ਬਾਦਲ ਨੇ ਪਰਗਟ ਸਿੰਘ ਤੇ ਬੁਲਾਰੀਆ ‘ਤੇ ਸਾਧਿਆ ਨਿਸ਼ਾਨਾ, ‘ਮਾਂ ਪਾਰਟੀ ਨੂੰ ਛੱਡਣਾ ਮਾੜੀ ਗੱਲ’

5ਬਰਨਾਲਾ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪਾਰਟੀ ‘ਚੋਂ ਮੁਅੱਤਲ ਕੀਤੇ ਗਏ ਵਿਧਾਇਕ ਪਰਗਟ ਸਿੰਘ ਅਤੇ ਇੰਦਰਬੀਰ ਸਿੰਘ ਬੁਲਾਰੀਆ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਹਾਂ ਨੂੰ ਪਾਰਟੀ ਦੀ ਟਿਕਟ ਦੇ ਕੇ ਵਿਧਾਇਕ ਬਣਾਇਆ ਗਿਆ ਸੀ ਪਰ ਆਪਣੀ ਮਾਂ ਪਾਰਟੀ ਨੂੰ ਛੱਡਣਾ ਮਾੜੀ ਗੱਲ ਹੈ।
ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਦੋਹਾਂ ਆਗੂਆਂ ਨੇ ਲੰਬੇ ਸਮੇਂ ਤੋਂ ਪਾਰਟੀ ਦੇ ਸਮਾਰੋਹਾਂ ਤੋਂ ਦੂਰੀ ਬਣਾਈ ਹੋਈ ਸੀ। ਜ਼ਿਕਰਯੋਗ ਹੈ ਕਿ ਪਰਗਟ ਸਿੰਘ ਨੇ ਇਸ ਬਾਰੇ ਸਾਫ ਅਜੇ ਬੀਤੇ ਦਿਨ ਹੀ ਇਕ ਪ੍ਰੈੱਸ ਕਾਨਫਰੰਸ ‘ਚ ਸਾਫ ਕੀਤਾ ਸੀ ਕਿ ਜੇਕਰ ਪਾਰਟੀ ਉਨ੍ਹਾਂ ਦੇ ਕੰਮ ਨਹੀਂ ਕਰ ਰਹੀ ਤਾਂ ਫਿਰ ਉਹ ਪਾਰਟੀ ਦੇ ਸਮਾਰੋਹਾਂ ‘ਚ ਜਾ ਕੇ ਕੀ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਭਾਵੇਂ ਮੁੱਖ ਮੰਤਰੀ ਬਾਦਲ ਵਲੋਂ ਸੰਗਤ ਦਰਸ਼ਨ ਕਰਕੇ ਲੋਕਾਂ ਨੂੰ ਵਿਕਾਸ ਕਾਰਜਾਂ ਲਈ ਕਰੋੜਾਂ ਦੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਆਮ ਲੋਕਾਂ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਅ ਨਹੀਂ ਲੈ ਰਹੀਆਂ। ਵੀਰਵਾਰ ਨੂੰ ਵੀ ਮੁੱਖ ਮੰਤਰੀ ਬਾਦਲ ਦੇ ਮਹਿਲਕਲਾਂ ਵਿਖੇ ਕੀਤੇ ਗਏ ਸੰਗਤ ਦਰਸ਼ਨ ‘ਚੋਂ ਬਹੁਤੇ ਲੋਕ ਨਿਰਾਸ਼ ਹੀ ਮੁੜ ਗਏ, ਜਿਸ ਦਾ ਕਾਰਨ ਉਨ੍ਹਾਂ ਨੇ ਮੁਸ਼ਕਲਾਂ ਦੀ ਸੁਣਵਾਈ ਨਾ ਹੋਣਾ ਦੱਸਿਆ।
ਇਸ ਦੌਰਾਨ ਆਂਗਨਵਾੜੀ ਵਰਕਰਾਂ ਨੇ ਵੀ ਸੰਗਤ ਦਰਸ਼ਨ ਦੌਰਾਨ ਆਪਣਾ ਪੱਖ ਮੁੱਖ ਮੰਤਰੀ ਕੋਲ ਰੱਖਣ ਤੋਂ ਰੋਕਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਬਾਦਲ ਦੇ ਸੰਗਤ ਦਰਸ਼ਨ ਤੋਂ ਮਹਿਜ਼ ਡਰਾਮਾ ਦੱਸਦਿਆਂ ਕਿਹਾ ਹੈ ਕਿ ਵਰ੍ਹਿਆਂ ਤੋਂ ਉਨ੍ਹਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ ਅਤੇ ਉਹ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਦੱਸਿਆ ਕਿ ਹਰ ਵਾਰ ਮੁੱਖ ਮੰਤਰੀ ਵਲੋਂ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦੇ ਦਿੱਤਾ ਜਾਂਦਾ ਹੈ ਪਰ ਹੱਲ ਕਦੇ ਵੀ ਨਹੀਂ ਕੱਢਿਆ ਜਾਂਦਾ।