ਅੰਮ੍ਰਿਤ ਮਾਨ ਸਟਾਰਰ ਫ਼ਿਲਮ ਬੱਬਰ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਹਿਲਾਂ ਸੰਗੀਤ ਨਿਰਦੇਸ਼ਕ ਦੇਸੀ ਕਰੂ ਨਾਲ ਕਲਾਕਾਰ ਦੇ ਸਹਿਯੋਗ ਕਾਰਨ ਅਤੇ ਫ਼ਿਰ ਉਸ ਦੇ ਟਾਈਟਲ ਕਰ ਕੇ। ਦੱਸ ਦੇਈਏ ਕਿ ਅੰਮ੍ਰਿਤ ਮਾਨ ਦੀ ਇਸ ਫ਼ਿਲਮ ਦਾ ਨਾਮ ਪਹਿਲਾਂ ਹਾਕਮ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ, ਪਰ ਬਾਅਦ ‘ਚ ਨਿਰਮਾਤਾਵਾਂ ਨੇ ਫ਼ਿਲਮ ਦਾ ਨਾਂ ਬਦਲ ਕੇ ਬੱਬਰ ਰੱਖਣ ਦਾ ਫ਼ੈਸਲਾ ਕੀਤਾ।
ਦਾ ਬੌਂਬੇ ਬੀਟਸ ਅਤੇ ਦੇਸੀ ਕਰੂ ਦਾ ਇਹ ਇਕਠਿਆਂ ਪਹਿਲਾ ਪ੍ਰੋਡਕਸ਼ਨ ਪ੍ਰੌਜੈਕਟ ਹੈ ਜੋ 11 ਮਾਰਚ, 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗਾ। ਅਮਰ ਹੁੰਦਲ ਵਲੋਂ ਡਾਇਰੈਕਟ ਅਤੇ ਲਿਖੀ ਗਈ ਇਸ ਫ਼ਿਲਮ ‘ਚ ਅੰਮ੍ਰਿਤ ਮਾਨ ਲੀਡ ਰੋਲ ‘ਚ ਨਜ਼ਰ ਆਏਗਾ। ਹਾਲ ਹੀ ‘ਚ ਰਿਲੀਜ਼ ਹੋਈ ਵਾਰਨਿੰਗ ਵੀ ਇਸ ਸਮੇਂ ਬੌਕਸ ਆਫ਼ਿਸ ‘ਤੇ ਜਾਦੂ ਚਲਾ ਰਹੀ ਹੈ।
ਬੱਬਰ ਇੱਕ ਐਕਸ਼ਨ-ਡਰਾਮਾ ਫ਼ਿਲਮ ਹੋਵੇਗੀ, ਇਸ ਦਾ ਅੰਦਾਜ਼ਾ ਅਦਾਕਾਰ ਵਲੋਂ ਸਾਂਝੇ ਕੀਤੇ ਗਏ ਫ਼ਿਲਮ ਦੇ ਪੋਸਟਰ ਤੋਂ ਲੱਗਦਾ ਹੈ। ਅੰਮ੍ਰਿਤ ਮਾਨ ਦੇ ਕਿਰਦਾਰ ਦੀ ਤਾਜ਼ਾ ਝਲਕ ਉਸ ਵਲੋਂ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਇੱਕ ਤਾਜ਼ਾ ਪੋਸਟ ‘ਚ ਵੀ ਦੇਖੀ ਜਾ ਸਕਦੀ ਹੈ। ਅੰਮ੍ਰਿਤ ਮਾਨ ਇਸ ਤੋਂ ਪਹਿਲਾਂ ਚੰਨਾ ਮੇਰਿਆ, ਲੌਂਗ ਲਾਚੀ ਅਤੇ ਆਟੇ ਦੀ ਚਿੜੀ ਵਰਗੀਆਂ ਫ਼ਿਲਮਾਂ ‘ਚ ਬਤੌਰ ਅਦਾਕਾਰ ਕੰਮ ਕਰ ਚੁੱਕੈ।











