
ਜਲੰਧਰ (Ajit Weekly News) : ਦਵਿੰਦਰ ਬੰਬੀਹਾ ਗੈਂਗ ਅਤੇ ਨੀਰਜ ਬਵਾਨਾ ਤੋਂ ਬਾਅਦ ਹੁਣ ਗੈਂਗਸਟਰ ਭੂਪੀ ਰਾਣਾ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਵਾਅਦਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਭੂਪੀ ਨੇ ਕਿਹਾ ਹੈ ਕਿ ਉਹ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਜ਼ਰੂਰ ਲਵੇਗਾ। ਭੂਪੀ ਨੇ ਆਪਣੀ ਪੋਸਟ ’ਚ ਬਹੁਤ ਸਾਰੇ ਗੈਂਗਾਸਟਰਾਂ ਅਤੇ ਗਰੁੱਪਾਂ ਨੂੰ ਟੈਗ ਕੀਤਾ ਹੈ ਜਿਨ੍ਹਾਂ ’ਚ ਬੰਬੀਹਾ, ਟਿੱਲੂ ਤਾਜਪੁਰੀ, ਕੌਸ਼ਲ ਚੌਧਰੀ, ਨੀਰਜ ਭਵਾਨਾ, ਗੌਂਡਰ, ਖੁੱਬਣ, ਆਦਿ ਦੇ ਨਾਮ ਵਰਣਨਯੋਗ ਹਨ।
ਭੂਪੀ ਰਾਣਾ ਨੇ ਮੂਸੇਵਾਲਾ ਦੇ ਕਾਤਲਾਂ ਬਾਰੇ ਸੂਹ ਦੇਣ ਵਾਲੇ ਨੂੰ ਪੰਜ ਲੱਖ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਉਸ ਨੇ ਕਿਹਾ ਕਿ ਖ਼ਬਰੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਭੂਪੀ ਰਾਣਾ ਨੇ ਕਿਹਾ, “ਸਿੱਧੂ ਮੂਸੇਵਾਲਾ ਦਾ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਸੀ, ਪਰ ਜੇਕਰ ਹੁਣ ਸਿੱਧੂ ਮੂਸੇਵਾਲਾ ਨੂੰ ਸਾਡਾ ਭਰਾ ਬਣਾ ਕੇ ਮਾਰਿਆ ਗਿਆ ਹੈ ਤਾਂ ਸਾਡਾ ਫਰਜ਼ ਸਾਨੂੰ ਪਤੈ।
ਇਸ ਤੋਂ ਪਹਿਲਾਂ ਬੰਬੀਹਾ ਗੈਂਗ ਵੱਲੋਂ ਵੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਸੀ। ਭੂਪੀ ਰਾਣਾ ਅਤੇ ਲੌਰੈਂਸ ਗੈਂਗ ਦਰਿਮਿਆਨ ਪੁਰਾਣੀ ਦੁਸ਼ਮਣੀ ਹੈ। ਦੋਹਾਂ ਵਿਚਕਾਰ ਜੇਲ੍ਹ ਅੰਦਰ ਕੁੱਟਮਾਰ ਵੀ ਹੋ ਚੁੱਕੀ ਹੈ। ਭੂਪੀ ਰਾਣਾ ‘ਤੇ ਹਰਿਆਣਾ ਅਤੇ ਪੰਜਾਬ ‘ਚ ਕਤਲਾਂ ਸਮੇਤ ਕਈ ਅਪਰਾਧਾਂ ਦੇ 25 ਤੋਂ ਜ਼ਿਆਦਾ ਕੇਸ ਹਨ।
ਭੂਪੀ ਰਾਣਾ ਨੇ ਸਿੱਧੂ ਮੂਸੇਵਾਲਾ ਦੇ ਸੰਬੰਧ ਵਿਚ ਤਿੰਨ ਪੋਸਟਾਂ ਪਾਈਆਂ। ਪਹਿਲੀ ਪੋਸਟ ਵਿੱਚ ਉਸ ਨੇ ਸਿੱਧੂ ਦੀ ਆਪਣੇ ਮਾਤਾ-ਪਿਤਾ ਨਾਲ ਖਿੱਚੀ ਇਕ ਫ਼ੋਟੋ ਫੇਸਬੁੱਕ ‘ਤੇ ਪਾਉਂਦਿਆਂ ਲਿਖਿਐ, “ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਚਿੱਟੇ ਦਿਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜੋ ਬਹੁਤ ਮੰਦਭਾਗੀ ਘਟਨਾ ਹੈ।”















