ਇੱਕ ਗ਼ਲਤੀ ਕਾਰਨ ਤਬਾਹ ਹੋ ਸਕਦਾ ਸੀ ਹਾਰਦਿਕ ਪੰਡਯਾ ਦਾ ਕਰੀਅਰ

ਨਵੀਂ ਦਿੱਲੀ – ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਆਪਣੀ ਸ਼ਾਨਦਾਰ ਖੇਡ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਇਸੇ ਦੀ ਬਦੌਲਤ ਉਹ ਟੀਮ ਇੰਡੀਆ ਦਾ ਇੱਕ ਅਹਿਮ ਹਿੱਸਾ ਬਣ ਚੁੱਕੈ ਅਤੇ ਕਰੀਅਰ ਦੀਆਂ ਬੁਲੰਦੀਆਂ ਨੂੰ ਛੂਹੰਦਾ ਜਾ ਰਿਹੈ, ਪਰ ਇੱਕ ਵਾਰ ਉਸ ਨੇ ਕੁੱਝ ਅਜਿਹਾ ਕਹਿ ਦਿੱਤਾ ਜਿਸ ਕਾਰਨ ਉਹ ਬਹੁਤ ਵੱਡੇ ਵਿਵਾਦ ‘ਚ ਫ਼ਸ ਗਿਆ ਸੀ।
ਇਸ ਵਜ੍ਹਾ ਨਾਲ ਮੁਸ਼ਕਿਲ ‘ਚ ਸੀ ਹਾਰਦਿਕ
ਹਾਰਦਿਕ ਪੰਡਯਾ ਨੂੰ ਸਾਲ 2019 ‘ਚ ਇੱਕ TV ਸ਼ੋਅ ਕੌਫ਼ੀ ਵਿਦ ਕਰਨ ‘ਚ ਸ਼ਾਮਿਲ ਹੋਣ ਤੋਂ ਬਾਅਦ ਮੁਸ਼ਕਿਲ ਦੌਰ ਦੇਖਣਾ ਪਿਆ ਸੀ। ਹਾਰਦਿਕ ਨੇ ਸ਼ੋਅ ਦੇ ਦੌਰਾਨ ਕਈ ਮਹਿਲਾਵਾਂ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਉਹ ਆਪਣੇ ਮਾਤਾ-ਪਿਤਾ ਨਾਲ ਬਹੁਤ ਫ਼ਰੈਂਕ ਹੈ। ਇੱਥੋ ਤਕ ਕੀ ਉਹ ਉਨ੍ਹਾਂ ਨੂੰ ਆਪਣੀ ਵਰਜਿਨਿਟੀ (ਕੁਆਰਾਪਨ) ਗੁਆਉਣ ਵਾਲੀ ਗੱਲ ਵੀ ਦਸ ਚੁੱਕਾ ਹੈ। ਉਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੰਡਯਾ ਦੀ ਕਾਫ਼ੀ ਆਲੋਚਨਾ ਹੋਣ ਲੱਗੀ।
BCCI ਨੇ ਕੀਤਾ ਸੀ ਸਸਪੈਂਡ
ਹਾਰਦਿਕ ਦੇ ਕੌਫ਼ੀ ਵਿਦ ਕਰਨ ਦੇ ਵਿਵਾਦਤ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋਇਆ ਅਤੇ ਇਸ ‘ਤੇ ਉਸ ਨੂੰ ਲੋਕਾਂ ਦੀਆਂ ਕਾਫ਼ੀ ਨੈਗੇਟਿਵ ਪ੍ਰਤੀਕਿਰਿਆਵਾਂ ਮਿਲੀਆਂ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਹਾਰਦਿਕ ਪੰਡਯਾ ਅਤੇ ਸ਼ੋਅ ‘ਚ ਉਸ ਦੇ ਸਾਥੀ ਕੇ.ਐੱਲ.ਰਾਹੁਲ ਨੂੰ ਸਸਪੈਂਡ ਕਰ ਦਿੱਤਾ ਸੀ।
ਕਰੀਅਰ ਖ਼ਤਮ ਹੋਣ ਦਾ ਡਰ
ਇੱਕ ਇੰਟਰਵਿਊ ‘ਚ ਹਾਰਦਿਕ ਨੇ ਇਸ ਮੁੱਦੇ ‘ਤੇ ਖ਼ੁੱਲ੍ਹ ਕੇ ਗੱਲ ਕੀਤੀ। ਉਸ ਨੇ ਕਿਹਾ ਕਿ ਜਦੋਂ ਉਸ ਨੇ ਸੁਣਿਆ ਕਿ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤਾਂ ਕਈ ਕ੍ਰਿਕਟਰ ਜੋ ਉਸ ਨੂੰ ਨਿੱਜੀ ਤੌਰ ‘ਤੇ ਜਾਣਦੇ ਸਨ, ਉਸ ਕੋਲ ਆਏ ਅਤੇ ਉਸ ਨਾਲ ਗੱਲ ਕੀਤੀ। ਉਨ੍ਹਾਂ ਨੂੰ ਲੱਗਾ ਕਿ ਉਸ ਦਾ ਕਰੀਅਰ ਖ਼ਤਮ ਹੋ ਗਿਆ ਹੈ।