ਨਵੀਂ ਦਿੱਲੀ- ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਮਾਨਸੂਨ ਕਾਰਣ ਭਾਰੀ ਮੀਂਹ ਪੈ ਰਿਹਾ ਹੈ। ਭਾਰਤੀ ਮੌਸਮ ਵਿਭਾਗ ਦੇ ਅੰਦਾਜ਼ੇ ਅਨੁਸਾਰ ਅਗਲੇ 24 ਘੰਟਿਆਂ ’ਚ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਸਿਕਿੱਮ ਤੇ ਗੋਆ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੇਰਲ, ਰਾਜਸਥਾਨ, ਬਿਹਾਰ, ਅਸਮ ਅਤੇ ਤ੍ਰਿਪੁਰਾ ਦੇ ਕੁਝ ਇਲਾਕਿਆਂ ’ਚ ਵੀ ਭਾਰੀ ਬਾਰਿਸ਼ ਹੋਵੇਗੀ। ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ ’ਚ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਭਾਰੀ ਮੀਂਹ ਕਾਰਣ ਉਤਰਾਖੰਡ ਦੀਆਂ ਨਦੀਆਂ ਉਫਾਨ ’ਤੇ ਹਨ। ਪਹਾੜੀ ਖੇਤਰਾਂ ’ਚ ਭੂਖਲਨ ਵੱਧ ਗਿਆ ਹੈ। ਉੱਥੇ ਹੀ ਉਤਰਾਖੰਡ ’ਚ ਸ਼ਾਰਦਾ ਬੈਰਾਜ ਦੇ ਆਸਪਾਸ ਦੇ ਇਲਾਕਿਆਂ ’ਚ ਭਾਰੀ ਮੀਂਹ ਕਾਰਨ ਪਾਣੀ ਦਾ ਪੱਧਰ ਕਾਫ਼ੀ ਵਧਣ ਤੋਂ ਬਾਅਦ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਇਹ ਉਤਰਾਖੰਡ ਦੇ 2 ਜ਼ਿਲਿਆਂ ਅਤੇ ਯੂ. ਪੀ. ਦੇ 10 ਜ਼ਿਲਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।















