰਜਾਬ ਤੋਂ ਦੂਰ ਕੀਤਾ ਜਾ ਰਿਹਾ ਸੀ।
ਇਸ ਮੌਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਬਾਰੇ ਨਵਜੋਤ ਸਿੰਘ ਸਿੱਧੂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ| ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ|