ਅਣਲਿਖੇ ਨਿਯਮਾਂ ਨਾਲ ਬਹੁਤ ਮੁਸ਼ਕਿਲ ਹੁੰਦੀ ਹੈ। ਉਹ ਸਰਵ-ਵਿਆਪਕ ਭਾਵ ਸਭ ਲਈ ਇੱਕੋ ਜਿਹੇ ਨਹੀਂ ਹੁੰਦੇ। ਕਿਸੇ ਇੱਕ ਵਿਅਕਤੀ ਲਈ ਜੋ ਆਖ਼ਰੀ ਸਰਹੱਦ ਹੋਵੇ, ਉਹ ਕਿਸੇ ਦੂਸਰੇ ਲਈ ਉਸ ਦੇ ਪਹਿਲੇ ਮੋਰਚੇ ਦੀ ਸ਼ੁਰੂਆਤ ਹੋ ਸਕਦੀ ਹੈ। ਦਰਅਸਲ, ਅਜਿਹੇ ਨਿਯਮ ਇਸ ਤੋਂ ਵੀ ਜ਼ਿਆਦਾ ਭੈੜੇ ਹੁੰਦੇ ਨੇ। ਉਹ ਆਪਾ-ਵਿਰੋਧੀ ਹੋ ਸਕਦੇ ਹਨ ਇੱਕ ਹੀ ਵਿਅਕਤੀ ਲਈ ਉਨ੍ਹਾਂ ਦੀ ਪਰਿਭਾਸ਼ਾ ਹਰ ਨਵੇਂ ਦਿਨ ਨਾਲ ਬਦਲ ਸਕਦੀ ਹੈ। ਕਿਸੇ ਇੱਕ ਦਿਨ ਜਿਹੜੀ ਚੀਜ਼ ਕਰਨੀ ਜਾਂ ਕਹਿਣੀ ਸਹੀ ਹੈ, ਅਗਲੇ ਹੀ ਦਿਨ ਉਹ ਇੱਕ ਨਾਗ਼ਵਾਰ ਪੇਸ਼ਕਸ਼ ਬਣ ਸਕਦੀ ਹੈ। ਤੁਹਾਡੇ ਸੰਸਾਰ ‘ਚ ਕਿਸੇ ਜਗ੍ਹਾ ਇਸ ਵਕਤ ਤਵਾਜ਼ਨ ਕਾਇਮ ਰੱਖਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਜੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਤੋਂ ਕੀ ਤਵੱਕੋ ਰੱਖੀ ਜਾ ਰਹੀ ਹੈ, ਪੁੱਛੋ। ਜੇਕਰ ਫ਼ਿਰ ਵੀ ਤੁਹਾਨੂੰ ਕੁਝ ਸਮਝ ਨਹੀਂ ਆਉਂਦੀ, ਕਿਸੇ ਦੂਸਰੇ ਨੂੰ ਪੁੱਛੋ ਕਿ ਜੇਕਰ ਉਹ ਤੁਹਾਡੀ ਵਾਲੀ ਸਥਿਤੀ ‘ਚ ਹੁੰਦੇ ਤਾਂ ਕਿੰਝ ਮਹਿਸੂਸ ਕਰਦੇ।
ਕੁਝ ਲੋਕ ਕਰਜ਼ਾ ਚੁਕਾਉਣ ਦੀ ਆਪਣੀ ਔਕਾਤ ਤੋਂ ਬਿਨਾਂ ਹੀ ਉਧਾਰ ਚੁੱਕ ਲੈਂਦੇ ਹਨ। ਮਜ਼ੇ ਦੀ ਗੱਲ ਇਹ ਹੈ, ਸਭ ਤੋਂ ਵਧੀਆ ਕ੍ਰੈਡਿਟ ਵਾਲੇ ਲੋਕ ਉਹ ਹੁੰਦੇ ਨੇ ਜਿਹੜੇ ਬਹੁਤ ਹੀ ਘੱਟ ਦੂਸਰਿਆਂ ਤੋਂ ਕੋਈ ਮਦਦ ਮੰਗਦੇ ਹਨ। ਜਦੋਂ ਉਨ੍ਹਾਂ ਨੂੰ ਸੱਚਮੁੱਚ ਉਸ ਦੀ ਲੋੜ ਵੀ ਹੋਵੇ ਤਾਂ ਵੀ ਨਹੀਂ। ਜਿਵੇਂ ਪੈਸੇ ਦੇ ਮਾਮਲੇ ‘ਚ ਹੁੰਦੈ, ਉਂਝ ਹੀ ਸਮਾਜਕ ਅਤੇ ਭਾਵਨਾਤਮਕ ਮਾਮਲਿਆਂ ‘ਚ ਵੀ। ਸਾਡੇ ‘ਚੋਂ ਅੱਧੇ ਅਜਿਹੇ ਵਾਅਦੇ ਕਰਨ ‘ਚ ਰੁੱਝੇ ਹੋਏ ਨੇ ਜਿਹੜੇ ਉਹ ਕਿਸੇ ਵੀ ਹਾਲਤ ‘ਚ ਪੁਗਾ ਨਹੀਂ ਸਕਦੇ; ਬਾਕੀ ਦਾ ਦੂਸਰਾ ਅੱਧਾ ਹਿੱਸਾ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ‘ਚ ਰੁੱਝਿਆ ਹੋਇਐ ਜਿਹੜੇ ਉਸ ਨੂੰ ਕਦੇ ਕਰਨੇ ਹੀ ਨਹੀਂ ਸੀ ਚਾਹੀਦੇ। ਤੁਸੀਂ ਥੋੜ੍ਹੀ ਮਦਦ ਦੇ ਹੱਕਦਾਰ ਹੋ। ਉਹ ਤੁਹਾਨੂੰ ਓਦੋਂ ਤਕ ਨਹੀਂ ਮਿਲੇਗੀ ਜਦੋਂ ਤਕ ਤੁਸੀਂ ਮੰਗਦੇ ਨਹੀਂ, ਪਰ ਜੇਕਰ ਤੁਸੀਂ ਮੰਗੋਗੇ, ਤੁਹਾਡੀ ਸੁਹਿਰਦ ਦਰਖ਼ਾਸਤ ਜ਼ਰੂਰ ਮੰਨ ਲਈ ਜਾਵੇਗੀ।
ਬ੍ਰੈਂਡ ਨੇਮਜ਼। ਕੀ ਅਸੀਂ ਸਾਰੇ ਹੀ ਉਨ੍ਹਾਂ ਦੇ ਦੀਵਾਨੇ ਨਹੀਂ? ਅਸੀਂ ਦੂਸਰਿਆਂ ਨੂੰ ਦਿਖਾ-ਦਿਖਾ ਕੇ ਉਨ੍ਹਾਂ ਨੂੰ ਭੋਗਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਦੁਨੀਆਂ ਇਹ ਜਾਣੇ ਕਿ ਉਨ੍ਹਾਂ ਖ਼ੁਸ਼ਕਿਸਮਤ ਦਿਖਣ ਵਾਲੇ ਲੋਕਾਂ ਵਾਂਗ ਲੱਗਣ ਲਈ, ਜਿਹੜੇ ਹਰ ਦੇਖੇ ਹੋਏ ਇਸ਼ਤਿਹਾਰ ‘ਤੇ ਇਤਬਾਰ ਕਰ ਲੈਂਦੇ ਨੇ, ਅਸੀਂ ਕਿੰਨਾ ਪੈਸਾ ਖ਼ਰਚਣ ਲਈ ਤਿਆਰ ਹਾਂ! ਇਸ ਸੰਸਾਰ ‘ਚ ਬਹੁਤ ਸਾਰੇ ਅਜਿਹੇ ਰਾਜੇ ਹਨ ਜਿਨ੍ਹਾਂ ਕੋਲ ਸ਼ੇਖੀ ਮਾਰਨ ਲਈ ਬਹੁਤ ਸਾਰੇ ਨਵੇਂ ਵਸਤਰ ਹਨ ਅਤੇ ਬਹੁਤ ਸਾਰੇ ਅਜਿਹੇ ਵਿਅਕਤੀ ਵੀ ਜਿਹੜੇ ਉਨ੍ਹਾਂ ਦੀ ਤਾਰੀਫ਼ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਨੇ। ਤੁਹਾਨੂੰ, ਪਰ, ਅਜਿਹੇ ਕਿਸੇ ਖੋਖਲੇ ਆਡੰਬਰ ‘ਚ ਸ਼ਮੂਲੀਅਤ ਕਰਨ ਦੀ ਕੋਈ ਲੋੜ ਨਹੀਂ। ਖ਼ਾਸ ਤੌਰ ‘ਤੇ ਜੇਕਰ ਉਸ ‘ਚ ਹਿੱਸਾ ਲੈਣ ਨਾਲ ਤੁਹਾਨੂੰ ਕੋਈ ਨੁਕਸਾਨ ਪਹੁੰਚਦਾ ਹੋਵੇ ਤਾਂ ਬਿਲਕੁਲ ਵੀ ਨਹੀਂ। ਉਹ ਕਰਦੇ ਰਹੋ ਜੋ ਚੰਗੈ, ਨਾ ਕਿ ਜੋ ਦੇਖਣ ਨੂੰ ਚੰਗਾ ਲੱਗਦੈ।
ਕਈ ਵਾਰ, ਫ਼ਰਕ ਉਸ ਨਾਲ ਨਹੀਂ ਪੈਂਦਾ ਜੋ ਤੁਸੀਂ ਕਹਿੰਦੇ ਹੋ ਸਗੋਂ ਉਸ ਨਾਲ ਪੈਂਦੈ ਜੋ ਤੁਸੀਂ ਨਹੀਂ ਕਹਿੰਦੇ। ਉਹ ਜੋ ਕਦੇ ਕਿਹਾ ਹੀ ਨਹੀਂ ਜਾਂਦਾ। ਉਹ ਜੋ ਖ਼ਾਮੋਸ਼ੀ ‘ਚ ਲੰਘ ਜਾਂਦੈ। ਉਹ ਜਿਸ ਦੀ ਕਲਪਨਾ ਤਾਂ ਕੀਤੀ ਜਾਂਦੀ ਹੈ, ਪਰ ਜਿਸ ਨੂੰ ਕਦੇ ਵਿਅਕਤ ਨਹੀਂ ਕੀਤਾ ਜਾਂਦਾ। ਜਿਸ ਦੀ ਉਮੀਦ ਰੱਖੀ ਜਾਂਦੀ ਹੈ, ਪਰ ਜਿਸ ‘ਤੇ ਕਦੇ ਵੀ ਸਹਿਮਤੀ ਨਹੀਂ ਬਣਦੀ। ਕੁਝ ਲੋਕ ਇਸ ਵਕਤ ਕਈ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੋਚ ਰਹੇ ਹੋਣਗੇ। ਸਾਡੇ ‘ਚੋਂ ਕਈ ਇਹ ਦਿਖਾਵਾ ਕਰਨਾ ਪਸੰਦ ਕਰਦੇ ਹੋ ਸਕਦੇ ਨੇ ਕਿ ਉਹ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਰਦੇ ਕਿ ਦੂਸਰੇ ਕੀ ਸੋਚ ਰਹੇ ਹਨ। ਇਸ ਵਕਤ, ਪਰ, ਕਿਸੇ ਚੀਜ਼ ਨੂੰ ਪਰਵਾਨ ਕਰਨ ਦੀ ਲੋੜ ਹੈ। ਇੱਕ ਤੱਥ ਦਾ ਸਾਹਮਣਾ ਕਰਨਾ ਪੈਣੈ। ਇੱਕ ਡਰ ‘ਤੇ ਜਿੱਤ ਪਾਏ ਜਾਣ ਦੀ ਲੋੜ ਹੈ। ਤੁਹਾਡੇ ਕੋਲ ਅਜਿਹਾ ਕਰਨ ਦਾ ਮੌਕਾ ਵੀ ਹੈ। ਅਤੇ ਇਹ ਸੱਚਮੁੱਚ ਤੁਹਾਡੀ ਖ਼ੁਸ਼ਕਿਸਮਤੀ ਹੈ।
ਤੁਸੀਂ ਉਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਜਿਵੇਂ ਤੁਸੀਂ ਉਸ ਵਕਤ ਕੀਤਾ ਹੁੰਦਾ ਜਦੋਂ ਤੁਸੀਂ ਅਚਾਨਕ ਖ਼ੁਦ ਨੂੰ ਕੋਈ ਅਜਿਹਾ ਇਮਤਿਹਾਨ ਦਿੰਦਾ ਪਾਉਂਦੇ ਜਿਸ ਲਈ ਤੁਸੀਂ ਤਿਆਰੀ ਨਾ ਕੀਤੀ ਹੁੰਦੀ। ਜਾਂ ਇੱਕ ਸਟੇਜ ‘ਤੇ ਖ਼ੁਦ ਨੂੰ ਅਜਿਹੇ ਦਰਸ਼ਕਾਂ ਸਾਹਮਣੇ ਪਾਉਂਦੇ ਜੋ ਤੁਹਾਡੇ ਤੋਂ ਤੁਹਾਡੇ ਡਾਇਲੌਗ ਸੁਣਨ ਲਈ ਬੇਤਾਬ ਹੁੰਦੇ, ਪਰ ਤੁਹਾਨੂੰ ਅਹਿਸਾਸ ਹੁੰਦਾ ਕਿ ਤੁਸੀਂ ਉਸ ਲਈ ਰੀਹਰਸਲ ਨਹੀਂ ਕੀਤੀ ਜਾਂ ਇੱਥੋਂ ਤਕ ਕਿ ਉਸ ਨਾਟਕ ਨੂੰ ਪੜ੍ਹਿਆ ਤਕ ਵੀ ਨਹੀਂ! ਪਰੇਸ਼ਾਨ ਅਤੇ ਅਨਿਸ਼ਚਿਤ ਕਿ ਕਿਸ ਵਿਅਕਤੀ ਜਾਂ ਸ਼ੈਅ ‘ਤੇ ਤੁਹਾਨੂੰ ਯਕੀਨ ਕਰਨਾ ਚਾਹੀਦੈ? ਉਪ੍ਰੋਕਤ ‘ਚੋਂ ਕੋਈ ਵੀ ਸਥਿਤੀ ਦਰਅਸਲ ਸੱਚਮੁੱਚ ਪੈਦਾ ਨਹੀਂ ਹੋਈ … ਨਾ ਹੀ ਹੋਣ ਵਾਲੀ ਹੈ। ਅਤੇ ਜੇ ਕਦੇ ਉਹ ਪੈਦਾ ਹੋ ਵੀ ਜਾਂਦੀ ਤਾਂ ਤੁਸੀਂ ਉਸ ਨਾਲ ਨਜਿੱਠ ਲੈਣਾ ਸੀ! ਇਹ ਕੇਵਲ ਸੋਚ ਹੀ ਹੈ ਜਿਹੜੀ ਵਧੇਰੇ ਡਰਾਉਣੀ ਜਾਪ ਰਹੀ ਹੈ। ਇਸ ਵਕਤ ਤੁਹਾਡੀ ਹਕੀਕਤ, ਤੁਹਾਡੇ ਭੈਅ ਦੇ ਮੁਕਾਬਲੇ ਕੁਝ ਵੀ ਨਹੀਂ। ਸੋ ਕਲਪਨਾ ਕਰਨਾ ਬੰਦ ਕਰੋ!














