ਮੇਰਾ ਮਨ ਭਾਉਂਦਾ ਅਧਿਆਪਕ – 2

ਰਾਜਿੰਦਰ ਸਿੰਘ , ਰਿਟਾ. DGP ਪੰਜਾਬ
ਫ਼ਿਰ ਮੈਂ ਆਪਣੇ ਅਧਿਆਪਕਾ ਮੈਡਮ ਜੀ ਨੂੰ ਨਿੱਜੀ ਤੌਰ ‘ਤੇ ਮਿਲਣ ਵਾਸਤੇ ਗਿਆ। ਉਨ੍ਹਾਂ ਕੋਲ ਡੇਢ ਦੋ ਘੰਟੇ ਬੈਠਾ ਰਿਹਾ। ਇਹ ਵੀ ਦੇਖਦਾ ਸੀ ਕਿ ਕਿਤੇ ਉਹ ਬੋਰ ਨਾ ਹੋ ਜਾਣ। ਮਨਸ਼ਾ ਸੀ ਕਿ ਜੇ ਲੱਗੇ ਕਿ ਉਹ ਬੋਰ ਹੋ ਰਹੇ ਹਨ, ਫ਼ੌਰਨ ਉਨ੍ਹਾਂ ਤੋਂ ਉਥੋਂ ਉੱਠ ਜਾਣ ਦੀ ਇਜ਼ਾਜ਼ਤ ਲੈ ਲਵਾਂਗਾਂ। ਢੇਰ ਸਾਰੀਆਂ ਗੱਲਾਂ ਹੋਈਆਂ। ਮੈਡਮ ਕਹਿਣ ਲੱਗੇ ਕਿ ਤੁਸੀਂ ਮੇਰੇ ਪ੍ਰਤੀ ਇਤਨੀ ਸ਼ਰਧਾ ਅਤੇ ਸਤਿਕਾਰ ਦੀਆਂ ਭਾਵਨਾਵਾਂ ਰੱਖਦੇ ਹੋ, ਮੈਨੂੰ ਚੇਤੇ ਨਹੀਂ ਕਿ ਮੈਂ ਕੋਈ ਤੁਹਾਡੇ ਵਾਸਤੇ ਇਤਨਾ ਵਿਸ਼ੇਸ਼ ਜਾਂ ਰੁਟੀਨ ਤੋਂ ਹੱਟ ਕੇ ਕਦੇ ਕੁਝ ਕੀਤਾ ਹੋਵੇ, ਬੇਟਾ। ਇਹ ਸੁਣ ਕੇ ਮੈਨੂੰ ਜਾਪਿਆ ਕਿ ਮੈਂ ਕਿ ਮੈਂ ਇੱਕ-ਦੋ ਗੱਲਾਂ ਉਨ੍ਹਾਂ ਨੂੰ ਸੁਣਾਵਾਂ, ਸ਼ਾਇਦ ਉਨ੍ਹਾਂ ਨੂੰ ਚੇਤੇ ਆ ਜਾਣ ਕਿ ਉਹ ਇਨਸਾਨੀਅਤ ਦੇ ਨਾਤੇ ਕਿਸ ਤਰ੍ਹਾਂ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਆਉਂਦੇ ਰਹੇ ਸਨ। ਮੇਰੇ ਕੋਲ ਗ਼ਰੀਬੀ ਕਾਰਨ ਕਦੇ ਵੀ ਕਿਤਾਬਾਂ ਪੂਰੀਆਂ ਨਹੀਂ ਸਨ ਹੁੰਦੀਆਂ। ਬਾਪੂ ਜੀ ਨੇ ਕਿਤਾਬਾਂ ਦੀ ਦੁਕਾਨ ਵਾਲੇ ਇਕ ਸੱਜਣ ਨੂੰ ਵੀ ਬੇਨਤੀ ਕੀਤੀ ਸੀ ਕਿ ਜਿਹੜੀਆਂ ਕਿਤਾਬਾਂ ਦੀ ਮੇਰੇ ਬੱਚੇ ਨੂੰ ਲੋੜ ਹੈ, ਉਹ ਦੇ ਦਿਆ ਕਰੋ, ਉਧਾਰ ਲਿਖ ਲਿਆ ਕਰੋ, ਬਾਅਦ ‘ਚ ਕਿਸੇ ਵਕਤ ਪੈਸੇ ਉਤਾਰ ਦਿਆਗੇਂ। ਉਸ ਨੇ ਹਾਂ ਤਾਂ ਕਰ ਦਿੱਤੀ, ਪਰ ਮੇਰੇ ਕਈ ਗੇੜੇ ਵੀ ਲਗਵਾਏ, ਅਤੇ ਕਿਤਾਬਾਂ ਦੇਣ ‘ਚ ਕੋਈ ਖ਼ਾਸ ਮਦਦ ਨਾ ਕੀਤੀ। ਇੱਕ ਦਿਨ ਮੈਡਮ ਨੇ ਸਖ਼ਤੀ ਨਾਲ ਕਿਹਾ ਕਿ ਸਾਰਿਆਂ ਕੋਲ ਕਿਤਾਬਾਂ ਹੋਣੀਆਂ ਚਾਹੀਦੀਆਂ ਨੇ। ਕੱਲ ਉਹ ਚੈਕ ਕਰਨਗੇ। ਜਦੋਂ ਕੱਲ ਆਈ ਤਾਂ ਪੰਜ ਸੱਤ ਵਿਦਿਆਰਥੀ ਜਿਨ੍ਹਾਂ ‘ਚੋਂ ਮੈਂ ਵੀ ਇੱਕ ਸੀ। ਕਲਾਸ ‘ਚ ਉਹ ਵਿਦਿਆਰਥੀ ਖੜ੍ਹੇ ਕੀਤੇ ਗਏ ਜਿਨਾਂ ਕੋਲ ਕਿਤਾਬਾਂ ਹੋਣੀਆਂ ਚਾਹੀਦੀਆਂ ਸਨ ਪਰ ਹੈ ਨਹੀਂ ਸਨ। ਜਿਨਾਂ ਕੋਲ ਕਿਤਾਬਾਂ ਨਹੀਂ ਸਨ, ਸਾਰਿਆਂ ਨੂੰ ਡਾਂਟਿਆਂ ਗਿਆ, ਪਰ ਮੈਨੂੰ ਮੈਡਮ ਨੇ ਕੁਝ ਕਹਿਣ ਦੀ ਬਜਾਏ ਕਿਹਾ ਕਿ ਮੈਂ ਕਲਾਸ ਤੋਂ ਬਾਅਦ ਉਨ੍ਹਾਂ ਨੂੰ ਮਿਲਾਂ। ਮੈਂ ਜਦੋਂ ਕਲਾਸ ਤੋਂ ਬਾਅਦ ਮਿਲਿਆ ਤਾਂ ਉਨ੍ਹਾਂ ਨੇ ਕਿਹਾ ਕਿ ਬੇਟਾ, ਜੇਕਰ ਕਿਤਾਬਾਂ ਖ਼ਰੀਦਣ ‘ਚ ਕੋਈ ਮੁਸ਼ਕਿਲ ਹੈ, ਤਾਂ ਮੈਂ ਕੋਈ ਇੰਤਜ਼ਾਮ ਕਰਾਂ। ਮੈਂ ਨਿਮਰਤਾ ਨਾਲ ਕਿਹਾ ਕਿ ਮੈਡਮ, ਜੇਕਰ ਹੋ ਸਕੇ ਤਾਂ ਇੰਤਜ਼ਾਮ ਕਰੋ ਜੀ ਪਲੀਜ਼। ਸੋ, ਉਨ੍ਹਾਂ ਨੇ ਕਿਤਾਬਾਂ ਦਾ ਇੰਤਜ਼ਾਮ ਕਰਵਾਇਆ। ਉਨ੍ਹਾਂ ਵਾਸਤੇ ਇਹ ਚਾਹੇ ਛੋਟੀ ਗੱਲ ਹੋ ਸਕਦੀ ਹੈ, ਪਰ ਮੇਰੇ ਲਈ ਉਹ ਮੱਦਦ ਬਹੁਤ ਵੱਡੀ ਸੀ। ਮੈਡਮ ਦੀ ਵਡਿਆਈ ਇਸ ਗੱਲ ‘ਚ ਵੀ ਹੈ ਕਿ ਉਨ੍ਹਾਂ ਨੇ ਭਾਂਪ ਲਿਆ ਸੀ ਕਿ ਮੇਰੀ ਕੋਈ ਮਜਬੂਰੀ ਹੋਣੀ ਹੈ। ਉਨ੍ਹਾਂ ਦੇ ਦਿਆਲੂ ਸੰਕੇਤ ਨੇ ਮੇਰੇ ਅੰਦਰ ਕੁਝ ਬਣਨ ਦਾ ਬੀਜ ਬੀਜਿਆ। ਮੇਰੇ ਮਨ ‘ਚ ਮੈਡਮ ਲਈ ਸਤਿਕਾਰ ‘ਚ ਹੋਰ ਵਧੇਰੇ ਨਿੱਗਰ ਵਾਧਾ ਹੋ ਗਿਆ।
***
ਮੈਡਮ ਕਦੇ ਕਦੇ ਕਲਾਸ ‘ਚ ਬੜੀ ਲੰਬੀ ਡਿਕਟੇਸ਼ਨ ਦੇ ਕੇ ਸਾਡੇ ਨੋਟਸ ਤਿਆਰ ਕਰਾਂਉਦੇ ਹੁੰਦੇ ਸਨ। ਮੇਰੇ ਫ਼ਾਊਂਟੇਨ ਪੈੱਨ ‘ਚ ਸਿਆਹੀ ਦੇ ਇੱਕ ਜਾਂ ਦੋ ਤੁਪਕੇ ਹੀ ਸਨ। ਮੈਨੂੰ ਜਾਪਿਆ ਕਿ ਮੇਰੀ ਸਿਆਹੀ ਮੁੱਕ ਨਾ ਜਾਵੇ, ਸੋ ਮੈਂ ਬਹੁਤ ਬਰੀਕ ਬਰੀਕ ਲਿਖੀ … ਜਿਹੜੀ ਡਿਕਟੇਸ਼ਨ ਮੇਰੇ ਜਮਾਤੀਆਂ ਨੇ ਵੀਹ ਜਾਂ ਬਾਈ ਪੇਜਾਂ ‘ਚ ਲਿਖੀ ਸੀ, ਮੈਂ ਉਹ ਕੇਵਲ ਇੱਕ ਪੇਜ ‘ਤੇ ਲਿਖ ਦਿੱਤੀ। ਮੇਰੇ ਨਾਲ ਬੈਠੇ ਜਮਾਤੀ ਨੇ ਦਿਖਾਇਆ ਕਿ ਕਿੰਨੇ ਪੰਨੇ ਭਰ ਗਏ ਨੇ, ਮੈਂ ਉਸ ਨੂੰ ਦਿਖਾਇਆ ਕਿ ਮੈਂ ਤਾਂ ਇੱਕ ਹੀ ਸਫ਼ਾ ਭਰਿਐ, ਵੀਰ। ਉਸ ਨੇ ਮੇਰੀ ਕਾਪੀ ਮੈਥੋਂ ਖੋਹ ਕੇ ਮੈਡਮ ਨੂੰ ਦਿਖਾ ਦਿੱਤੀ। ਮੈਨੂੰ ਜਾਪਿਆ ਕਿ ਹੁਣ ਡਾਂਟ ਡਪਟ ਹੋਏਗੀ ਮੇਰੀ, ਪਰ ਮੈਡਮ ਨੇ ਕਿਹਾ ਕਿ ਬੇਸ਼ੱਕ ਇਤਨਾ ਬਾਰੀਕ ਲਿਖਿਆ ਹੈ, ਪਰ ਫ਼ਿਰ ਵੀ ਪੜ੍ਹਿਆ ਜਾਂਦਾ ਹੈ। ਮੈਂ ਇਸ ਬੱਚੇ ਨੂੰ ਕੋਈ ਨਾ ਕੋਈ ਇਨਾਮ ਦੇਣਾ ਚਾਹਾਂਗੀ। ਮੈਂ ਮਨ ਹੀ ਮਨ ਧੰਨਵਾਦ ਕਰ ਕੇ ਸ਼ਾਤ ਹੋਇਆ, ਮੈਡਮ ਜੀ ਦੇ ਅਜਿਹੇ ਸੰਕੇਤ ਤੋਂ ਖ਼ੁਸ਼ ਹੋ ਕੇ ਮੈਂ ਉਨ੍ਹਾਂ ਦੀ ਖ਼ੁਸ਼ੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਸੀ।
***
ਜਦੋਂ ਮੈਂ ਅਜਿਹੀਆਂ ਗੱਲਾਂ ਕਰਨ ਲੱਗਿਆ, ਮੈਨੂੰ ਜਾਪਿਆ ਕਿ ਮੈਡਮ ਇੰਝ ਮਹਿਸੂਸ ਕਰ ਰਹੇ ਹਨ ਜਿਵੇਂ ਉਹ ਕੁਝ ਪਲਾਂ ਲਈ ਸਰਕਾਰੀ ਕਾਲਜ ਰੋਪੜ ਦੇ ਕਲਾਸ ਰੂਮ ‘ਚ ਸਾਲ 1972-73 ‘ਚ ਪਹੁੰਚ ਗਏ ਹਨ। ਉਨ੍ਹਾਂ ਦੇ ਚਿਹਰੇ ਤੋਂ ਅਜੀਬ ਸ਼ਾਂਤੀ ਅਤੇ ਖ਼ੁਸ਼ੀ ਪ੍ਰਗਟ ਹੋ ਰਹੀ ਸੀ ਜਿਵੇਂ ਉਹ ਕਹਿ ਰਹੇ ਹੋਣ ਕਿ ਪ੍ਰਮਾਤਮਾ ਤੇਰਾ ਸ਼ੁਕਰ ਹੈ ਕਿ ਤੂੰ ਮੈਨੂੰ ਇਨਸਾਨੀ ਹਿੱਤਾਂ ਲਈ ਸੇਵਾ ਕਰਨ ਦਾ ਮੌਕਾ, ਸੋਚ ਅਤੇ ਕਾਬਲੀਅਤ ਬਖ਼ਸ਼ੀ। ਮੈਨੂੰ ਜਾਪਿਆ ਕਿ ਜਿਵੇਂ ਮੇਰੀ ਇੱਕ ਤੀਰਥ ਯਾਤਰਾ ਸਫ਼ਲ ਹੋ ਗਈ ਹੈ। ਮੈਂ ਭਾਵੁਕ ਵੀ ਹੋ ਗਿਆ ਸੀ। ਮੈਡਮ ਨੇ ਮੈਨੂੰ ਧੀਰਜ ਨਾਲ ਸਮਝਾਉਂਦਿਆਂ ਕਿਹਾ, ”ਬੇਟਾ, ਅਕਾਲ ਪੁਰਖ ਦਾ ਜੋ ਹੁਕਮ ਹੁੰਦਾ ਉਹ ਹੀ ਹੁੰਦਾ ਹੈ। ਫ਼ਿਰ ਮੈਂ ਮੈਡਮ ਤੋਂ ਚਲੇ ਜਾਣ ਦੀ ਇਜ਼ਾਜਤ ਮੰਗੀ। ਉਨ੍ਹਾਂ ਦੇ ਗੋਡੀ ਹੱਥ ਲਾਉਂਦਿਆਂ ਉਨ੍ਹਾਂ ਮੂਹਰੇ ਮੇਰਾ ਸਿਰ ਝੁੱਕ ਗਿਆ, ਅਤੇ ਉਹ ਮੈਨੂੰ ਗੌਡ ਬਲੈੱਸ ਯੂ ਕਹਿ ਕੇ ਬਿਲਕੁਲ ਸ਼ਾਂਤ ਹੋ ਕੇ ਬੈਠ ਗਏ।
***
ਮੈਂ ਰਸਤੇ ‘ਚ ਸਾਂ, ਮੈਨੂੰ ਮੈਡਮ ਦੇ ਸਪੁੱਤਰ ਦਮਨਦੀਪ ਸਿੰਘ ਦਾ ਫ਼ੋਨ ਆਇਆ। ਉਸ ਨੇ ਕਿਹਾ ਕਿ ਮੈਡਮ ਮੈਨੂੰ ਮਿਲ ਕੇ ਸਿਰਫ਼ ਖ਼ੁਸ਼ ਹੀ ਨਹੀਂ ਸੀ ਹੋਏ ਸਗੋਂ ਬਿਲਕੁਲ ਫ਼ਰੈੱਸ਼ ਵੀ ਮਹਿਸੂਸ ਕਰ ਰਹੇ ਨੇ। ”ਤੁਸੀਂ ਐਸਾ ਕਿਹੜਾ ਟੌਨਿਕ ਦੇ ਗਏ ਹੋ, ਭਾਜੀ? ਤੁਸੀਂ ਚੱਕਰ ਲਗਾਉਂਦੇ ਰਹਿਣਾ, ਤੁਹਾਡਾ ਤਹਿ ਦਿਲੋਂ ਧੰਨਵਾਦ ਹੈ, ਮੇਰੇ ਵਲੋਂ ਵੀ ਅਤੇ ਮੈਡਮ ਵਲੋਂ ਵੀ।”
ਮੈਨੂੰ ਆਪਣੀ ਤੀਰਥ ਯਾਤਰਾ ਸੰਪਨ ਹੋਣ ਦਾ ਅਨੰਦ ਆਇਆ। ਮਨ ‘ਚ ਆਇਆ ਕਿ ਜਦੋਂ ਕਿਤੇ ਹੋ ਸਕਿਆ ਫ਼ਿਰ ਚੱਕਰ ਲਗਾਵਾਂਗਾ। ਇਕ ਵਾਰ ਰਿਪੂਦਮਨ ਕਾਲਜ ਨਾਭਾ ਨੇ ਅਲੂਮਨਾਈ ਐਸੋਸੀਏਸ਼ਨ ਵਲੋਂ ਮਹਾਨ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਮੈਡਮ ਨਰਿੰਦਰਪਾਲ ਕੌਰ ਗਿੱਲ ਸਿਹਤ ਠੀਕ ਨਾ ਹੋਣ ਕਾਰਨ ਸਮਾਗਮ ‘ਚ ਹਾਜ਼ਰ ਨਾ ਹੋ ਸਕੇ, ਪਰ ਅਲੂਮਨਾਈ ਐਸੋਸੀਏਸ਼ਨ ਦੇ ਕਰਤਾ-ਧਰਤਾ ਪ੍ਰੋ. ਹਰਵੀਰ ਸਿੰਘ ਢੀਂਡਸਾ, ਅਵਿਨਾਸ਼ਾ ਰਾਣਾ, ਅਰਵਿੰਦ ਢਿਲੋਂ ਅਤੇ ਰਾਣਾ ਸ਼ਿਵਦੀਪ ਸਿੰਘ ਵਲੋਂ ਉਨ੍ਹਾਂ ਦਾ ਸਨਮਾਨ ਉਨ੍ਹਾਂ ਦੀ ਪਟਿਆਲਾ ਰਿਹਾਇਸ਼ ‘ਤੇ ਜਾ ਕੇ ਕੀਤਾ ਗਿਆ। ਇਸ ਖ਼ਬਰ ਅਤੇ ਫ਼ੋਟੋ ਨੂੰ ਅਖਬਾਰ ‘ਚ ਦੇਖਣ ਉਪਰੰਤ ਮੈਂ ਇਹੋ ਜਿਹੇ ਵਿਚਾਰ ਲਿਖਣ ਬੈਠ ਗਿਆ ਜੋ ਆਪ ਜੀ ਪੜ੍ਹ ਰਹੇ ਹੋ। ਇਹ ਲਿਖਤ ਮੇਰੇ ਵਲੋਂ ਲਿਖੇ ਜਾ ਰਹੇ ਵਿਸ਼ੇਸ਼ ਦਸਤਾਵੇਜ਼ਾਂ ਦਾ ਹਿੱਸਾ ਬਣੇਗੀ।