ਪੀਲੀਭੀਤ ਜੇਲ੍ਹ ‘ਚ ਮਾਰੇ ਗਏ ਸਿੱਖ ਕੈਦੀਆਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ : ਚੰਦੂਮਾਜਰਾ

2ਨਵੀਂ ਦਿੱਲੀ  : ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਜ਼ੀਰੋ ਆਵਰ ਦੌਰਾਨ ਲੋਕ ਸਭਾ ਵਿੱਚ ਪੀਲੀਭੀਤ ਜੇਲ੍ਹ ਅੰਦਰ ਕੁੱਟ-ਕੁੱਟ ਕੇ ਮਾਰੇ ਗਏ ਸਿੱਖ ਕੈਦੀਆਂ ਦਾ ਮਾਮਲਾ ਉਠਾਉਂਦਿਆਂ ਮੰਗ ਕੀਤੀ ਕਿ ਇਸ ਘਿਨਾਉਣੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾਣ। ਉਨ੍ਹਾਂ ਅੱਜ ਅਖ਼ਬਾਰਾਂ ਵਿੱਚ ਇਸ ਘਟਨਾ ਦੇ ਹੋਏ ਘੁਲਾਸੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਵੰਬਰ ੧੯੯੪ ਵਿੱਚ ਪੀਲੀਭੀਤ ਜੇਲ੍ਹ ਅੰਦਰ ਇਥੋਂ ਦੇ ਸੁਪਰਡੈਂਟ ਵਿੰਦਿਆਚਲ ਯਾਦਵ ਦੀ ਹਾਜਰੀ ਵਿੱਚ ਸੱਤ ਸਿੱਖ ਕੈਦੀਆਂ ਨੂੰ ਅੰਨ੍ਹਾ ਤਸ਼ੱਦਦ ਕਰਕੇ ਮਾਰ ਦਿੱਤਾ ਗਿਆ ਸੀ ਅਤੇ ਫਿਰ ੨੦੦੭ ਵਿੱਚ ਇਹ ਕੇਸ ਚੁੱਪ ਚਪੀਤੇ ਹੀ ਬੰਦ ਕਰ ਦਿੱਤਾ ਗਿਆ ਸੀ। ਪ੍ਰੋ. ਚੰਦੂਮਾਜਰਾ ਨੇ ਯਾਦ ਕਰਵਾਇਆ ਕਿ ਉਸ ਵੇਲੇ ਉੱਤਰ ਪ੍ਰਦੇਸ਼ ਵਿੱਚ ਮੁਲਾਇਮ ਸਿੰਘ ਯਾਦਵ ਮੁੱਖ ਮੰਤਰੀ ਸਨ।
ਪ੍ਰੋ. ਚੰਦੂਮਾਜਰਾ ਨੇ ਇਸ ਘਟਨਾ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਜੇਲ੍ਹ ਸੁਪਰਡੈਂਟ ਦੀ ਹਾਜਰੀ ਵਿੱਚ ਵਾਪਰੀ ਇਸ ਅਤਿ ਘਿਨਾਉਣੀ ਘਟਨਾ ਦੀ ਸ਼ਿਕਾਇਤ ਸਮਾਜਵਾਦੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗਿਆਨੀ ਤਰਲੋਕ ਸਿੰਘ ਨੇ ਕੀਤੀ ਸੀ। ਗਿਆਨੀ ਤਰਲੋਕ ਸਿੰਘ ਨੂੰ ਇਸ ਘਟਨਾ ਦੀ ਜਾਣਕਾਰੀ ਪਾਰਟੀ ਦੇ ਹੀ ਇੱਕ ਹੋਰ ਆਗੂ ਹਰੂਨ ਅਹਿਮਦ ਨੇ ਦਿੱਤੀ ਸੀ, ਜਿਹੜੇ ਹਸਪਤਾਲ ਵਿੱਚ ਕਿਸੇ ਆਪਣੇ ਨਿਜੀ ਕੰਮ ਗਏ ਹੋਏ ਸਨ। ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਘਟਨਾ ਦੀ ਜਾਂਚ ਸੀ.ਬੀ.ਸੀ.ਆਈ.ਡੀ. ਨੂੰ ਸੌਂਪ ਦਿੱਤੀ ਸੀ। ਪਰ ਜਨਵਰੀ ੨੦੦੭ ਵਿੱਚ ਸਰਕਾਰ ਨੇ ਚੁੱਪ ਚਪੀਤੇ ਹੀ ਅਦਾਲਤ ਵਿੱਚ ਇਹ ਕੇਸ ਵਾਪਸ ਲੈਣ ਦੀ ਅਰਜ਼ੀ ਦੇ ਦਿੱਤੀ ਜੋ ਅਦਾਲਤ ਵੱਲੋਂ ਮਨਜੂਰ ਕਰ ਲਈ ਗਈ।
ਅਕਾਲੀ ਆਗੂ ਨੇ ਕਿਹਾ ਕਿ ਇਹ ਇਸ ਕੇਸ ਦੇ ਅਖ਼ਬਾਰਾਂ ਰਾਹੀਂ ਹੋਏ ਇਸ ਖੁਲਾਸੇ ਨੇ ਸਿੱਖਾਂ ਦੇ ਜਖ਼ਮ ਇੱਕ ਵਾਰ ਫਿਰ ਉਚੇੜ ਦਿੱਤੇ ਹਨ ਅਤੇ ਸਿੱਖਾਂ ਉੱਤੇ ਸਮੇਂ ਸਮੇਂ ਵੱਖ-ਵੱਖ ਸਰਕਾਰਾਂ ਵੱਲੋਂ ਕੀਤੇ ਗਏ ਜ਼ੁਲਮਾਂ ਦੀ ਸੂਚੀ ਵਿੱਚ ਇਕ ਹੋਰ ਉਦਾਹਰਣ ਦਰਜ਼ ਹੋ ਗਈ। ਉਨ੍ਹਾਂ ਪੀਲੀਭੀਤ ਵਿੱਚ ਤਕਰੀਬਨ ਦੋ ਦਹਾਕੇ ਪਹਿਲਾਂ ੧੦ ਸਿੱਖ ਸ਼ਰਧਾਲੂਆਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਉਣ ਦੇ ਕੇਸ ਵਿੱਚ ਅਦਾਲਤ ਵੱਲੋਂ ਪਿਛਲੇ ਦਿਨੀਂ ੪੭ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਦੇਣ ਦਾ ਹਵਾਲਾ ਵੀ ਦਿੱਤਾ। ਉਨਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਜੇ ਇਹ ਕੇਸ ਵਾਪਸ ਨਾ ਲਿਆ ਜਾਂਦਾ ਤਾਂ ਪੱਕੇ ਤੌਰ ਉੱਤੇ ਦੋਸ਼ੀ ਜੇਲ੍ਹ ਮੁਲਾਜ਼ਮਾਂ ਨੂੰ ਸਜ਼ਾਵਾਂ ਦਿੱਤੀਆਂ ਹੀ ਜਾਣੀਆਂ ਸਨ।
ਲੋਕ ਸਭਾ ਵਿੱਚ ਇਸ ਮੌਕੇ ਹਾਜ਼ਰ ਸਾਬਕਾ ਕੇਂਦਰੀ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਤੁਰੰਤ ਖੜ੍ਹੇ ਹੋ ਕੇ ਸਦਨ ਨੂੰ ਭਰੋਸਾ ਦਿਵਾਇਆ ਕਿ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਦੀ ਸਰਕਾਰ ੭ ਸਿੱਖ ਕੈਦੀਆਂ ਦੇ ਮਾਰੇ ਜਾਣ ਅਤੇ ਇਸ ਕੇਸ ਨੂੰ ਅਦਾਲਤ ਵਿੱਚੋਂ ਵਾਪਸ ਲੈਣ ਦੀ ਕਾਰਵਾਈ ਨੂੰ ਮੁੜ ਜਾਂਚ ਕਰਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਉੱਤੇ ਬਖ਼ਸ਼ਿਆ ਨਹੀਂ ਜਾਵੇਗਾ।