ਬਰਾੜ ਤੇ ਮਾਨ ਦੀਆਂ ਗੱਲਾਂ ਦਾ ਮੈਂ ਜਵਾਬ ਨਹੀਂ ਦਿੰਦਾ : ਅਮਰਿੰਦਰ

5ਜਲੰਧਰ : ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਕਾਂਗਰਸ ਤੋਂ ਕੱਢੇ ਗਏ ਨੇਤਾ ਜਗਮੀਤ ਸਿੰਘ ਬਰਾੜ ਅਤੇ ਅਕਾਲੀ ਨੇਤਾ ਸਿਮਰਨਜੀਤ ਸਿੰਘ ਮਾਨ ਦੇ ਬਿਆਨਾਂ ਜਾਂ ਉਨ੍ਹਾਂ ਵਲੋਂ ਕਹੀਆਂ ਗਈਆਂ ਗੱਲਾਂ ਦਾ ਜਵਾਬ ਨਹੀਂ ਦਿੰਦੇ ਹਨ ਕਿਉਂਕਿ ਦੋਵਾਂ ਨੇ ਕਦੀ ਵੀ ਸਹੀ ਗੱਲ ਜਾਂ ਸਹੀ ਤੱਥ ਜਨਤਾ ਸਾਹਮਣੇ ਨਹੀਂ ਰੱਖੇ।
ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਉਹ ਬਰਾੜ ਵਲੋਂ ਉਨ੍ਹਾਂ ਬਾਰੇ ਜਾਂ ਉਨ੍ਹਾਂ ਦੇ ਪਰਿਵਾਰ ਖਿਲਾਫ ਜਿਹੜੇ ਦੋਸ਼ ਲਗਾਏ ਜਾਂਦੇ ਹਨ, ਉਸਨੂੰ ਉਹ ਗੰਭੀਰਤਾ ਨਹੀਂ ਲੈਂਦੇ ਕਿਉਂਕਿ ਬਰਾੜ ਦੀ ਸੋਚ ਹਮੇਸ਼ਾ ਨਾਂਹਪੱਖੀ ਰਹੀ ਹੈ।
ਕੈਪਟਨ ਨੇ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਸਿਆਸੀ ਤੌਰ ‘ਤੇ ਖੋਖਲੇ ਹੋ ਚੁੱਕੇ ਬਰਾੜ ਦੀ ਮਾਨਸਿਕ ਸਥਿਤੀ ਕਿਸ ਤਰ੍ਹਾਂ ਦੀ ਹੋਵੇਗੀ। ਉਨ੍ਹਾਂ ਨੂੰ ਤਾਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ੇਨੇ ਆਪਣੀ ਸ਼ਾਂਤੀ ਹੀ ਗੁਆ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਤਾਂ ਬਰਾੜ ਅਤੇ ਮਾਨ ਦੋਵਾਂ ‘ਤੇ ਕਦੇ ਗੁੱਸਾ ਨਹੀਂ ਆਇਆ, ਸਗੋਂ ਉਨ੍ਹਾਂ ‘ਤੇ ਹਮੇਸ਼ਾ ਰਹਿਮ ਆਉਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਵੀ ਪੰਜਾਬ ਜਾਂ ਦੇਸ਼ ਦੇ ਹਿੱਤ ਵਿਚ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਕੈਪਟਨ ਨੇ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਪੰਜਾਬੀਆਂ ਨੂੰ ਬਰਾੜ ਵਰਗੇ ਲੋਕਾਂ ਤੋਂ ਉਨ੍ਹਾਂ ਦੇ ਪਰਿਵਾਰ ਬਾਰੇ ਜਾਣਨ ਦੀ ਲੋੜ ਵੀ ਨਹੀਂ ਹੈ।