ਲੈਂਗਰ ਨਾਲ ਤਨਾਅਪੂਰਨ ਮੁਲਾਕਾਤ ਵਾਲੀ ਰਿਪੋਰਟ ‘ਤੇ CA ਨੇ ਸਥਿਤੀ ਕੀਤੀ ਸਾਫ਼

ਸਿਡਨੀ – ਕ੍ਰਿਕਟ ਆਸਟਰੇਲੀਆ ਨੇ ਇਨ੍ਹਾਂ ਰਿਪੋਰਟਸ ਨੂੰ ਖ਼ਾਰਿਜ ਕੀਤਾ ਕਿ ਮੁੱਖ ਕੋਚ ਜਸਟਿਨ ਲੈਂਗਰ ਨਾਲ ਉਨ੍ਹਾਂ ਦੀ ਮੁਲਾਕਾਤ ਤਨਾਅਪੂਰਨ ਰਹੀ ਅਤੇ ਲੈਂਗਰ ਨੂੰ ਅਹੁਦੇ ਲਈ ਮੁੜ ਐਪਲਾਈ ਕਰਨ ਨੂੰ ਕਿਹਾ ਗਿਆ ਹੈ। ਲੈਂਗਰ ਦਾ ਕਰਾਰ ਜੂਨ ‘ਚ ਸਮਾਪਤ ਹੋ ਰਿਹਾ ਹੈ। ਉਨ੍ਹਾਂ ਨੇ ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਨਿਕ ਹੌਕਲੀ ਅਤੇ ਹਾਈ ਪਰਫ਼ੌਰਮੈਂਸ ਮੈਨੇਜਰ ਬੈੱਨ ਓਲਿਵਰ ਨਾਲ ਪਿਛਲੇ ਹਫ਼ਤੇ ਮੁਲਾਕਾਤ ਕੀਤੀ ਸੀ।
ਉਸ ਤੋਂ ਬਾਅਦ ਤੋਂ ਸਥਾਨਕ ਮੀਡੀਆ ਨੇ ਕਿਹਾ ਕਿ ਇਹ ਬੈਠਕ ਓਦੋਂ ਤਨਾਅਪੂਰਨ ਹੋ ਗਈ ਜਦੋਂ CA ਨੇ ਉਨ੍ਹਾਂ ਨੂੰ ਇਸ ਅਹੁਦੇ ਲਈ ਫ਼ਿਰ ਤੋਂ ਐਪਲਾਈ ਕਰਨ ਨੂੰ ਕਹਿ ਦਿੱਤਾ। CA ਨੇ ਇੱਕ ਬਿਆਨ ‘ਚ ਇਨ੍ਹਾਂ ਅਟਕਲਾਂ ਨੂੰ ਖ਼ਾਰਿਜ ਕਰਦੇ ਹੋਏ ਕਿਹਾ, ”ਆਸਟਰੇਲੀਆਈ ਪੁਰਸ਼ਾਂ ਦੀ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ, ਕ੍ਰਿਕਟ ਆਸਟਰੇਲੀਆ ਦੇ CEO ਨਿਕ ਹੌਕਲੇ ਅਤੇ ਓਲਿਵਰ ਦਰਮਿਆਨ ਹੋਈ ਬੈਠਕ ਨੂੰ ਲੈ ਕੇ ਫ਼ੌਕਸ ਸਪੋਰਟਸ ਦੀ ਵੈੱਬਸਾਈਟ ‘ਤੇ ਜਾਰੀ ਖ਼ਬਰਾਂ ਸਹੀ ਨਹੀਂ।”
ਇਸ ‘ਚ ਕਿਹਾ ਗਿਆ, ”ਅਸੀਂ ਗੁਪਤ ਗੱਲਾਂ ‘ਤੇ ਟਿੱਪਣੀ ਨਹੀਂ ਕਰਦੇ, ਪਰ ਤੱਥਾਂ ਨੂੰ ਦਰੁਸਤ ਕਰਨਾ ਜ਼ਰੂਰੀ ਹੈ।”ਲੈਂਗਰ ਨੂੰ 2018 ‘ਚ ਗੇਂਦ ਨਾਲ ਛੇੜਛਾੜ ਮਾਮਲੇ ਤੋਂ ਬਾਅਦ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਸੀ। ਭਾਰਤ ਖ਼ਿਲਾਫ਼ ਪਿਛਲੇ ਸਾਲ ਟੈੱਸਟ ਸੀਰੀਜ਼ ‘ਚ ਸ਼ਰਮਨਾਕ ਹਾਰ ਤੋਂ ਬਾਅਦ ਉਸ ਨੂੰ ਹਟਾਏ ਜਾਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਪਰ ਫ਼ਿਰ ਆਸਟਰੇਲੀਆ ਨੇ ਪਹਿਲਾ T-20 ਵਿਸ਼ਵ ਕੱਪ ਜਿੱਤਿਆ ਅਤੇ ਐਸ਼ੇਜ਼ ਸੀਰਜ਼ 4-0 ਨਾਲ ਜਿੱਤ ਲਈ।