ਐਸ਼ੇਜ਼ ਤੋਂ ਬਾਅਦ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ ਵਿੰਡੀਜ਼

ਬਾਰਬੇਡੋਜ਼ – ਇੰਗਲੈਂਡ ਦੀ ਪੁਰਸ਼ ਕ੍ਰਿਕਟ ਟੀਮ ਦਸੰਬਰ-ਜਨਵਰੀ ‘ਚ ਆਸਟਰੇਲੀਆ ਵਿਰੁੱਧ ਐਸ਼ੇਜ਼ ਸੀਰੀਜ਼ ਤੋਂ ਬਾਅਦ ਵੈੱਸਟ ਇੰਡੀਜ਼ ਦਾ ਦੌਰਾ ਕਰੇਗੀ। ਕ੍ਰਿਕਟ ਵੈੱਸਟ ਇੰਡੀਜ਼ ਨੇ ਦੌਰੇ ਦਾ ਸਕੈਜੂਅਲ ਜਾਰੀ ਕਰਦੇ ਹੋਏ ਇਸ ਦੀ ਪੁਸ਼ਟੀ ਕੀਤੀ ਹੈ। ਕ੍ਰਿਕਟ ਵੈੱਸਟ ਇੰਡੀਜ਼ ਵਲੋਂ ਜਾਰੀ ਬਿਆਨ ਅਨੁਸਾਰ ਇੰਗਲੈਂਡ ਇਸ ਦੌਰੇ ‘ਤੇ ਪੰਜ T-20 ਅਤੇ ਤਿੰਨ ਟੈੱਸਟ ਮੈਚ ਖੇਡੇਗਾ। ਪਰਥ ‘ਚ 18 ਜਨਵਰੀ 2022 ਨੂੰ ਐਸ਼ੇਜ਼ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈੱਸਟ ਮੈਚ ਖ਼ਤਮ ਹੋਣ ਤੋਂ ਬਾਅਦ ਇੰਗਲੈਂਡ ਦੀ ਟੀਮ ਬਾਰਬੇਡੋਜ਼ ਪਹੁੰਚੇਗੀ ਅਤੇ ਉੱਥੇ 22 ਜਨਵਰੀ ਨੂੰ ਪਹਿਲੇ T-20 ਮੁਕਾਬਲੇ ਨਾਲ ਦੌਰੇ ਦੀ ਸ਼ੁਰੂਆਤ ਕਰੇਗੀ। ਲਗਭਗ ਇੱਕ ਹਫ਼ਤੇ ਤਕ ਇੱਥੇ ਲਗਾਤਾਰ ਪੰਜ T-20 ਮੈਚ ਖੇਡੇ ਜਾਣਗੇ। T-20 ਸੀਰੀਜ਼ ਤੋਂ ਬਾਅਦ ਐਂਟੀਗੁਆ ‘ਚ ਅੱਠ ਮਾਰਚ 2022 ਨੂੰ ਦੋਵੇਂ ਟੀਮਾਂ ਦੇ ਵਿਚਾਲੇ ਰਿਚਡ-ਬੋਥਮ ਟੈੱਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਵੇਗਾ ਜਦਕਿ ਦੂਜਾ ਮੈਚ 16 ਮਾਰਚ ਤੋਂ ਬਾਰਬੇਡੋਜ਼ ਅਤੇ ਤੀਜਾ ਮੈਚ 24 ਮਾਰਚ ਤੋਂ ਗ੍ਰੇਨੇਡਾ ‘ਚ ਖੇਡਿਆ ਜਾਵੇਗਾ। ਇਹ ਟੈੱਸਟ ਸੀਰੀਜ਼ ICC ਵਿਸ਼ਵ ਟੈੱਸਟ ਚੈਂਪੀਅਨਸ਼ਿਪ 2021-23 ਦਾ ਹਿੱਸਾ ਹੋਵੇਗੀ।
ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਚਾਰ ਦਿਨਾਂ ਅਭਿਆਸ ਮੈਚ ਵੀ ਖੇਡਿਆ ਜਾਵੇਗਾ ਜੋ ਐਂਟੀਗੁਆ ‘ਚ ਇੱਕ ਮਾਰਚ ਤੋਂ ਖੇਡਿਆ ਜਾਵੇਗਾ। ਕ੍ਰਿਕਟ ਵੈੱਸਟ ਇੰਡੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੌਨੀ ਗ੍ਰੇਵ ਨੇ ਦੌਰੇ ਨੂੰ ਲੈ ਕੇ ਕਿਹਾ ਕਿ ਉਸ ਨੂੰ ਵੈੱਸਟ ਇੰਡੀਜ਼ ਅਤੇ ਇੰਗਲੈਂਡ ਦੇ ਵਿਚਾਲੇ ਇਸ T-20 ਅਤੇ ਟੈੱਸਟ ਸੀਰੀਜ਼ ਲਈ ਆਯੋਜਨ ਸਥਾਨਾਂ ਦੀ ਪੁਸ਼ਟੀ ਕਰਨ ਦੀ ਖੁਸ਼ੀ ਹੈ। ਇਹ ਮੈਚ ਕੈਰੇਬੀਅਨਜ਼ ‘ਚ ਜਨਵਰੀ ਤੋਂ ਅਗਸਤ ਤਕ ਚੱਲਣ ਵਾਲੇ ਅੰਤਰਰਾਸ਼ਟਰੀ ਘਰੇਲੂ ਕ੍ਰਿਕਟ ਦੇ ਬੰਪਰ ਸਾਲ ਦਾ ਹਿੱਸਾ ਹੈ।