ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1444

ਤੁਹਾਨੂੰ ਇੱਕ ਤੋਹਫ਼ਾ ਮਿਲਣ ਵਾਲੈ, ਇੱਕ ਬਹੁਤ ਹੀ ਖ਼ਾਸ ਤੋਹਫ਼ਾ। ਉਹ ਸ਼ਾਇਦ ਕਿਸੇ ਖ਼ੂਬਸੂਰਤ ਕਾਗ਼ਜ਼ ‘ਚ ਲਪੇਟਿਆ ਹੋਇਆ ਨਾ ਹੋਵੇ, ਉਸ ‘ਤੇ ਕੋਈ ਟਾਈ ਵਰਗਾ ਦਿਖਣ ਵਾਲਾ ਰੰਗਦਾਰ ਰਿਬਨ ਨਾ ਲੱਗੇ ਹੋਵੇ। ਪਰ ਤੁਹਾਨੂੰ ਇਹ ਤੋਹਫ਼ਾ ਦੇਣਾ ਕਿਸੇ ਦੀ ਸੱਚੀ ਫ਼ਰਾਖ਼ਦਿਲੀ ਦਾ ਇੱਕ ਵਧੀਆ ਸਬੂਤ ਹੈ। ਇੱਕ ਅਜਿਹੀ ਸ਼ੈਅ ਜਿਹੜੀ ਤੁਸੀਂ ਚਾਹੁੰਦੇ ਹੋ ਅਤੇ ਤੁਹਾਨੂੰ ਉਸ ਦੀ ਲੋੜੀ ਵੀ ਹੈ। ਇਹ ਇੱਕ ਭਾਵਨਾਤਮਕ ਵਰਦਾਨ ਹੈ, ਇੱਕ ਮਾਨਸਿਕ ਹੁਲਾਰਾ, ਤੁਹਾਡੇ ਜੀਵਨ ਦੇ ਅਜਿਹੇ ਖੇਤਰ ‘ਚ ਇੱਕ ਚਮਕਦਾਰ, ਉਜਵਲ ਪ੍ਰਗਤੀ ਜਿੱਥੇ ਬਹੁਤ ਲੰਬੇ ਅਰਸੇ ਤੋਂ ਬਹੁਤ ਜ਼ਿਆਦਾ ਤਨਾਅ ਸੀ। ਸ਼ੁਕਰਗ਼ੁਜ਼ਾਰ ਹੋਇਓ ਜਦੋਂ ਉਹ ਤੁਹਾਨੂੰ ਮਿਲ ਜਾਵੇ ਅਤੇ ਬਦਲੇ ‘ਚ ਦੂਸਰਿਆਂ ਲਈ ਰਹਿਮਦਿਲ ਅਤੇ ਮਦਦਗਾਰ ਬਣਨ ਲਈ ਤੁਸੀਂ ਜੋ ਵੀ ਕਰ ਸਕਦੇ ਹੋ ਕਰਿਓ। ਕਿਸੇ ਹੋਰ ਦੀ ਜ਼ਿੰਦਗੀ ਬਹੁਤ ਸੋਖਾਲੀ ਬਣਾਉਣ ਲਈ ਤੁਸੀਂ ਬਹੁਤ ਹੀ ਤਾਕਤਵਰ ਸਥਿਤੀ ‘ਚ ਹੋ!

ਚੋਣ ਬਹੁਤ ਸਿੱਧੀ ਅਤੇ ਸਪੱਸ਼ਟ ਹੈ। ਤੁਸੀਂ ਲਾਲ ਲੈ ਸਕਦੇ ਹੋ, ਜਾਂ ਫ਼ਿਰ ਤੁਸੀਂ ਹਰਾ ਚੁਣ ਸਕਦੇ ਹੋ। ਗ਼ਲਾਬੀ, ਪੀਲੇ ਜਾਂ ਨੀਲੇ ਦੀ ਚੋਣ ਕਰਨ ਦਾ ਮੌਕਾ ਮਿਲਣ ਦੀ ਉਮੀਦ ਰੱਖਣ ਦਾ ਕੋਈ ਖ਼ਾਸ ਫ਼ਾਇਦਾ ਨਹੀਂ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਤੁਸੀਂ ਥੋੜ੍ਹਾ ਤੰਗ ਆ ਚੁੱਕੇ ਹੋ। ਤੁਹਾਨੂੰ ਇਹ ਕੋਈ ਬਹੁਤੀ ਲੰਬੀ-ਚੌੜੀ ਚੋਣ ਤਾਂ ਲੱਗਦੀ ਨਹੀਂ। ਤੁਹਾਡਾ ਦਿਲ ਕਰਦੈ ਕਿ ਤੁਸੀਂ ਕੋਈ ਵੀ ਚੋਣ ਨਾ ਕਰੋ। ਆਪਣੀ ਇਸ ਸੋਚ ਲਈ ਤੁਹਾਡਾ ਸਪੱਸ਼ਟੀਕਰਨ ਇਸ ਪ੍ਰਕਾਰ ਹੈ: ”ਮੇਰੀ ਪਸੰਦ ਦੇ ਕਿਸੇ ਵੀ ਰੰਗ ਦੀ ਅਣਹੋਂਦ ‘ਚ, ਮੈਂ ਝਿਝਕਦਾ ਹੋਇਆ ਉਹੀ ਕਬੂਲ ਕਰ ਲਵਾਂਗਾ ਜਿਹੜਾ ਜੀਵਨ ਮੈਨੂੰ ਦੇਣਾ ਚਾਹੁੰਦੈ।”ਪਰ ਇਹ ਸੱਚਮੁੱਚ ਸਰਾਸਰ ਬੇਵਕੂਫ਼ੀ ਹੋਵੇਗੀ। ਲਾਲ ਔਰ ਹਰੇ ‘ਚ ਹਾਲੇ ਵੀ ਇੱਕ ਬਹੁਤ ਮਹੱਤਵਪੂਰਨ ਫ਼ਰਕ ਹੈ। ਸਮਝਦਾਰੀ ਨਾਲ ਚੋਣ ਕਰੋ, ਅਤੇ ਤੁਹਾਨੂੰ ਰੰਗਾਂ ਦੀ ਪੂਰੀ ਦੀ ਪੂਰੀ ਪੈਲੇਟ ਮਿਲ ਜਾਵੇਗੀ।

ਸਾਡੇ ਬਹੁਤ ਸਾਰੇ ਦੋਸਤ ਹਨ, ਇਸ ਲਫ਼ਜ਼ ਦੇ ਵੱਡੇ ਅਰਥਾਂ ਨੂੰ ਸਮਝਦੇ ਹੋਏ, ਪਰ ਬਹੁਤ ਘੱਟ ਅਜਿਹੇ ਹਨ ਜਿਨ੍ਹਾਂ ਨੂੰ ਅਸੀਂ ਜੀਵਨ ਭਰ ਦੇ ਨੇੜਲੇ ਸਾਥੀ ਕਹਿ ਸਕੀਏ। ਜਾਣ-ਪਹਿਚਾਣ ਦਾ ਇੱਕ ਵਿਸ਼ਾਲ ਦਾਇਰਾ ਰੱਖਣਾ ਜ਼ਰੂਰੀ ਹੈ ਪਰ ਜ਼ਰੂਰੀ ਹੈ, ਉਨ੍ਹਾਂ ਲਈ ਵਕਤ ਕੱਢਣਾ ਵੀ ਜਿਨ੍ਹਾਂ ਨਾਲ ਸਾਡਾ ਦਿਲ ਦਾ ਨਾਤਾ ਹੁੰਦੈ। ਕਿਸੇ ਅਸੰਤੁਲਨ ਨੂੰ ਸੰਤੁਲਿਤ ਕਰਨ ਦੀ ਲੋੜ ਹੈ। ਭਾਵਪੂਰਨ ਸੰਕੇਤ ਦੇਣ ਦੀ ਲੋੜ ਹੈ। ਕਿਸੇ ਬੰਧਨ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ ਅਤੇ, ਸ਼ਾਇਦ, ਇੱਕ ਸਬਕ ਸਿੱਖਣ ਦੀ ਵੀ। ਇੱਕ ਡੂੰਘੀ ਭਾਨਾਤਮਕ ਪ੍ਰਗਤੀ, ਬਹੁਤ ਜਲਦ, ਇੱਕ ਆਨੰਦਮਈ ਨਵੀਂ ਸਮਝ ਨੂੰ ਜਨਮ ਦੇਵੇਗੀ। ਇਸ ਦੇ ਪ੍ਰਭਾਵ ਤੁਹਾਡੀ ਜ਼ਿੰਦਗੀ ਦੇ ਸਾਰੇ ਖੇਤਰਾਂ ‘ਚ ਪੈਣਗੇ।

ਇੱਕ-ਇੱਕ ਕਰ ਕੇ ਝੂਠੀਆਂ ਚੋਣਾਂ ਹਟਾਈਆਂ ਜਾ ਰਹੀਆਂ ਹਨ। ਜਿਹੜੀ ਚੋਣ ਦੀ ਕਮੀ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹੈ, ਸ਼ਾਇਦ ਤੁਹਾਨੂੰ ਉਸ ਦਾ ਤੌਖ਼ਲਾ ਵੀ ਹੋਵੇ, ਪਰ ਇਹ ਸੋਚਣ ਦਾ ਕੋਈ ਕਾਰਨ ਨਹੀਂ ਕਿ ਤੁਹਾਡੇ ਨਾਲ ਧੋਖਾ ਕੀਤਾ ਜਾ ਰਿਹਾ ਹੈ। ਬ੍ਰਹਿਮੰਡੀ ਸ਼ਕਤੀਆਂ ਇਸ ਵਕਤ ਤੁਹਾਡੇ ਵਿਕਲਪਾਂ ਦੀ ਕੱਟ-ਵੱਢ ਕਰ ਕੇ ਤੁਹਾਨੂੰ ਉਸ ਜਗ੍ਹਾ ਲਿਜਾਉਣ ਦੀ ਸਾਜ਼ਿਸ਼ ਰਚ ਰਹੀਆਂ ਹਨ ਜਿੱਥੇ ਤੁਹਾਡੇ ਕੋਲ ਇੱਕਦਮ ਮਿਹਰਬਾਨ ਚੋਣ ਤੋਂ ਛੁੱਟ ਹੋਰ ਕੁੱਝ ਚੁਣਨ ਨੂੰ ਹੋਵੇ ਹੀ ਨਾ। ਜਦੋਂ ਕਿ ਇੱਕ ਤੁਹਾਨੂੰ ਖਿੱਚਦੀ ਹੈ, ਦੂਸਰੀ ਤੁਹਾਨੂੰ ਧੱਕਦੀ ਹੈ ਅਤੇ ਤੀਸਰੀ ਹੌਲੀ-ਹੌਲੀ ਤੁਹਾਡੇ ਕੰਨਾਂ ‘ਚ ਖ਼ਿਆਲ ਫ਼ੁਸਫ਼ੁਸਾਉਂਦੀ ਹੈ। ਇਸ ਸਾਰੀ ਆਸਮਾਨੀ ਕਸਰਤ ਦਾ ਮਕਸਦ ਤੁਹਾਡੇ ਤੋਂ ਉਹ ਕਦਮ ਚੁਕਵਾਉਣਾ ਹੈ ਜਿਸ ਬਾਰੇ ਸੰਭਾਵੀ ਤੌਰ ‘ਤੇ ਤੁਹਾਨੂੰ ਪਛਤਾਵਾ ਨਹੀਂ ਹੋ ਸਕਦਾ। ਕਿੰਨੇ ਖ਼ੁਸ਼ਕਿਸਮਤ ਹੋ ਤੁਸੀਂ? ਜਿੰਨਾ ਤੁਹਾਨੀੰ ਅਹਿਸਾਸ ਹੈ ਉਸ ਤੋਂ ਕਿਤੇ ਜ਼ਿਆਦਾ। ਛੇਤੀ ਹੀ ਤੁਸੀਂ ਦੇਖੋਗੇ ਵੀ।

“Freedom’s just another word for nothing left to lose …,” ਭਾਵ ਆਜ਼ਾਦੀ ਸ਼ਬਦ ਕੇਵਲ ਇਹ ਕਹਿਣ ਦਾ ਇੱਕ ਹੋਰ ਤਰੀਕਾ ਹੈ: ਜਦੋਂ ਗੁਆਉਣ ਲਈ ਕੁੱਝ ਵੀ ਨਾ ਬਚਿਆ ਹੋਵੇ … ਅੰਗ੍ਰੇਜ਼ੀ ਗਾਇਕਾ ਜੈਨਿਸ ਜੌਪਲਿਨ ਨੇ ਇਹ ਗੀਤ ਆਪਣੀ ਅਮਰ ਐਲਬਮ ਪਰਲ ਭਾਵ ਮੋਤੀ ‘ਚ ਗਾਇਆ ਸੀ। ਪਰ ਆਜ਼ਾਦੀ ਇੱਕ ਅਜਿਹਾ ਲਫ਼ਜ਼ ਹੈ ਜਿਸ ਦੇ ਇੱਕ ਤੋਂ ਵੱਧ ਅਰਥ ਹਨ। ਕਈਆਂ ਲਈ ਇਹ ਇੱਕ ਡਰਾਉਣੀ ਪੇਸ਼ਕਸ਼ ਹੁੰਦੀ ਹੈ। ਬਹੁਤ ਵਾਰ, ਅਸੀਂ ਪਿੰਜਰੇ ‘ਚ ਕੈਦ ਉਨ੍ਹਾਂ ਪਰਿੰਦਿਆਂ ਵਰਗੇ ਬਣ ਜਾਂਦੇ ਹਾਂ ਜਿਹੜੇ ਦਰਵਾਜ਼ਾ ਖੁਲ੍ਹਾ ਹੋਣ ਦੇ ਬਾਵਜੂਦ ਫ਼ਰਾਰ ਹੋਣ ਤੋਂ ਡਰਦੇ ਰਹਿੰਦੇ ਨੇ। ਇਹ ਗੱਲ ਸੱਚੀ ਹੈ ਕਿ ਤੁਹਾਡੇ ਪਾਸ ਗੁਆਉਣ ਲਈ ਕੁੱਝ ਨਹੀਂ। ਪਰ ਇਹ ਵੀ ਸੱਚ ਹੈ ਕਿ ਪਾਉਣ ਲਈ ਤੁਹਾਡੇ ਕੋਲ ਬਹੁਤ ਕੁੱਝ ਹੈ। ਤੁਹਾਡੇ ਲਈ ਪੇਸ਼ ਹੈ ਬਿਹਤਰੀਨ ਖ਼ੁਸ਼ੀ ਦੇ ਸਰੂਰ ਦਾ ਉਹ ਪਿਆਲਾ ਜਿਹੜਾ ਕੇਵਲ ਸਹੀ ਮਾਅਨੇ ਦੀ ਆਜ਼ਾਦੀ ਹੀ ਦੇ ਸਕਦੀ ਹੈ।