‘ਆਪਣਿਆਂ ਨੂੰ ਰੇਓੜੀਆਂ ਵਾਂਗ ਟਿਊਬਵੈੱਲ ਕੁਨੈਕਸ਼ਨ ਵੰਡ ਰਹੇ ਹਨ ਅਕਾਲੀ : ਖਹਿਰਾ

2ਚੰਡੀਗੜ੍ਹ :  ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਗਾਇਆ ਹੈ ਕਿ ਵਰ੍ਹਿਆਂ ਤੋਂ ਟਿਊਬਵੈੱਲ ਕੁਨੈਕਸ਼ਨ ਮਿਲਣ ਦੀ ਉਡੀਕ ਕਰ ਰਹੇ ਕਿਸਾਨਾਂ ਦੇ ਨਾਲ ਬਾਦਲ ਸਰਕਾਰ ਬੇਇਨਸਾਫੀ ਕਰ ਰਹੀ ਹੈ। ਪਾਰਟੀ ਬੁਲਾਰੇ ਸੁਖਪਾਲ ਖਹਿਰਾ ਤੇ ਪਾਰਟੀ ਦੇ ਆਰ. ਟੀ. ਆਈ. ਸੈੱਲ ਦੇ ਕੋ-ਕਨਵੀਨਰ ਦਿਨੇਸ਼ ਚੱਢਾ ਨੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਆਰ. ਟੀ. ਆਈ. ਤਹਿਤ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਦੋਸ਼ ਲਗਾਇਆ ਕਿ ਬਾਦਲ ਸਰਕਾਰ ਦੇ ‘ਅਕਾਲੀ ਜਥੇਦਾਰਾਂ’ ਵਲੋਂ ਆਪਣਿਆਂ ਨੂੰ 25000 ਟਿਊਬਵੈੱਲ ਕੁਨੈਕਸ਼ਨ ਰੇਓੜੀਆਂ ਵਾਂਗ ਵੰਡੇ ਗਏ ਹਨ। ਉਨ੍ਹਾਂ ਆਰ.ਟੀ.ਆਈ. ‘ਤੇ ਆਧਾਰਤ ਹਰ ਵਿਧਾਨ ਸਭਾ ਖੇਤਰ ਦੀ ਜਾਣਕਾਰੀ ਮੀਡੀਆ ਨੂੰ ਜਾਰੀ ਕੀਤੀ, ਜਿਸ ‘ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀ. ਐੱਸ. ਪੀ. ਸੀ. ਐੱਲ.) ਦਾ ਚੇਅਰਮੈਨ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਿਫਾਰਸ਼ੀ ਬਿਨੈਕਾਰਾਂ ਨੂੰ ਤਰਸ ਦੇ ਆਧਾਰ ‘ਤੇ ਪਹਿਲ ਤਹਿਤ ਨਵੇਂ ਟਿਊਬਵੈੱਲ ਕੁਨੈਕਸ਼ਨ ਮਨਜ਼ੂਰ ਕਰ ਰਿਹਾ ਹੈ।
ਖਹਿਰਾ ਨੇ ਕਿਹਾ ਕਿ ਆਪਣੀਆਂ ਹੀ ਮਨਘੜਤ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਦੁਰਵਰਤੋਂ ਕਰਦੇ ਹੋਏ ਪੀ. ਐੱਸ.ਪੀ. ਸੀ. ਐੱਲ. ਦਾ ਚੇਅਰਮੈਨ ਬਾਦਲਾਂ ਦੀ ਕਠਪੁਤਲੀ ਵਾਂਗ ਕੰਮ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੀ.ਐੱਸ. ਪੀ. ਸੀ. ਐੱਲ. ਨੇ ਸਿਆਸਤ ਤੋਂ ਪ੍ਰੇਰਿਤ ‘ਚੇਅਰਮੈਨ ਕੋਟੇ’ ਨੂੰ ਤੁਰੰਤ ਰੱਦ ਨਾ ਕੀਤਾ ਤਾਂ ‘ਆਪ’ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਬੂਹਾ ਖੜਕਾਏਗੀ, ਤਾਂ ਜੋ ਟਿਊਬਵੈੱਲ ਕੁਨੈਕਸ਼ਨਾਂ ਲਈ 20 ਸਾਲ ਤੋਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਪੰਜਾਬ ਦੇ ਲਗਭਗ 4 ਲੱਖ ਕਿਸਾਨ ਬਿਨੈਕਾਰ ਜਿਨ੍ਹਾਂ ਨੇ ਆਪਣੀਆਂ ਅਰਜ਼ੀਆਂ ਦੇ ਨਾਲ ਫੀਸ ਵੀ ਜਮ੍ਹਾ ਕਰਵਾਈ ਹੋਈ ਹੈ, ਨੂੰ ਇਨਸਾਫ ਮਿਲ ਸਕੇ।
ਖਹਿਰਾ ਨੇ ਕਿਹਾ ਕਿ ਇਕ ਪਾਸੇ ਤਾਂ ਲੱਖਾਂ ਕਿਸਾਨ 1996 ਤੋਂ ਉਡੀਕ ਕਰ ਰਹੇ ਹਨ, ਦੂਜੇ ਪਾਸੇ ‘ਚੇਅਰਮੈਨ ਕੋਟੇ’ ਦੀ ਆੜ ‘ਚ ਅਕਾਲੀ ਵਿਧਾਇਕਾਂ, ਹਲਕਾ ਇੰਚਾਰਜਾਂ ਅਤੇ ਹੋਰਨਾ ਜਥੇਦਾਰਾਂ ਦੀਆਂ ਸਿਫਾਰਸ਼ਾਂ ‘ਤੇ ਆਪਣੇ ਨਜ਼ਦੀਕੀਆਂ ਨੂੰ ਬਿਨਾ ਵਾਰੀ 25 ਹਜ਼ਾਰ ਟਿਊਬਵੈੱਲ ਕੁਨੈਕਸ਼ਨ ਜਾਰੀ ਹੋ ਚੁੱਕੇ ਹਨ। ਆਰ.ਟੀ.ਆਈ.ਤੋਂ ਪ੍ਰਾਪਤ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਖਹਿਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ‘ਜੀਜਾ-ਸਾਲਾ’ ਜੋੜੀ ਨੇ ਤਾਂ ਆਪੋ ਆਪਣੇ ਹਲਕਿਆਂ ‘ਚ ਲੜੀਵਾਰ 1055 ਅਤੇ 1461 ਟਿਊਬਵੈੱਲ ਕੁਨੈਕਸ਼ਨ ਜਾਰੀ ਕਰਵਾ ਦਿੱਤੇ ਹਨ। ਇਹੋ ਨਹੀਂ ਚੁਣਾਵੀ ਵਰ੍ਹੇ ਦੇ ਮੱਦੇਨਜ਼ਰ ਮਨਜ਼ੂਰ ਕੀਤੇ ਕੁਲ ਸਵਾ ਲੱਖ ਟਿਊਬਵੈੱਲ ਕੁਨੈਕਸ਼ਨ ਸੰਬੰਧੀ ਡਿਮਾਂਡ ਨੋਟਿਸ ‘ਅਕਾਲੀ ਜਥੇਦਾਰਾਂ’ ਦੇ ਹੱਥ ‘ਚ ਫੜਾ ਦਿੱਤੇ ਹਨ।
ਚੱਢਾ ਨੇ ਕਿਹਾ ਕਿ ‘ਸਿਫਾਰਸ਼ਾਂ’ ਦੇ ਬਾਵਜੂਦ ਕੁਨੈਕਸ਼ਨ ਚਾਲੂ ਕਰਨ ਲਈ ਹਰ ਤਰ੍ਹਾਂ ਦਾ ਖਰਚ ਕਿਸਾਨ ‘ਤੇ ਪਾਇਆ ਜਾਂਦਾ ਹੈ। ਪਹਿਲਾਂ ਹੀ ਕਰਜ਼ੇ ‘ਚ ਡੁੱਬੇ ਆਮ ਕਿਸਾਨ ਨੂੰ 1-1 ਕੁਨੈਕਸ਼ਨ ਲੱਖਾਂ ਰੁਪਏ ‘ਚ ਪੈ ਰਿਹਾ ਹੈ। ਖਹਿਰਾ ਨੇ ਇਸ ਮਾਮਲੇ ‘ਚ ਚੁੱਪ ਬੈਠੀ ਵਿਰੋਧੀ ਧਿਰ ਪਾਰਟੀ ਕਾਂਗਰਸ ਨੂੰ ਘੇਰਦੇ ਹੋਏ ਕਿਹਾ ਕਿ ਕਾਂਗਰਸ ਦੀ ਚੁੱਪੀ ਨਾਲ ਸਪਸ਼ਟ ਹੈ ਕਿ ਇਹ ਖੇਡ ਅਕਾਲੀ ਅਤੇ ਕਾਂਗਰਸੀ ਮਿਲ ਕੇ ਖੇਡ ਰਹੇ ਹਨ, ਨਹੀਂ ਤਾਂ 45 ਵਿਧਾਇਕ ਹੋਣ ਦੇ ਬਾਵਜੂਦ ਕਾਂਗਰਸ ਨੇ ਇਸ ਮੁੱਦੇ ‘ਤੇ ਅੱਜ ਤਕ ਉਚਿੱਤ ਵਿਰੋਧ ਨਹੀਂ ਜਤਾਇਆ। ਜਿਸਦੇ ਦਬਾਅ ‘ਚ ਅਕਾਲੀ-ਭਾਜਪਾ ਸਰਕਾਰ ਵਲੋਂ ਕਿਸਾਨਾਂ ਨਾਲ ਹੋ ਰਹੀ ਬੇਇਨਸਾਫੀ ਬੰਦ ਹੋ ਸਕਦੀ ਹੈ।