ਮਰੇ ਨੂੰ ਹਰਾ ਕੇ ਜੋਕੋਵਿੱਚ ਬਣੇ ਮੈਡ੍ਰਿਡ ਓਪਨ ਚੈਂਪੀਅਨ

sports-news-300x150ਮੈਡ੍ਰਿਡਂ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿੱਚ ਨੇ ਬ੍ਰਿਟੇਨ ਦੇ ਐਂਡੀ ਮਰੇ ਨੂੰ ਫ਼ਾਈਨਲ ‘ਚ ਹਰਾ ਕੇ ਮੈਡ੍ਰਿਡ ਓਪਨ ਖਿਤਾਬ ਆਪਣੇ ਨਾਂ ਕਰ ਲਿਆ ਜੋ ਉਨ੍ਹਾਂ ਦਾ ਰਿਕਾਰਡ 29ਵਾਂ ਮਾਸਟਰਸ ਖਿਤਾਬ ਹੈ। ਜੋਕੋਵਿੱਚ ਨੇ ਐਤਵਾਰ ਨੂੰ ਖੇਡੇ ਗਏ ਫ਼ਾਈਨਲ ‘ਚ ਬ੍ਰਿਟਿਸ਼ ਖਿਡਾਰੀ ਨੂੰ 6-2, 3-6, 6-3 ਨਾਲ ਹਰਾਇਆ। ਮਰੇ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇ ਸਨ ਪਰ ਉਹ ਜੋਕੋਵਿੱਚ ਦੀ ਚੁਣੌਤੀ ‘ਤੇ ਪਾਰ ਨਹੀਂ ਪਾ ਸਕੇ। ਜੋਕੋਵਿੱਚ ਦਾ ਇਸ ਸਾਲ ਦਾ ਇਹ ਪੰਜਵਾਂ ਖਿਤਾਬ ਹੈ। ਉਨ੍ਹਾਂ ਇਸ ਤੋਂ ਪਹਿਲਾਂ ਕਤਰ ਓਪਨ, ਇੰਡੀਅਨ ਵੇਲਸ, ਮਿਆਮੀ ਓਪਨ ਅਤੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਖਿਤਾਬ ਜਿੱਤੇ ਸਨ।
ਵਿਸ਼ਵ ਦੇ ਨੰਬਰ ਦੋ ਖਿਡਾਰੀ ਮਰੇ ਨੇ ਸੈਮੀਫ਼ਾਈਨਲ ‘ਚ ਸਪੇਨ ਦੇ ਰਾਫ਼ੇਲ ਨਡਾਲ ਨੂੰ ਹਰਾਇਆ ਸੀ ਜਦੋਂਕਿ ਜੋਕੋਵਿੱਚ ਨੇ ਕੇਈ ਨਿਸ਼ੀਕੋਰੀ ਨੂੰ ਹਰਾ ਕੇ ਫ਼ਾਈਨਲ ‘ਚ ਜਗ੍ਹਾ ਬਣਾਈ ਸੀ। ਨਡਾਲ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਅਤੇ ਉਸ ਨੂੰ ਹਰਾ ਕੇ ਮਰੇ ਨੇ ਸਾਬਤ ਕਰ ਦਿੱਤਾ ਸੀ ਕਿ ਉਹ ਆਪਣਾ ਖਿਤਾਬ ਬਚਾਉਣ ਦੀ ਪੂਰੀ ਕੋਸ਼ਿਸ ਕਰਨਗੇ ਪਰ ਜੋਕੋਵਿੱਚ ਨੇ ਪਹਿਲੇ ਹੀ ਸੈੱਟ ‘ਚ ਉਨ੍ਹਾਂ ਦੀ ਸਰਵਿਸ ਤਿੰਨ ਵਾਰ ਤੋੜ ਕੇ ਦੱਸ ਦਿੱਤਾ ਕਿ ਰਾਹ ਇੰਨੀ ਆਸਾਨ ਨਹੀਂ ਹੈ। ਮਰੇ ਨੇ ਪਹਿਲਾ ਸੈੱਟ 2-6 ਨਾਲ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜਾ ਸੈੱਟ 6-3 ਨਾਲ ਆਪਣੇ ਨਾਂ ਕੀਤਾ ਪਰ ਜੋਕੋਵਿੱਚ ਨੇ ਤੀਜਾ ਸੈੱਟ ਅਤੇ ਮੁਕਾਬਲਾ 6-3 ਨਾਲ ਜਿੱਤ ਲਿਆ। ਜੋਕੋਵਿੱਚ ਨੇ ਸਾਲ 2011 ‘ਚ ਵੀ ਇਸ ਖਿਤਾਬ ‘ਤੇ ਕਬਜ਼ਾ ਕੀਤਾ ਸੀ।