ਨਵੀਂ ਦਿੱਲੀ – ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਉਮਰ ਗੁਲ ਨੇ ਆਪਣੀ ਤੁਲਨਾ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨਾਲ ਕਰਦੇ ਹੋਏ ਕਿਹਾ, ”ਮੈਂ ਉਸ ਤੋਂ ਬਿਹਤਰ ਬੱਲੇਬਾਜ਼ ਹਾਂ।”ਗੁਲ ਨੇ ਦੱਸਿਆ ਕਿ ਉਸ ਨੇ ਵਿਸ਼ਵ ਕੱਪ ਦੇ ਇੱਕ ਮੈਚ ‘ਚ ਆਪਣੀ ਬੱਲੇਬਾਜ਼ੀ ਦੇ ਦਮ ‘ਤੇ ਮੈਨ ਔਫ਼ ਦਾ ਮੈਚ’ ਦਾ ਖਿਤਾਬ ਜਿੱਤਿਆ ਸੀ ਹਾਲਾਂਕਿ ਉਸ ਤੋਂ ਬਾਅਦ ਉਸ ਨਾਲ ਅਜਿਹਾ ਕਦੇ ਨਹੀਂ ਹੋਇਆ। ਗੁਲ ਨੂੰ 2012 ‘ਚ T-20 ਵਿਸ਼ਵ ਕੱਪ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ 17 ਗੇਂਦਾਂ ‘ਚ 32 ਦੌੜਾਂ ਦੀ ਪਾਰੀ ਲਈ ਮੈਨ ਔਫ਼ ਦਾ ਮੈਚ ਦਾ ਖ਼ਿਤਾਬ ਮਿਲਿਆ ਸੀ। ਇਸ ਮੈਚ ‘ਚ ਉਸ ਨੇ 19 ਦੌੜਾਂ ਦੇ ਕੇ ਇੱਕ ਵਿਕਟ ਵੀ ਲਈ ਸੀ।
ਉਮਰ ਗੁਲ ਨੇ ਕਿਹਾ, ”ਹਰਭਜਨ ਸਿੰਘ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ ਹੈ, ਪਰ ਮੈਂ ਆਪਣੀ ਬੱਲੇਬਾਜ਼ੀ ਲਈ ਵਿਸ਼ਵ ਕੱਪ ਦੇ ਇੱਕ ਮੈਚ ‘ਚ ਪਲੇਅਰ ਔਫ਼ ਦਾ ਮੈਚ ਦਾ ਖ਼ਿਤਾਬ ਜਿੱਤਿਆ ਹੈ। ਇਸ ਦਾ ਮਤਲਬ ਹੈ ਕਿ ਜਦੋਂ ਬੱਲੇਬਾਜ਼ੀ ਦੀ ਗੱਲ ਆਉਂਦੀ ਹੈ ਤਾਂ ਮੈਂ ਹਰਭਜਨ ਸਿੰਘ ਤੋਂ ਬਿਹਤਰ ਹਾਂ। ਵੈਸੇ ਇੱਥੇ ਦੱਸ ਦੇਈਏ ਕਿ ਹਰਭਜਨ ਸਿੰਘ ਨੇ ਉਮਰ ਗੁਲ ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ 236 ਵਨ-ਡੇ ਮੈਚਾਂ ‘ਚ 1, 237 ਦੌੜਾਂ ਬਣਾਈਆਂ ਜਦਕਿ ਗੁਲ ਨੇ 130 ਵਨਡੇਜ਼ ‘ਚ ਕੇਵਲ 457 ਦੌੜਾਂ ਬਣਾਈਆਂ ਹਨ। ਉਮਰ ਗੁਲ ਨੇ ਜਿੱਥੇ 60 T-20 ਮੈਚਾਂ ਦੀਆਂ 27 ਪਾਰੀਆਂ ‘ਚ 165 ਦੌੜਾਂ ਬਣਾਈਆਂ ਉਥੇ ਭੱਜੀ ਨੇ 28 ਮੈਚਾਂ ਦੀਆਂ 13 ਪਾਰੀਆਂ ‘ਚ 108 ਦੌੜਾਂ ਬਣਾਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਹਰਭਜਨ ਸਿੰਘ ਨੇ 24 ਦਸੰਬਰ 2021 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ, ਅਤੇ ਇਸ ਦੇ ਨਾਲ ਹੀ ਉਸ ਦੇ 23 ਸਾਲ ਲੰਬੇ ਕ੍ਰਿਕਟ ਕਰੀਅਰ ਦਾ ਅੰਤ ਹੋ ਗਿਆ ਸੀ। ਉਸ ਨੇ ਆਖਰੀ ਵਾਰ ਭਾਰਤ ਲਈ ਏਸ਼ੀਆ ਕੱਪ ‘ਚ ਮਾਰਚ 2016 ‘ਚ ਸੰਯੁਕਤ ਅਰਬ ਅਮੀਰਾਤ ਦੇ ਖਿਲਾਫ਼ ਇੱਕ T-20 ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਦੂਜੇ ਪਾਸੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਉਮਰ ਗੁਲ ਨੇ ਅਕਤੂਬਰ 2020 ਵਿੱਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਸੀ। ਉਹ 2007 T-20 ਵਿਸ਼ਵ ਕੱਪ ਫ਼ਾਈਨਲ ‘ਚ ਪਾਕਿਸਤਾਨ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਅਤੇ 2009 T-20 ਵਿਸ਼ਵ ਕੱਪ ‘ਚ ਪਾਕਿਸਤਾਨ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ।












