ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕਲੀਨ ਚਿੱਟ ਮਿਲਣ ਮਗਰੋਂ ਹੁਣ ਉਹ ਨਸ਼ਾ ਤਸਕਰੀ ਨਾਲ ਸਬੰਧਤ ਸਾਰੇ ਦੋਸ਼ਾਂ ਤੋਂ ਮੁਕਤ ਹੋ ਗਿਆ ਹੈ। ਆਰੀਅਨ ਨੂੰ ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਮਗਰੋਂ ਉਹ 22 ਦਿਨ ਜੇਲ੍ਹ ‘ਚ ਰਿਹਾ। ਤਾਜ਼ਾ ਜਾਣਕਾਰੀ ਅਨੁਸਾਰ ਆਰੀਅਨ ਹੁਣ ਆਪਣੇ ਇੱਕ ਖ਼ਾਸ ਪ੍ਰੌਜੈਕਟ ਨੂੰ ਪੂਰਾ ਕਰਨ ਲਈ US ਜਾਵੇਗਾ। ਚਰਚਾ ਚੱਲ ਰਹੀ ਹੈ ਕਿ ਆਰੀਅਨ ਦਾ ਪ੍ਰੌਜੈਕਟ OTT ਪਲੈਟਫ਼ੌਰਮ ਲਈ ਬਣਾ ਰਿਹਾ ਹੈ, ਅਤੇ ਇਸ ਦਾ ਨਿਰਦੇਸ਼ਨ ਉਹ ਖ਼ੁਦ ਕਰੇਗਾ। ਇਸ ਸ਼ੋਅ ਲਈ ਉਸ ਨੂੰ ਪਹਿਲਾਂ ਹੀ ਪ੍ਰਵਾਨਗੀ ਮਿਲ ਚੁੱਕੀ ਹੈ।
ਈ-ਟਾਈਮਜ਼ ਦੀ ਰਿਪੋਰਟ ਅਨੁਸਾਰ, ਆਰੀਅਨ ਦੀ ਗ੍ਰਿਫ਼ਤਾਰੀ ਵੇਲੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਸੀ ਅਤੇ ਹੁਣ ਪਾਸਪੋਰਟ ਵਾਪਿਸ ਮਿਲਣ ਮਗਰੋਂ ਉਹ ਆਪਣੇ ਸ਼ੋਅ ਲਈ ਅਮਰੀਕਾ ਜਾ ਸਕੇਗਾ। ਪਹਿਲਾਂ ਖ਼ਬਰ ਆਈ ਸੀ ਕਿ ਆਰੀਅਨ ਆਪਣੇ ਨਵੇਂ ਪ੍ਰੌਜੈਕਟ ਤਹਿਤ ਕਿਸੇ ਵੈੱਬ ਸੀਰੀਜ਼ ਜਾਂ ਫ਼ੀਚਰ ਫ਼ਿਲਮ ਦੀ ਕਹਾਣੀ ‘ਤੇ ਕੰਮ ਕਰ ਰਿਹਾ ਹੈ। ਪਿੰਕਵਿਲਾ ਅਨੁਸਾਰ, ਉਹ ਇੱਕ ਹੀ ਸਮੇਂ ‘ਤੇ ਵੱਖ ਵੱਖ ਪ੍ਰੌਜੈਕਟਾਂ ਦੀ ਤਿਆਰੀ ਕਰ ਰਿਹਾ ਹੈ ਜਿਨ੍ਹਾਂ ਵਿਚੋਂ ਦੋ ਪ੍ਰੌਜੈਕਟਸ ਪ੍ਰਮੁੱਖ ਹਨ। ਪਹਿਲਾ ਐਮੇਜ਼ੌਨ ਪ੍ਰਾਈਮ ਲਈ ਵੈੱਬਸੀਰੀਜ਼ ਤਿਆਰ ਕਰਨਾ ਅਤੇ ਦੂਸਰਾ ਇੱਕ ਫ਼ੀਚਰ ਫ਼ਿਲਮ ਹੈ ਜਿਸ ਦਾ ਨਿਰਮਾਣ ਰੈੱਡ ਚਿੱਲੀ ਐਂਟਰਟੇਨਮੈਂਟ ਦੇ ਬੈਨਰ ਹੇਠ ਹੋਵੇਗਾ। ਵੈੱਬ ਸੀਰੀਜ਼ ਦੀ ਕਹਾਣੀ ਇੱਕ ਕੱਟੜ ਪ੍ਰਸ਼ੰਸਕ ਦੀ ਕਹਾਣੀ ਹੈ ਹਾਲਾਂਕਿ ਇਸ ਸਬੰਧੀ ਹਾਲੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਰਿਪੋਰਟ ਅਨੁਸਾਰ, ਜੇਕਰ ਸਭ ਕੁੱਝ ਠੀਕ ਰਿਹਾ ਤਾਂ ਇਸ ਸਾਲ ਦੇ ਅਖੀਰ ਤਕ ਇਹ ਸੀਰੀਜ਼ ਐਮੇਜ਼ੌਨ ‘ਤੇ ਰਿਲੀਜ਼ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸ਼ਾਹਰੁਖ਼ ਨੇ ਵੀ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਆਰੀਅਨ ਅਦਾਕਾਰੀ ਨਹੀਂ ਕਰਨਾ ਚਾਹੁੰਦਾ ਸਗੋਂ ਉਹ ਫ਼ਿਲਮ ਨਿਰਮਾਣ ਦੇ ਖੇਤਰ ‘ਚ ਹੱਥ ਅਜ਼ਮਾਉਣਾ ਚਾਹੁੰਦਾ ਹੈ।











