ਦਿਲਜੀਤ ਦੀ ਹੌਂਸਲਾ ਰੱਖ ਐਮੇਜ਼ੋਨ ਪ੍ਰਾਈਮ ‘ਤੇ ਵੀ ਹੋਈ ਰਿਲੀਜ਼

ਐਮੇਜ਼ੋਨ ਪ੍ਰਾਈਮ ਵੀਡੀਓ ਨੇ 24 ਨਵੰਬਰ 2021 ਨੂੰ ਭਾਰਤ ਅਤੇ 240 ਦੇਸ਼ਾਂ ‘ਚ ਦਿਲਜੀਤ ਦੋਸਾਂਝ ਸਟਾਰਰ ਬਹੁਤ ਚਰਚਿਤ ਫ਼ਿਲਮ ਹੌਂਸਲਾ ਰੱਖ ਨੂੰ ਰਿਲੀਜ਼ ਕਰ ਦਿੱਤਾ ਸੀ। ਅਮਰਜੀਤ ਸਿੰਘ ਸਰੋਨ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਪਿਓ-ਪੁੱਤ ਦੇ ਰਿਸ਼ਤੇ ਦੇ ਨਾਲ-ਨਾਲ ਮੌਡਰਨ ਦਿਨਾਂ ਦੇ ਰਿਸ਼ਤਿਆਂ ‘ਤੇ ਸਥਾਪਿਤ ਇੱਕ ਰੋਮਾਂਟਿਕ ਕੌਮੇਡੀ ਫ਼ਿਲਮ ਹੈ ਜਿਸ ‘ਚ ਸ਼ਹਿਨਾਜ਼ ਗਿੱਲ ਅਤੇ ਸੋਨਮ ਬਾਜਵਾ ਵੀ ਮੁੱਖ ਭੂਮਿਕਾ ‘ਚ ਹਨ। ਇੱਕ ਫ਼ਿਲਮ ਨਿਰਮਾਤਾ ਦੇ ਰੂਪ ‘ਚ ਦਿਲਜੀਤ ਦੋਸਾਂਝ ਦੀ ਸ਼ੁਰੂਆਤ ਨੂੰ ਦਰਸਾਉਂਦਿਆਂ ਹੌਂਸਲਾ ਰੱਖ ਨੂੰ ਸਿਨੇਮਾਘਰਾਂ ‘ਚ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ ਜਿਸ ਨਾਲ ਇਹ ਅੱਜ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਗਈ ਹੈ। ਥਿੰਦ ਮੋਸ਼ਨ ਫ਼ਿਲਮਜ਼ ਐਂਡ ਸਟੋਰੀ ਟਾਈਮ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਦਲਜੀਤ ਥਿੰਦ ਵਲੋਂ ਸਾਂਝੇ ਤੌਰ ‘ਤੇ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਹੈ।
ਕੈਨੇਡਾ ਦੇ ਵੈਨਕੂਵਰ ਦੀ ਪਿੱਠਭੂਮੀ ‘ਤੇ ਬਣੀ ਹੌਂਸਲਾ ਰੱਖ ਦੀ ਕਹਾਣੀ ਇੱਕ ਪਿਆਰੇ ਜਿਹੇ ਪੰਜਾਬੀ ਵਿਅਕਤੀ ਦੀ ਹੈ ਜੋ ਇੱਕ ਸਿੰਗਲ ਪਿਤਾ ਵੀ ਹੈ ਅਤੇ ਜਿਸ ਦੀ ਜ਼ਿੰਦਗੀ ਉਸ ਦੇ ਸੱਤ ਸਾਲ ਦੇ ਬੇਟੇ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਸਭ ਓਦੋਂ ਤਕ ਠੀਕ ਚੱਲਦਾ ਹੈ ਜਦੋਂ ਤਕ ਕਿ ਉਹ ਆਪਣੇ ਪੁੱਤਰ ਲਈ ਇੱਕ ਮਾਂ ਲੱਭਣ ਦਾ ਫ਼ੈਸਲਾ ਨਹੀਂ ਕਰ ਲੈਦਾ ਅਤੇ ਸੰਯੋਗ ਨਾਲ ਉਸ ਦੀ ਮੁਲਾਕਾਤ ਆਪਣੀ ਐੱਕਸ ਨਾਲ ਹੋ ਜਾਂਦੀ ਹੈ ਜੋ ਸੱਤ ਸਾਲਾਂ ਬਾਅਦ ਸ਼ਹਿਰ ‘ਚ ਵਾਪਿਸ ਆਈ ਹੈ। ਕੌਮੇਡੀ ਅਤੇ ਦਿਲ ਨੂੰ ਛੂਹ ਲੈਣ ਵਾਲੇ ਪਲਾਂ ਨਾਲ ਭਰਪੂਰ ਹੌਂਸਲਾ ਰੱਖ ਮੌਡਰਨ ਦਿਨਾਂ ਦੇ ਰਿਸ਼ਤਿਆਂ ‘ਤੇ ਇੱਕ ਮਨੋਰੰਜਕ ਫ਼ਿਲਮ ਹੈ।
ਐਮੇਜ਼ੋਨ ਪ੍ਰਾਈਮ ਵੀਡੀਓ ਨਾਲ ਸਹਿਯੋਗ ‘ਤੇ ਕੌਮੈਂਟ ਕਰਦਿਆਂ ਦਿਲਜੀਤ ਦੋਸਾਂਝ ਨੇ ਕਿਹਾ, ”ਹੌਂਸਲਾ ਰੱਖ ਬਹੁਤ ਸਾਰੇ ਕਾਰਨਾਂ ਕਰ ਕੇ ਖ਼ਾਸ ਹੈ। ਇਹ ਨਾ ਸਿਰਫ਼ ਇੱਕ ਨਿਰਮਾਤਾ ਦੇ ਰੂਪ ‘ਚ ਮੇਰੀ ਸ਼ੁਰੂਆਤ ਨੂੰ ਹੈ ਸਗੋਂ ਮਨੁੱਖੀ ਭਾਵਨਾਵਾਂ ਦੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਵੀ ਹੈ ਜੋ ਦਰਸ਼ਕਾਂ ਨਾਲ ਤਾਲਮੇਲ ਬਿਠਾਉਣ ‘ਚ ਸਫ਼ਲ ਰਹੀ। ਮੈਨੂੰ ਇਸ ਫ਼ਿਲਮ ਲਈ ਐਮੇਜ਼ੋਨ ਪ੍ਰਾਈਮ ਵੀਡੀਓ ਨਾਲ ਸਹਿਯੋਗ ਕਰਨ ਅਤੇ ਇਸ ਖ਼ੂਬਸੂਰਤ ਕਹਾਣੀ ਨੂੰ ਦੁਨੀਆਂ ਭਰ ਦੇ ਦਰਸ਼ਕਾਂ ਨੂੰ ਵਿਆਪਕ ਵਿਸਥਾਰ ਤਕ ਲਿਜਾਣ ਅਤੇ ਉਨ੍ਹਾਂ ਨੂੰ ਆਪਣੀ ਸੁਵਿਧਾ ‘ਤੇ ਆਪਣੇ ਘਰਾਂ ਦੇ ਆਰਾਮ ‘ਚ ਇਸ ਦਾ ਆਨੰਦ ਲੈਣ ਦਾ ਮੌਕਾ ਦਿੰਦਿਆਂ ਖ਼ੁਸ਼ੀ ਹੋ ਰਹੀ ਹੈ।”
ਫ਼ਿਲਮ ਦੇ ਗਲੋਬਲ ਡਿਜੀਟਲ ਪ੍ਰੀਮੀਅਰ ਦੀ ਉਡੀਕ ਕਰਦਿਆਂ ਨਿਰਮਾਤਾ ਦਲਜੀਤ ਥਿੰਦ ਨੇ ਕਿਹਾ, ”ਸਿਨੇਮਾਹਾਲ ‘ਚ ਫ਼ਿਲਮ ਦੇਖਣ ਵਾਲੇ ਦਰਸ਼ਕਾਂ ਨੇ ਫ਼ਿਲਮ ਨੂੰ ਪਸੰਦ ਕੀਤਾ ਹੈ ਅਤੇ ਇੱਕ ਨਿਰਮਾਤਾ ਦੇ ਰੂਪ ‘ਚ ਇਹ ਸਭ ਤੋਂ ਵਧੀਆ ਅਹਿਸਾਸ ਹੈ। ਮੈਂ ਐਮੇਜ਼ੋਨ ਪ੍ਰਾਈਮ ਵੀਡੀਓ ‘ਤੇ ਵੀ ਹੌਂਸਲਾ ਰੱਖ ਦੀ ਰਿਲੀਜ਼ ਨਾਲ ਖ਼ੁਸ਼ ਹਾਂ ਅਤੇ ਮੈਨੂੰ ਉਮੀਦ ਹੈ ਕਿ ਫ਼ਿਲਮ ਨੇ ਆਉਣ ਵਾਲੇ ਲੰਬੇ ਸਮੇਂ ਤਕ 240 ਦੇਸ਼ਾਂ ਅਤੇ ਖੇਤਰਾਂ ‘ਚ ਵੀ ਆਪਣਾ ਪਿਆਰ ਅਤੇ ਖ਼ੁਸ਼ੀ ਫ਼ੈਲਾਉਣਾ ਜਾਰੀ ਰੱਖਣਾ ਹੈ।”