ਨਵੀਂ ਦਿੱਲੀ – ਹਰਭਜਨ ਸਿੰਘ ਨੇ ਪਿਛਲੇ ਸਾਲ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਰਿਟਾਇਰਮੈਂਟ ਤੋਂ ਬਾਅਦ ਭੱਜੀ ਨੇ ਕਿਹਾ ਸੀ ਕਿ ਉਹ ਕੁੱਝ ਦਿਨ ਹੋਰ ਕ੍ਰਿਕਟ ਖੇਡ ਸਕਦੈ, ਪਰ ਅਜਿਹਾ ਨਹੀਂ ਹੋਇਆ। ਉਸ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਧੋਨੀ ਨੂੰ ਟੀਮ ਤੋਂ ਬਾਹਰ ਕੀਤੇ ਜਾਣ ਦਾ ਕਾਰਨ ਪੁੱਛਿਆ ਸੀ, ਪਰ ਉਸ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਫ਼ਿਰ ਉਸ ਨੇ ਪੁੱਛਣਾ ਵੀ ਬੰਦ ਕਰ ਦਿੱਤਾ।
ਹਰਭਜਨ ਸਿੰਘ ਦੀਆਂ ਅਜਿਹੀਆਂ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਸਾਰਿਆਂ ਨੂੰ ਲੱਗਾ ਕਿ ਧੋਨੀ ਨਾਲ ਉਸ ਦੇ ਰਿਸ਼ਤੇ ਠੀਕ ਨਹੀਂ ਸਨ, ਪਰ ਹੁਣ ਭੱਜੀ ਨੇ ਇਸ ‘ਤੇ ਚੁੱਪੀ ਤੋੜ ਦਿੱਤੀ ਹੈ। ਖ਼ਬਰਾਂ ਮੁਤਾਬਿਕ ਹਰਭਜਨ ਸਿੰਘ ਕਿਹਾ, ”ਮੈਨੂੰ ਮਹਿੰਦਰ ਸਿੰਘ ਧੋਨੀ ਖਿਲਾਫ਼ ਕੋਈ ਸ਼ਿਕਾਇਤ ਨਹੀਂ। ਸੱਚ ਤਾਂ ਇਹ ਹੈ ਕਿ ਉਹ ਇੰਨੇ ਸਾਲਾਂ ਤੋਂ ਮੇਰਾ ਦੋਸਤ ਹੈ। ਮੈਨੂੰ ਉਸ ਸਮੇਂ ਦੀ ਸਰਕਾਰ ਤੋਂ ਸ਼ਿਕਾਇਤ ਹੈ। ਮੈਂ BCCI (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੂੰ ਸਰਕਾਰ ਕਹਿ ਕੇ ਸੰਬੋਧਨ ਕਰਦਾ ਹਾਂ। ਉਸ ਸਮੇਂ ਟੀਮ ਦੇ ਚੋਣਕਾਰ ਨੇ ਆਪਣੀ ਭੂਮਿਕਾ ਨਾਲ ਇਨਸਾਫ਼ ਨਹੀਂ ਕੀਤਾ।”
ਕੋਈ ਮੇਰੀ ਕਪਤਾਨੀ ਬਾਰੇ ਸਵਾਲ ਨਹੀਂ ਕਰਦਾ। ਮੈਂ BCCI ‘ਚ ਕਿਸੇ ਅਜਿਹੇ ਇਨਸਾਨ ਨੂੰ ਨਹੀਂ ਜਾਣਦਾ ਸੀ ਜੋ ਕਪਤਾਨੀ ਨੂੰ ਲੈ ਕੇ ਮੇਰਾ ਨਾਂ ਅੱਗੇ ਰੱਖ ਸਕਦਾ ਜਾਂ ਮੇਰੀ ਗੱਲ ਅੱਗੇ ਰੱਖਦਾ। ਜੇਕਰ ਤੁਸੀਂ ਬੋਰਡ ‘ਚ ਕਿਸੇ ਪੌਵਰਫ਼ੁਲ ਮੈਂਬਰ ਦੇ ਫ਼ੇਵਰੇਟ ਨਹੀਂ ਹੋ ਤਾਂ ਤੁਹਾਨੂੰ ਅਜਿਹਾ ਸਨਮਾਨ ਤੇ ਮੌਕਾ ਨਹੀਂ ਮਿਲਦਾ। ਮੈਨੂੰ ਪਤਾ ਸੀ ਕਿ ਮੈਂ ਭਾਰਤ ਦੀ ਕਪਤਾਨੀ ਕਰਨ ‘ਚ ਸਮਰਥ ਸੀ ਕਿਉਂਕਿ ਅਸੀਂ ਬਹੁਤ ਸਾਰੇ ਕਪਤਾਨਾਂ ਦਾ ਮਾਰਗਦਰਸ਼ਨ ਕਰਦੇ ਹਾਂ। ਮੈਂ ਭਾਰਤ ਦਾ ਕਪਤਾਨ ਬਣਿਆ ਜਾਂ ਨਹੀਂ, ਕੋਈ ਵੱਡੀ ਗੱਲ ਨਹੀਂ। ਜੇਕਰ ਮੈਂ ਆਪਣੇ ਦੇਸ਼ ਲਈ ਕਪਤਾਨ ਨਹੀਂ ਬਣ ਸਕਿਆ ਤਾਂ ਮੈਨੂੰ ਪਛਤਾਵਾ ਨਹੀਂ। ਮੈਨੂੰ ਇੱਕ ਖਿਡਾਰੀ ਦੇ ਤੌਰ ‘ਤੇ ਦੇਸ਼ ਦੀ ਸੇਵਾ ਕਰਨ ‘ਚ ਹਮੇਸ਼ਾ ਖ਼ੁਸ਼ੀ ਮਿਲੀ ਹੈ।”
ਭੱਜੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ 2011 ਦੇ ਵਿਸ਼ਵ ਕੱਪ ਫ਼ਾਈਨਲ ‘ਚ ਖੇਡਣ ਵਾਲੇ ਖਿਡਾਰੀ ਦੁਬਾਰਾ ਇਕੱਠੇ ਕਿਉਂ ਨਹੀਂ ਖੇਡੇ। ਉਸ ਕਿਹਾ ਕਿ ਇਸ ‘ਤੇ ਸਾਰਿਆਂ ਦੀ ਵੱਖੋ-ਵੱਖਰੀ ਰਾਏ ਹੈ, ਪਰ ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਸੀ ਕਿ 2011 ਤੋਂ ਬਾਅਦ ਵੀ ਕਈ ਚੀਜ਼ਾਂ ਬਿਹਤਰ ਹੋ ਸਕਦੀਆਂ ਸਨ। ਸਹਿਵਾਗ, ਯੁਵਰਾਜ, ਗੌਤਮ ਗੰਭੀਰ ਅਤੇ ਮੈਂ ਇਕੱਠੇ ਖੇਡ ਕੇ ਸੰਨਿਆਸ ਲੈ ਸਕਦੇ ਸੀ। ਇਹ ਕਾਫ਼ੀ ਨਿਰਾਸ਼ਾਜਨਕ ਹੈ ਕਿ 2011 ਦੇ ਚੈਂਪੀਅਨ ਦੁਬਾਰਾ ਕਦੇ ਇਕੱਠੇ ਨਹੀਂ ਖੇਡੇ। 2015 ਦੇ ਵਿਸ਼ਵ ਕੱਪ ‘ਚ ਉਨ੍ਹਾਂ ‘ਚੋਂ ਸਿਰਫ਼ ਕੁੱਝ ਹੀ ਖਿਡਾਰੀ ਖੇਡੇ, ਅਜਿਹਾ ਕਿਉਂ? ਜ਼ਿਕਰਯੋਗ ਹੈ ਕਿ ਸਾਲ 2011 ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਕਈ ਨਵੇਂ ਖਿਡਾਰੀਆਂ ਦਾ ਸਮਰਥਨ ਕੀਤਾ ਸੀ, ਅਤੇ ਕਈ ਸੀਨੀਅਰ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ ਸੀ।
ਹਰਭਜਨ ਸਿੰਘ ਨੂੰ ਭਾਵੇਂ ਹੀ ਭਾਰਤੀ ਟੀਮ ਦਾ ਕਪਤਾਨ ਨਹੀਂ ਬਣਾਇਆ ਗਿਆ, ਪਰ ਉਹ IPL (ਇੰਡੀਅਨ ਪ੍ਰੀਮੀਅਰ ਲੀਗ) ਫ਼੍ਰੈਂਚਾਈਜ਼ੀ ਮੁੰਬਈ ਇੰਡੀਅਨਜ਼ ਦਾ ਕਪਤਾਨ ਰਿਹਾ। ਸਾਲ 2011 ‘ਚ ਮੁੰਬਈ ਨੇ ਉਸ ਦੀ ਕਪਤਾਨੀ ‘ਚ ਰੌਇਲ ਚੈਲੰਜਰਜ਼ ਬੈਂਗਲੁਰੂ (RBC) ਨੂੰ ਹਰਾ ਕੇ IPL ਟੂਰਨਾਮੈਂਟ ‘ਤੇ ਕਬਜ਼ਾ ਜਮਾਇਆ ਸੀ। IPL ‘ਚ ਭੱਜੀ ਨੇ 20 ਮੈਚਾਂ ‘ਚ ਕਪਤਾਨੀ ਕੀਤੀ ਜਿਸ ‘ਚ ਉਸ ਨੇ 10 ਮੁਕਾਬਲੇ ਜਿੱਤੇ ਅਤੇ 10 ‘ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤ ਲਈ 103 ਟੈੱਸਟ ਮੈਚ ਖੇਡ ਚੁੱਕੈ ਭੱਜੀ
ਹਰਭਜਨ ਸਿੰਘ ਨੇ ਟੀਮ ਇੰਡੀਆ ਲਈ 103 ਟੈੱਸਟ ਮੈਚ ਖੇਡੇ ਹਨ। ਉਸ ਦੇ ਨਾਂ 417 ਵਿਕਟਾਂ ਦਰਜ ਹਨ। ਵਨ-ਡੇ ‘ਚ ਉਸ ਨੇ 236 ਮੈਚਾਂ ‘ਚ 269 ਵਿਕਟਾਂ ਲਈਆਂ। T-20 ‘ਚ ਹਰਭਜਨ ਨੇ ਭਾਰਤ ਲਈ 28 ਮੈਚ ਖੇਡੇ ਹਨ, ਅਤੇ ਇਨ੍ਹਾਂ ‘ਚ ਉਸ ਨੇ 25 ਵਿਕਟਾਂ ਲਈਆਂ।












