ਰੇਡੀਓ ਦੀਆਂ ਯਾਦਾਂ – 18

ਡਾ.ਦੇਵਿੰਦਰ ਮਹਿੰਦਰੂ
ਕਿਥੇ ਮਿਲਦੇ ਨੇ ਰੱਬ ਵਰਗੇ ਬੰਦੇ
ਭਾਰਤ ਸਰਕਾਰ ਦੇ ਦੂਰਦਰਸ਼ਨ ਅਤੇ ਰੇਡੀਓ ਵਿੱਚ ਨੌਕਰੀ ‘ਤੇ ਆਉਣ ਤੋਂ ਪਹਿਲਾਂ ਮੈਂ ਤਿੰਨ ਕਾਲਜਾਂ ‘ਚ ਵੀ ਨੌਕਰੀ ਕੀਤੀ। ਅਹਿਮਦਗੜ੍ਹ ਮੰਡੀ, ਬਰਨਾਲਾ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਪੜਾਉਂਦੀ ਰਹੀ। ਸਿਰਫ਼ ਇੱਕ ਇੱਕ ਟਰਮ। ਛੁੱਟੀਆਂ ਹੋਣ ‘ਤੇ ਰਿਲੀਵ ਕਰ ਦਿੱਤਾ ਜਾਂਦਾ ਤਾਂ ਕਿ ਛੁੱਟੀਆਂ ਦੀ ਤਨਖ਼ਾਹ ਨਾ ਦੇਣੀ ਪਵੇ। ਦੂਸਰੀ ਟਰਮ ਲਈ ਦੁਬਾਰਾ ਤੋਂ ਇੰਟਰਵਿਊ ਹੁੰਦੀ। ਮੈਂ ਨਹੀਂ ਸੀ ਜਾਂਦੀ। ਇੰਨਾ ਅੱਛਾ ਕੰਮ ਕੀਤਾ ਹੈ ਤਾਂ ਦੁਬਾਰਾ ਇੰਟਰਵਿਊ ਦਾ ਡਰਾਮਾ ਕਿਓਂ? ਘਰੇ ਵੀ ਮੇਰੀ ਜ਼ਰੂਰਤ ਹੁੰਦੀ ਸੀ। ਪਿਤਾ ਜੀ ਬਜ਼ੁਰਗ ਹੋ ਰਹੇ ਸਨ, ਪਰ ਜੋ ਨਹੀਂ ਪਸੰਦ, ਉਹ ਨਹੀਂ ਪਸੰਦ। ਖ਼ੈਰ!
ਅਹਿਮਦਗੜ੍ਹ ਇੱਕ ਕੁਲੀਗ ਨੇ ਬਰਨਾਲੇ ਜਾਣ ਵੇਲੇ ਸ਼ਾਇਰ ਅਤੇ ਅਧਿਆਪਕ ਰਵਿੰਦਰ ਭੱਠਲ ਦੇ ਘਰ ਦਾ ਪਤਾ ਦੇ ਦਿੱਤਾ। ਬਰਨਾਲਾ ਕਿਸੇ ਹੋਰ ਹੀ ਦੁਨੀਆਂ ਦਾ ਸ਼ਹਿਰ ਲੱਗਿਆ। ਲੇਖਕ ਹੀ ਲੇਖਕ ਫ਼ਿਰਦੇ ਸਨ। ਕਲਾਕਾਰ ਹੀ ਕਲਾਕਾਰ। ਇਹ ਕੁਲਵੰਤ ਢਿੱਲੋਂ (ਇੰਗਲੈਂਡ ਦੇਸੀ ਰੇਡੀਓ ਵਾਲੀ ਅਤੇ ਸਾਡੀ ਲੇਖਿਕਾ) ਉੱਥੋਂ ਦੀ ਹੀ ਦੇਣ ਹੈ, ਰਵਿੰਦਰ ਭੱਠਲ ਦੀ ਸਕੀ ਭੈਣ। ਰਾਮਸਰੂਪ ਅਣਖੀ ਵੀ ਉੱਥੇ ਹੀ ਮਿਲੇ। ਮੈਂ ਹਮੇਸ਼ਾ ਉਨ੍ਹਾਂ ਦੀ ਭੈਣ ਜੀ ਰਹੀ। ਬਾਅਦ ਵਿੱਚ ਜਦੋਂ ਵੀ ਉਨਾਂ ਨੂੰ ਜਲੰਧਰ ਰੇਡੀਓ ਸਟੇਸ਼ਨ ਪ੍ਰੋਗਰਾਮ ਵਾਸਤੇ ਬੁਲਾਉਣਾ, ਉਹ ਘਰ ਪਰਿਵਾਰ ਦੀਆਂ ਸਾਰੀਆਂ ਗੱਲਾਂ ਸਾਂਝੀਆਂ ਕਰ ਕੇ ਜਾਂਦੇ। ਉਨ੍ਹਾਂ ਨੂੰ ਦੂਰਦਰਸ਼ਨ ਵਾਲੇ ਵੀ ਬੁਲਾਉਂਦੇ ਅਤੇ ਉਹ ਬਸ ‘ਚੋਂ ਉਤਰ ਕੇ ਪਹਿਲਾਂ ਰੇਡੀਓ ਸਟੇਸ਼ਨ ਆਉਂਦੇ। ਆਖਦੇ, ਸੋਚਿਆ ਭੈਣ ਜੀ ਕੋਲੋਂ ਚਾਹ ਪੀ ਕੇ ਅੱਗੇ ਜਾਊਂਗਾ।
****
ਜਦ ਗੁਰਦਾਸਪੁਰ ਕਾਲਜ ‘ਚ ਸੀ ਤਾਂ ਲਾਇਬ੍ਰੇਰੀ ਵਿੱਚ ਇੱਕ ਹੋਰ ਬੀਬੀ ਵੀ ਕੰਮ ਕਰਦੀ ਸੀ ਮੇਰੇ ਨਾਲ। ਇਹ ਪ੍ਰਿੰਸੀਪਲ ਸੁਜਾਨ ਸਿੰਘ ਦੀ ਵੱਡੀ ਧੀ ਸੀ। ਜਦੋਂ ਸ਼ਾਮ ਨੂੰ ਅਸੀਂ ਘਰ ਜਾਣ ਲਈ ਨਿਕਲਦੀਆਂ ਕਾਲਜ ਤੋਂ, ਉਹ ਮੱਲੋਮੱਲੀ ਮੈਨੂੰ ਘਰ ਲੈ ਜਾਂਦੀ, ਇਹ ਕਹਿ ਕੇ ਕਿ ਬੱਸ ਚਾਹ ਪੀ ਕੇ ਚਲੀ ਜਾਵੀਂ ਤੂੰ। ਬਹੁਤ ਵੱਡਾ ਘਰ ਸੀ ਉਨਾਂ ਦਾ। ਕਿੰਨੇ ਹੀ ਲੋਕ ਉਸ ਘਰ ਵਿੱਚ ਰਹਿੰਦੇ ਸਨ। ਘਰ ਦੇ ਵਿਚਕਾਰ ਇੱਕ ਖੁਲ੍ਹਾ ਵਿਹੜਾ ਸੀ। ਉੱਥੇ ਚੁੱਲ੍ਹੇ ‘ਤੇ ਵੱਡੇ ਸਾਰੇ ਪਤੀਲੇ ਵਿੱਚ ਚਾਹ ਉਬਲ ਰਹੀ ਹੁੰਦੀ। ਉਹਦੇ ਮਾਤਾ ਜੀ ਮੇਰੇ ਵੱਲ ਦੇਖਦੇ। ਇੱਕ ਹੋਰ ਗਿਲਾਸ ਧੀਏ? ਈਸ਼ਵਰ ਚਿੱਤਰਕਾਰ ਦੀ ਧੀ ਮੀਨੂ ਵੀ ਉੱਥੇ ਹੀ ਰਹਿੰਦੀ ਸੀ। ਇਹ ਮੇਰੀ ਸਹੇਲੀ ਦੇ ਵਿਆਹ ਤੋਂ ਬਾਅਦ ਵੀ ਉੱਥੇ ਹੀ ਟਿਕੀ ਹੋਈ ਸੀ, ਆਪਣੇ ਪਰਿਵਾਰ ਨਾਲ। ਸੁਜਾਨ ਸਿੰਘ ਜੀ ਨਾਲ ਘੱਟ ਹੀ ਗੱਲ ਹੁੰਦੀ। ਪਰਿਵਾਰ ਆਰਥਿਕ ਤੰਗੀਆਂ ਦਾ ਅਕਸਰ ਜ਼ਿਕਰ ਕਰਦਾ ਸੀ।
ਬੜੇ ਸਾਲਾਂ ਬਾਅਦ ਜਦੋਂ ਰੇਡੀਓ ‘ਤੇ ਪੰਜਾਬੀ ਪ੍ਰੋਗਰਾਮ ਦੀ ਇੰਚਾਰਜ ਸਾਂ ਤਾਂ ਅਣਖੀ ਸਾਹਿਬ ਅਤੇ ਸੁਜਾਨ ਸਿੰਘ ਜੀ ਨੂੰ ਜਲੰਧਰ ਰੇਡੀਓ ਸਟੇਸ਼ਨ ਬੁਲਾ ਕੇ ਜਾਂ ਉਨ੍ਹਾਂ ਦੀਆਂ ਕਹਾਣੀਆਂ ਕਥਾ ਲੋਕ ਪ੍ਰੋਗਰਾਮ ਵਿੱਚ ਪੇਸ਼ ਕਰ ਕੇ ਮੈਨੂੰ ਲੱਗਦਾ ਸੀ ਜਿਵੇਂ ਮੈਂ ਕੋਈ ਕਰਜ਼ਾ ਉਤਾਰ ਰਹੀ ਹਾਂ। ਉਹ ਦੋਹੇਂ ਲੇਖਕ ਉੱਚੇ ਇਖ਼ਲਾਕ ਦੇ ਮਾਲਕ ਸਨ, ਅਤੇ ਮੇਰੇ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਸਨ। ਸੁਜਾਨ ਸਿੰਘ ਜੀ ਨੇ ਮੈਨੂੰ ਧੀ ਮੰਨਿਆ ਹਮੇਸ਼ਾ।
ਅਣਖੀ ਜੀ ਦੀਆਂ ਅਨੇਕਾਂ ਕਹਾਣੀਆਂ ਕਥਾ ਲੋਕ ਪ੍ਰੋਗਰਾਮ ਵਿੱਚ ਪ੍ਰਸਾਰਿਤ ਹੋਈਆਂ। ਸੁਣਨ ਵਾਲਿਆਂ ਨੂੰ ਇਹ ਆਪਣੇ ਘਰ ਦੀਆਂ, ਆਪਣੇ ਆਲੇ ਦੁਆਲੇ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਲੱਗਦੀਆਂ। ਬੜੀ ਸ਼ੋਭਾ ਹੁੰਦੀ।
ਸੁਜਾਨ ਸਿੰਘ ਜੀ ਦੀ ਕੁਲਫ਼ੀ ਕਹਾਣੀ ਦਿਲ ਚੀਰ ਜਾਂਦੀ। ਇੱਕ ਕਹਾਣੀ ਵਿੱਚ ਆਇਆ ਮੁਰਮੁਰਾ ਸ਼ਬਦ ਪਤੀ ਮਹਿੰਦਰੂ ਸਾਹਿਬ ਨਾਲ ਬਹਿਸ ਦਾ ਚੰਗਾ ਮੁੱਦਾ ਬਣ ਗਿਆ। ਮੈਂ ਪੱਕੀ ਮਲਵਾਇਣ, ਮੇਰੇ ਲਈ ਮੁਰਮੁਰੇ ਕੱਚੀ ਮੱਕੀ ਦੇ ਦਾਣੇ ਸਨ। ਸ਼ਾਇਦ ਜਗਰਾਓਂ ਤੋਂ ਹੋਣ ਦੇ ਬਾਵਜੂਦ ਜਲੰਧਰ ਜ਼ਿਆਦਾ ਰਹਿਣ ਕਰ ਕੇ।
ਮੁਰਮੁਰੇ ਤੋਂ ਭਾਵ ਮਰੂੰਡੇ ਦਾ ਲੈ ਰਹੇ ਸਨ। ਮੈਂ ਮੁਰਮੁਰੇ ਮੰਗਵਾਏ ਅਤੇ ਲੈ ਆਏ ਮਰੂੰਡਾ। ਕੋਈ ਸਿੱਟਾ ਨਹੀਂ ਸੀ ਨਿੱਕਲ ਰਿਹਾ ਸਾਡੀ ਬਹਿਸ ਦਾ। ਡਿਕਸ਼ਨਰੀ ਚੁੱਕੀ ਤਾਂ ਜਾ ਕੇ ਮਾਲਵੇ, ਦੁਆਬੇ, ਮਾਝੇ, ਆਦਿ ਵਿੱਚ ਇੱਕੋ ਸ਼ਬਦ ਦੇ ਅਲੱਗ ਅਲੱਗ ਅਰਥਾਂ ਦੀ ਸਮਝ ਆਈ। ਮੈਨੂੰ ਵੈਸੇ ਤਾਂ ਮਰੂੰਡਾ ਵੀ ਪਸੰਦ ਸੀ ਅਤੇ ਮੁਰਮੁਰੇ ਵੀ।
ਹੁਣ ਜਦ ਵੀ ਕਹਾਣੀ ਪੰਜਾਬ ਰਸਾਲੇ ਦਾ ਨਵਾਂ ਅੰਕ ਮਿਲਦਾ ਹੈ ਤਾਂ ਧੰਨਵਾਦ ਲਈ ਫ਼ੋਨ ਕਰਦੀ ਹਾਂ ਅਣਖੀ ਜੀ ਦੇ ਬੇਟੇ ਪ੍ਰੋ.ਕਰਾਂਤੀਪਾਲ ਨੂੰ। ਉਹ ਕਿਸੇ ਹੋਰ ਨਾਲ ਗੱਲ ਕਰ ਰਿਹਾ ਸੀ, ਅਤੇ ਥੋੜ੍ਹੀ ਹੀ ਦੇਰ ਬਾਅਦ ਉਹਦਾ ਫ਼ੋਨ ਆ ਜਾਂਦਾ ਹੈ। ਕਹਿੰਦੈ ਕਿ ਟਰੂਕਾਲਰ ‘ਤੇ ਨਾਂ ਆ ਗਿਆ ਸੀ ਤੁਹਾਡਾ, ਸਮਝ ਗਿਆ ਕਿ ਆਪ ਨੂੰ ਮਿਲ ਗਿਆ ਐ ਪਰਚਾ। ਫ਼ੇਰ ਸੋਚਿਆ ਕਿ ਨਹੀਂ ਗੱਲ ਵੀ ਕਰ ਹੀ ਲੈਂਦਾਂ। ਜਦੋਂ ਵੀ ਜਲੰਧਰ ਤੋਂ ਹੋ ਕੇ ਆਉਂਦੇ ਸਨ ਮੇਰੇ ਪਾਪਾ ਤਾਂ ਤੁਹਾਡੀਆਂ ਬਹੁਤ ਗੱਲਾਂ ਕਰਦੇ ਹੁੰਦੇ ਸਨ ਘਰੇ, ਤੁਹਾਡੀਆਂ ਵੀ ਅਤੇ ਅੰਕਲ ਜੀ ਦੀਆਂ ਵੀ।
***
ਸੰਨ 1974 ਵਿੱਚ ਜਦੋਂ ਗੁਰਦਾਸਪੁਰ ‘ਚ ਸੀ ਮੈਂ ਤਾਂ ਮੀਨੂ ਮੇਰੀ ਸਹੇਲੀ ਬਣ ਗਈ ਸੀ। ਸੁਜਾਨ ਸਿੰਘ ਜੀ ਦੇ ਘਰ ਜਾ ਕੇ ਉਹਦੇ ਕੋਲ ਹੀ ਬੈਠੀ ਰਹਿੰਦੀ ਸਾਂ। ਕੁੱਝ ਲਿਖਿਆ ਵੀ ਸੀ ਉਹਦੇ ਬਾਰੇ:
ਤੈਨੂੰ ਉਂਗਲ ਦੇ
ਸਹਾਰੇ ਦੀ ਕੀ ਲੋੜ ਹੈ
ਤੇਰਾ ਵਿਰਸਾ, ਤੇਰੀ ਡੰਗੋਰੀ
ਤੇਰੇ ਸਿਰ ‘ਤੇ ਹੱਥ, ਇੱਕ ਨਿਰਮਾਣ ਸ਼ਖ਼ਸੀਅਤ ਦਾ।
ਉੱਠ ਮੀਨੂ ਕਿ ਮੇਰੀ ਇਸ ਧਰਤੀ ਨੂੰ
ਰੰਗਾਂ ਵਿੱਚ ਡੁਬੋਈਏ
ਤੇਰੇ ਬੁਰਸ਼ ਦੀ ਲੋੜ ਹੈ।
ਅਜ ਵਿਛੜਿਆਂ ਨੂੰ ਚੇਤੇ ਕਰਦੀ ਹਾਂ, ਨਾਂ ਭਰਦੀ ਹਾਂ। ਨਾ ਅਣਖੀ ਜੀ ਨੇ, ਨਾ ਸੁਜਾਨ ਸਿੰਘ ਜੀ ਅਤੇ ਨਾ ਮੀਨੂੰ ਹੈ, ਬਸ ਉਨ੍ਹਾਂ ਸਭਨ ਦੀਆਂ ਯਾਦਾਂ ਹੀ ਨੇ। ਅੱਜਕੱਲ੍ਹ ਕਿੱਥੇ ਮਿਲਦੇ ਹਨ ਅਜਿਹੇ ਰੱਬ ਵਰਗੇ ਬੰਦੇ! ਆਪ ਸਭ ਜਿਥੇ ਕਿਤੇ ਵੀ ਹੋ, ਸ਼ਾਲਾ, ਸੁਰਗੀਂ ਵਾਸਾ ਹੋਵੇ, ਆਪ ਸਭਨਾਂ ਦਾ … ਆਮੀਨ!