ਮੋਹਾਲੀ : ਮੋਟਰਸਾਈਕਲ ਰਾਈਡ ਰਾਹੀਂ ਘਰ ਪਹੁੰਚੀ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਦੇ ਮਾਮਲੇ ’ਚ ਅਦਾਲਤ ਨੇ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ 20-20 ਸਾਲ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਤੇ ਸਪੈਸ਼ਲ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇੰਦਰਜੀਤ ਸਿੰਘ ਤੇ ਕ੍ਰਿਸ਼ਨ ਸਿੰਘ ਨੂੰ ਧਾਰਾ 70(1) ਤਹਿਤ 20-20 ਸਾਲ ਦੀ ਕੈਦ ਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਧਾਰਾ 351(2) ਤਹਿਤ ਦੋਵਾਂ ਨੂੰ 1-1 ਸਾਲ ਦੀ ਕੈਦ ਵੀ ਸੁਣਾਈ ਗਈ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ’ਚ ਉਨ੍ਹਾਂ ਨੂੰ 6 ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ। ਸਰਕਾਰੀ ਧਿਰ ਵੱਲੋਂ ਕੇਸ ਦੀ ਪੈਰਵੀ ਉਪ ਜ਼ਿਲ੍ਹਾ ਅਟਾਰਨੀ ਹਰਦੀਪ ਸਿੰਘ ਰੁਮਾਣਾ ਨੇ ਕੀਤੀ।
ਸਹੇਲੀ ਦੇ ਫੋਨ ਤੋਂ ਬੁੱਕ ਕੀਤੀ ਸੀ ਰਾਈਡ
ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਸੀ ਕਿ 27 ਅਪ੍ਰੈਲ 2025 ਤੜਕੇ ਕਰੀਬ 3 ਵਜੇ ਉਸ ਨੇ ਘਰ ਜਾਣ ਲਈ ਆਪਣੀ ਸਹੇਲੀ ਦੇ ਫੋਨ ਤੋਂ ਐਪ ਰਾਹੀਂ ਮੋਟਰਸਾਈਕਲ ਰਾਈਡ ਬੁੱਕ ਕਰਵਾਈ ਸੀ। ਸਵੇਰੇ ਕਰੀਬ 3:30 ਵਜੇ ਮੋਟਰਸਾਈਕਲ ਚਾਲਕ ਉਸ ਨੂੰ ਲੈਣ ਪਹੁੰਚ ਗਿਆ। ਐਪ ’ਤੇ ਦਰਜ ਮੋਬਾਈਲ ਨੰਬਰ ਦੀ ਪੁਸ਼ਟੀ ਤੋਂ ਬਾਅਦ ਉਹ ਰਾਈਡ ’ਤੇ ਸਵਾਰ ਹੋ ਕੇ ਆਪਣੇ ਘਰ ਪਹੁੰਚ ਗਈ। ਉਸ ਨੇ ਚਾਲਕ ਨੂੰ 250 ਰੁਪਏ ਦਾ ਭੁਗਤਾਨ ਵੀ ਕੀਤਾ। ਪੀੜਤਾ ਮੁਤਾਬਕ ਜਦੋਂ ਉਹ ਆਪਣੇ ਕਮਰੇ ਵੱਲ ਜਾ ਰਹੀ ਸੀ ਤਾਂ ਰਾਈਡ ਚਾਲਕ ਨੇ ਆਪਣੇ ਇਕ ਹੋਰ ਸਾਥੀ ਨੂੰ ਉੱਥੇ ਬੁਲਾ ਲਿਆ। ਦੋਵੇਂ ਉਸ ਦੇ ਪਿੱਛੇ-ਪਿੱਛੇ ਜ਼ਬਰਦਸਤੀ ਕਮਰੇ ’ਚ ਦਾਖ਼ਲ ਹੋ ਗਏ। ਉਸ ਦੇ ਕੁਝ ਪੁੱਛਣ ਤੋਂ ਪਹਿਲਾਂ ਹੀ ਇਕ ਮੁਲਜ਼ਮ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ ਜਦਕਿ ਦੂਜੇ ਨੇ ਉਸ ਨਾਲ ਜ਼ਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਦੋਵਾਂ ਨੇ ਵਾਰੀ-ਵਾਰੀ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਪੀੜਤਾ ਨੂੰ ਰੌਲਾ ਪਾਉਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ।
ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਵਰਗੀ ਧਮਕੀ
ਪੀੜਤਾ ਨੇ ਦੱਸਿਆ ਕਿ ਜਾਂਦੇ ਸਮੇਂ ਮੁਲਜ਼ਮਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਦਾ ਬੁਰਾ ਹਸ਼ਰ ਕਰਨਗੇ। ਉਸ ਨੇ ਪੁਲਸ ਨੂੰ ਦੱਸਿਆ ਕਿ ਮੋਟਰਸਾਈਕਲ ਚਾਲਕ ਨੇ ਸਿਰ ’ਤੇ ਪੱਗ ਬੰਨ੍ਹੀ ਹੋਈ ਸੀ ਜਦੋਂ ਕਿ ਦੂਜੇ ਵਿਅਕਤੀ ਦੇ ਸਿਰ ’ਤੇ ਵਾਲ ਨਹੀਂ ਸਨ। ਥਾਣਾ ਨਵਾਂਗਰਾਓਂ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਕਰਕੇ ਇੰਦਰਜੀਤ ਸਿੰਘ ਤੇ ਕ੍ਰਿਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਸ ਜਾਂਚ ਦੌਰਾਨ ਦੋਵਾਂ ਨੂੰ ਐਪ ’ਤੇ ਦਰਜ ਮੋਬਾਇਲ ਨੰਬਰ ਦੀ ਮਦਦ ਨਾਲ ਟਰੇਸ ਕੀਤਾ ਗਿਆ ਸੀ।














