ਜ਼ਿੰਦਗੀ ਦਾ ਇੱਕ ਸਦੀਵੀ ਜੱਦੋਜਹਿਦ ਬਣੇ ਰਹਿਣਾ ਕਿਓਂ ਜ਼ਰੂਰੀ ਹੈ? ਹਰ ਪਲ ਤਨਾਅ ਭਰਪੂਰ ਅਤੇ ਕਸ਼ਟਦਾਇਕ ਕਿਓਂ ਹੋਵੇ? ਕੀ ਜੀਵਨ ‘ਚ ਕਦੇ ਵੀ ਸਾਨੂੰ ਸੌਖ ਅਤੇ ਸ਼ਾਂਤੀ, ਸੁੱਖ ਅਤੇ ਸੁਰੱਖਿਆ, ਸਨਮਾਨਜਨਕ ਸਹਿ-ਹੋਂਦ ਅਤੇ ਸਹਿਯੋਗ ਹਾਸਿਲ ਨਹੀਂ ਹੋ ਸਕਦੇ? ਜ਼ਰੂਰ ਹੋ ਸਕਦੇ ਨੇ। ਅਤੇ ਕਈ ਵਾਰ, ਅਸੀਂ ਇੱਕ ਅਜਿਹੇ ਦੌਰ ‘ਚੋਂ ਵੀ ਲੰਘਦੇ ਹਾਂ ਜਦੋਂ ਜ਼ਿੰਦਗੀ ਸੱਚਮੁੱਚ ਜੀਣਯੋਗ ਜਾਪਦੀ ਹੈ, ਬਾਵਜੂਦ ਉਸ ਸਭ ਦੇ ਜੋ ਨਿਰਾਸ਼ਾਜਨਕ ਜਾਂ ਤਕਲੀਫ਼ਦੇਹ ਹੈ। ਤੁਹਾਡੇ ਨਿੱਜੀ ਜੀਵਨ ‘ਚ ਛੇਤੀ ਹੀ ਬਿਹਤਰ ਭਾਵਨਾਤਮਕ ਸੰਤੁਲਨ ਕਾਇਮ ਹੋ ਜਾਵੇਗਾ!
ਕਿਸੇ ਵਿਸ਼ਾਲ ਦਰਵਾਜ਼ੇ ਨੂੰ ਖੋਲ੍ਹਣ ਲਈ ਤੁਹਾਨੂੰ ਕੇਵਲ ਇੱਕ ਛੋਟੀ ਜਿਹੀ ਚਾਬੀ ਦਰਕਾਰ ਹੁੰਦੀ ਹੈ। ਕਿਸੇ ਗੁੰਝਲਦਾਰ ਬੁਝਾਰਤ ਨੂੰ ਹੱਲ ਕਰਨ ਲਈ ਤੁਹਾਨੂੰ ਕੇਵਲ ਇੱਕ ਛੋਟੇ ਜਿਹੇ ਸੰਕੇਤ ਦੀ ਲੋੜ ਹੁੰਦੀ ਹੈ। ਇਸ ਵਕਤ ਇੰਝ ਜਾਪਦੈ ਜਿਵੇਂ ਕੋਈ ਬਹੁਤ ਹੀ ਵਿਸ਼ਾਲ ਅਤੇ ਚੁਣੌਤੀਪੂਰਣ ਸ਼ੈਅ ਤੁਹਾਡੀ ਪ੍ਰਗਤੀ ਨੂੰ ਰੋਕ ਰਹੀ ਹੈ। ਫ਼ਿਰ ਵੀ ਜੋ ਅਸਲ ‘ਚ ਤੁਹਾਨੂੰ ਚਾਹੀਦੈ, ਉਹ ਹੈ ਕੇਵਲ ਥੋੜ੍ਹੇ-ਬਹੁਤੇ ਤੱਥ ਅਤੇ ਕੁੱਝ ਕੁ ਜਾਣਕਾਰੀ। ਕਿਸੇ ਸਹੀ ਵਿਅਕਤੀ ਕੋਲੋਂ ਸੁਰਾਗ਼ ਦਿੰਦੇ ਇੱਕ ਜਾਂ ਦੋ ਸ਼ਬਦ। ਤੁਹਾਡੀ ਖ਼ੁਦ ਦੀ ਕਲਪਨਾ ਦੇ ਸੱਜੇ ਹਿੱਸੇ ‘ਚੋਂ ਉਪਜਿਆ ਕੋਈ ਖ਼ਿਆਲ। ਪ੍ਰਤੱਖ ਤੌਰ ‘ਤੇ, ਤੁੱਛ ਜਿਹੀ ਜਾਪਣ ਵਾਲੀ ਕੋਈ ਖੋਜ ਇੱਕ ਬਹੁਤ ਵੱਡਾ ਫ਼ਰਕ ਪਾਉਣ ਵਾਲੀ ਹੈ। ਉਸ ਵਕਤ ਲਈ ਤਿਆਰ ਰਹੋ ਜਿਹੜਾ ਤੁਹਾਡੀ ਸੋਚ ਤੋਂ ਕਿਤੇ ਬਿਹਤਰ ਸਾਬਿਤ ਹੋਣ ਵਾਲਾ ਹੈ।
ਮੈਂ ਇਸ ਵਕਤ ਹਥਲਾ ਵਿਚਾਰ ਲਿਖਣ ਦੇ ਨਾਲ-ਨਾਲ ਸ਼ਾਨਦਾਰ ਭੋਜਨ ਵੀ ਛੱਕ ਰਿਹਾਂ। ਉਮੀਦ ਹੈ ਤੁਸੀਂ ਵੀ ਉਸ ਦਾ ਖ਼ੂਬ ਆਨੰਦ ਮਾਣ ਰਹੇ ਹੋਵੋਗੇ। ਕੀ ਤੁਸੀਂ ਸਿਰਫ਼ ਉਸ ਦਾ ਸਵਾਦ ਨਹੀਂ ਲੈ ਸਕਦੇ ਜਿਸ ਲਾਜਵਾਬ ਢੰਗ ਨਾਲ ਇਸ ਖਾਣੇ ਨੂੰ ਬਣਾਇਆ ਗਿਐ? ਅੱਛਾ … ਚਲੋ, ਦਰਅਸਲ ਮੈਂ ਕੁੱਝ ਵੀ ਨਹੀਂ ਖਾ ਰਿਹਾ। ਮੈਂ ਕੇਵਲ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾਂ ਕਿ ਲਫ਼ਜਾਂ ‘ਚ ਕਿਵੇਂ ਕੋਈ ਧਾਰਣਾ ਸਿਰਜਣ ਦੀ ਤਾਕਤ ਹੁੰਦੀ ਹੈ, ਅਤੇ ਕਿਵੇਂ ਕਿਸੇ ਇੱਕ ਵਿਅਕਤੀ ਵਲੋਂ ਚੁੱਕੇ ਗਏ ਕਦਮ ਕਈ ਵਾਰ ਕਿਸੇ ਦੂਸਰੇ ‘ਤੇ ਕੋਈ ਵੀ ਪ੍ਰਭਾਵ ਪਾਉਣ ‘ਚ ਬਿਲਕੁਲ ਅਸਫ਼ਲ ਰਹਿੰਦੇ ਨੇ। ਇਸ ਵਕਤ ਜੋ ਤੁਹਾਨੂੰ ਦੱਸਿਆ ਜਾ ਰਿਹੈ, ਉਸ ਸਭ ‘ਤੇ ਵਿਸ਼ਵਾਸ ਨਾ ਕਰੋ … ਅਤੇ ਇਹ ਵੀ ਨਾ ਸੋਚੋ ਕਿ ਕੋਈ ਹੋਰ ਵਿਅਕਤੀ ਕਿਸੇ ਸੰਵੇਦਨਸ਼ੀਲ ਸਥਿਤੀ ‘ਚੋਂ ਤੁਹਾਡੇ ਵਰਗਾ ਤਜਰਬਾ ਹੀ ਹਾਸਿਲ ਕਰ ਰਿਹਾ ਹੋਵੇਗਾ।
ਕੋਈ ਸਮਝੌਤਾ ਕੇਵਲ ਤਾਂ ਹੀ ਨੇਪਰੇ ਚੜ੍ਹ ਸਕਦਾ ਹੈ ਜੇਕਰ ਦੋ ਵਿਅਕਤੀ ਪੂਰੀ ਸੁਹਿਰਦਤਾ ਨਾਲ ਉਸ ਨੂੰ ਨੇਪਰੇ ਚਾੜ੍ਹਨਾ ਚਾਹੁਣ। ਕੁੱਝ ਲੋਕ, ਪਰ, ਵਿਵਾਦਾਂ ‘ਚ ਆਨੰਦ ਲੈਂਦੇ ਨੇ। ਉਨ੍ਹਾਂ ਨੂੰ ਦੂਸਰਿਆਂ ਨਾਲ ਪੰਗੇ ਸ਼ੁਰੂ ਕਰਨ ‘ਚ ਮਜ਼ਾ ਆਉਂਦੈ। ਸਾਡੇ ਸਾਰਿਆਂ ‘ਚ, ਦਰਅਸਲ, ਇੱਕ ਹਿੱਸਾ ਅਜਿਹਾ ਹੁੰਦੈ ਜਿਹੜਾ ਵੈਰ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੁੰਦੈ। ਤੁਹਾਡੀ ਸ਼ਖ਼ਸੀਅਤ ਦਾ ਇਹ ਸਭ ਤੋਂ ਤਾਕਤਵਰ ਪੱਖ ਨਹੀਂ, ਪਰ ਫ਼ਿਰ ਵੀ ਤੁਹਾਨੂੰ ਇਸ ਰੁਝਾਣ ਲਈ ਥੋੜ੍ਹਾ ਵਾਚਣ ਦੀ ਲੋੜ ਹੈ। ਇਸ ਵਕਤ, ਇੱਕ ਸੱਚਾ ਮੌਕਾ ਹੈ ਕਿਸੇ ਮਸਲੇ ਨੂੰ ਹੱਲ ਕਰ ਕੇ ਅੱਗੇ ਵਧਣ ਦਾ। ਉਸ ਤੋਂ ਉੱਪਰ ਉੱਠ ਕੇ ਦੇਖਣ ਅਤੇ ਸੋਚਣ ਨਾਲ ਤੁਹਾਨੂੰ ਉਸ ਤੋਂ ਵੱਧ ਫ਼ਾਇਦਾ ਹੋਵੇਗਾ ਜਿੰਨਾ ਆਪਣੇ ਮੁੱਦੇ ਨਾਲ ਚਿਪਕੇ ਰਹਿ ਕੇ ਉਸ ਲਈ ਲੜਨ ਨਾਲ। ਬਹਿਸ ਕਰਨ ਦੇ ਲਾਲਚ ‘ਤੇ ਕਾਬੂ ਪਾਓ।
ਸਾਡੇ ‘ਚੋਂ ਬਹੁਤੇ ਲੋਕ ਦੂਸਰਿਆਂ ਦੇ ਮਨਾਂ ‘ਚ ਛੁਪੀਆਂ ਗੱਲਾਂ ਪੜ੍ਹਨ ਦੀ ਮੁਹਾਰਤ ਨਹੀਂ ਰੱਖਦੇ। ਅਸੀਂ ਸਾਰੇ ਮਨੋਵਿਗਿਆਨੀ ਹਾਂ। ਉਪਰੋਕਤ ਦੋਹੇਂ ਕਥਨ ਇੱਕੋ ਵੇਲੇ ਸੱਚ ਕਿਵੇਂ ਹੋ ਸਕਦੇ ਨੇ? ਕਿਉਂਕਿ ਅਸੀਂ ਸਾਰੇ ਹੀ ਬੁਨਿਆਦੀ ਅਤੇ ਸੁਭਾਵਿਕ ਤੌਰ ‘ਤੇ ਇੰਨੇ ਭਾਵੁਕ ਹਾਂ ਕਿ ਬਹੁਤ ਛੋਟੀ ਉਮਰ ਤੋਂ ਹੀ ਅਸੀਂ ਆਪਣੇ ਬਚਾਅ ਦੇ ਢੰਗ ਸਥਾਪਿਤ ਕਰ ਲੈਂਦੇ ਹਾਂ। ਅਸੀਂ ਖ਼ੁਦ ਨੂੰ ਆਪਣੇ-ਆਪ ‘ਚ ਕੈਦ ਕਰ ਲੈਂਦੇ ਹਾਂ, ਆਪਣੇ ਮੂੰਹ ‘ਤੇ ਤਾਲੇ ਲਗਾ ਲੈਂਦੇ ਹਾਂ, ਵਿਸਾਰ ਦਿੰਦੇ ਹਾਂ ਅਤੇ ਜਿਹੜੇ ਸੂਖਮ ਆਸਾਰ ਅਤੇ ਇਸ਼ਾਰੇ ਸਾਡੇ ਆਲੇ-ਦੁਆਲੇ ਮੌਜੂਦ ਹੁੰਦੇ ਹਨ, ਉਨ੍ਹਾਂ ਨੂੰ ਅਣਗੌਲਿਆਂ ਕਰਦੇ ਹਾਂ … ਕੇਵਲ ਇਸ ਇੰਤਜ਼ਾਰ ‘ਚ ਕਿ ਕੋਈ ਨਾ ਕੋਈ ਸਾਨੂੰ ਨੋਟਿਸ ਕਰ ਹੀ ਲਵੇਗਾ। ਅਸੀਂ ਇਹ ਫ਼ੈਸਲਾ ਕਰ ਲੈਂਦੇ ਹਾਂ ਕਿ ਸਾਡੇ ਲਈ ਦੂਸਰੇ ਕੀ ਮਹਿਸੂਸ ਕਰਦੇ ਹਨ ਇਹ ਸਮਝਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਸਾਡੇ ਲਈ ਆਪਣੀਆਂ ਖ਼ੁਦ ਦੀਆਂ ਭਾਵਨਾਵਾਂ ਨਾਲ ਨਜਿੱਠਣਾ ਪਹਿਲਾਂ ਤੋਂ ਹੀ ਵਾਹਵਾ ਔਖਾ ਹੈ। ਪਰ ਜੇ ਤੁਸੀਂ ਦੂਸਰਿਆਂ ਨੂੰ ਸੁਣਨ ਅਤੇ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਕੋਈ ਕੀਮਤੀ ਸੁਨੇਹਾ ਮਿਲੇਗਾ ਅਤੇ ਤੁਸੀਂ ਕਿਸੇ ਹੋਰ ਦੀ ਵੀ ਮਦਦ ਕਰ ਸਕੋਗੇ।














