ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ ; 11 ਹਲਾਕ

3ਅੰਮ੍ਰਿਤਸਰ : ਜ਼ਿਲਾ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਕੋਲ ਬੀਤੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿਚ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਏ. ਆਈ. ਜੀ. (ਕ੍ਰਾਈਮ) ਮਨਿੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਦੇ ਪਿੰਡ ਯਾਦਪੁਰ ਸੇਖਵਾਂ ਤੋਂ ਕਰੀਬ 17-18 ਵਿਅਕਤੀ (ਸ਼ਰਧਾਲੂ) ਮਹਿੰਦਰਾ ਬਲੈਰੋ ਪਿਕਅੱਪ ਗੱਡੀ (ਛੋਟਾ ਹਾਥੀ) ਨੰਬਰ ਪੀ. ਬੀ. 06 ਬੀ 5366 ਵਿਚ ਸਵਾਰ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਅੰਮ੍ਰਿਤਸਰ ਆ ਰਹੇ ਸਨ। ਰਾਤ ਕਰੀਬ ਦੋ ਵਜੇ ਜਦੋਂ ਇਹ ਬਲੈਰੋ ਗੱਡੀ ਜੋ ਕਿ ਓਵਰਲੋਡਿਡ ਸੀ, ਪਿੰਡ ਬੋਪਾਰਾਏ ਨੇੜੇ ਪੁੱਜੀ ਤਾਂ ਸੜਕ ਕੰਢੇ ਖੜ੍ਹੇ ਟਰੱਕ ਵਿਚ ਪਿੱਛੋਂ ਜਾ ਵੱਜੀ। ਹਾਦਸਾ ਏਨਾ ਭਿਆਨਕ ਸੀ ਕਿ ਮੌਕੇ ‘ਤੇ ਹੀ 9 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ ਬਾਕੀ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਇਲਾਕੇ ਦੇ ਪੁਲਸ ਮੁਲਾਜ਼ਮ ਮੌਕੇ ‘ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਪਹੁੰਚਾਇਆ, ਜਿਥੇ ਇਲਾਜ ਦੌਰਾਨ 2 ਹੋਰ ਜ਼ਖ਼ਮੀਆਂ ਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਕੁਝ ਜ਼ਖ਼ਮੀਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।
ਬਟਾਲਾ ਤੋਂ ਸੈਂਡੀ ਅਨੁਸਾਰ- ਮ੍ਰਿਤਕਾਂ ਦੀ ਪਛਾਣ ਪਰਮਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਅਮੋਨੰਗਲ, ਅਮਰੀਕ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਅਮਰਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਗਿਆਨੀ ਤਰਸੇਮ ਸਿੰਘ ਪੁੱਤਰ ਜਗੀਰ ਸਿੰਘ, ਜਸਕੰਵਲਪ੍ਰੀਤ ਸਿੰਘ (17) ਪੁੱਤਰ ਮੰਗਲ ਸਿੰਘ ਵਾਸੀ ਨੱਤ, ਮਲਕੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਨੱਤ, ਜਸਵੰਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਸੇਖਵਾਂ, ਨਰਿੰਦਰਪਾਲ ਕੌਰ ਪਤਨੀ ਹਰਪ੍ਰੀਤ ਸਿੰਘ ਅਤੇ ਉਸ ਦੀ 12 ਸਾਲਾ ਧੀ ਜਸਕੀਰਤ ਕੌਰ ਵਜੋਂ ਹੋਈ ਜਦੋਂ ਕਿ ਦੋ ਵਿਅਕਤੀ ਮਹਿਤਾ ਦੇ ਸਨ। ਇਸਤੋਂ ਇਲਾਵਾ ਜ਼ਖਮੀਆਂ ਵਿਚ ਲਖਵਿੰਦਰ ਸਿੰਘ ਪੁੱਤਰ ਸਾਧੂ ਸਿੰਘ, ਕੈਪਟਨ ਸਿੰਘ ਪੁੱਤਰ ਬਲਬੀਰ ਸਿੰਘ, ਬਲਵੰਤ ਸਿੰਘ ਪੁੱਤਰ ਸੌਦਾਗਰ ਸਿੰਘ, ਜਤਿੰਦਰ ਸਿੰਘ ਵਾਸੀ ਸੇਖਵਾਂ, ਨਰਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਅਤੇ ਜਸਬੀਰ ਕੌਰ ਪਤਨੀ ਬਲਵਿੰਦਰ ਸਿੰਘ ਸ਼ਾਮਲ ਹਨ।
ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਕਤ ਟਰੱਕ ਸੜਕ ਦੇ ਕੰਢੇ ਕਿਉਂ ਖੜ੍ਹਾ ਸੀ ਅਤੇ ਟਰੱਕ ਵਿਚ ਵੀ ਕੋਈ ਵਿਅਕਤੀ ਸਵਾਰ ਸੀ ਜਾਂ ਨਹੀਂ।