ਹੋਰਮੁਜ਼ ‘ਚ ਦੋ ਤੇਲ ਟੈਂਕਰਾਂ ‘ਚ ਧਮਾਕਾ, ਮਿਡਲ ਈਸਟ ‘ਚ ਵਧਿਆ ਤਣਾਅ

ਤੇਹਰਾਨ ਈਰਾਨ ਗਲੋਬਲ ਊਰਜਾ ਸਪਲਾਈ ਲਈ ਅਤਿ-ਮਹੱਤਵਪੂਰਨ ਸਮਝੀ ਜਾਂਦੇ ਰੋਰਮੁਜ਼ ਸਟ੍ਰੇਟ ਵਿੱਚ ਈਰਾਨੀ ਖੇਤਰ ਨੇੜੇ ਦੋ ਤੇਲ ਟੈਂਕਰ, ਜਿਨ੍ਹਾਂ ਵਿਚ ਇੱਕ ਸੁਪਰਟੈਂਕਰ ਵੀ ਸ਼ਾਮਲ ਹੈ, ਵਿੱਚ ਭਿਆਨਕ ਧਮਾਕੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਈਰਾਨ ਦੀ ‘ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ’ (IRGC) ਨੇਵੀ ਨੇ ਦਾਅਵਾ ਕੀਤਾ ਹੈ ਕਿ ਇਹ ਦੋਵੇਂ ਟੈਂਕਰ ਅਣ-ਅਧਿਕਾਰਤ ਰਸਤੇ ਰਾਹੀਂ ਲੰਘਣ ਦੀ ਕੋਸ਼ਿਸ਼ ਕਰਦੇ ਸਮੇਂ ਸਮੁੰਦਰੀ ਮਾਈਨਾਂ ਨਾਲ ਟਕਰਾ ਗਏ, ਜਿਸ ਤੋਂ ਬਾਅਦ ਇੱਕ ਟੈਂਕਰ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ।
ਈਰਾਨੀ ਸਰਕਾਰੀ ਮੀਡੀਆ ‘ਪ੍ਰੈੱਸ ਟੀ.ਵੀ.’ ਅਨੁਸਾਰ, ਆਈ.ਆਰ.ਜੀ.ਸੀ. ਨੇਵੀ ਦੇ ਪਬਲਿਕ ਰਿਲੇਸ਼ਨਜ਼ ਦਫ਼ਤਰ ਨੇ ਦੱਸਿਆ ਕਿ ਦੋਵਾਂ ਜਹਾਜ਼ਾਂ ਨੇ ਆਪਣੇ ਨੇਵੀਗੇਸ਼ਨ ਅਤੇ ਪਛਾਣ ਸਿਸਟਮ ਬੰਦ ਕੀਤੇ ਹੋਏ ਸਨ। ਈਰਾਨੀ ਬਲਾਂ ਦਾ ਦੋਸ਼ ਹੈ ਕਿ ਇਨ੍ਹਾਂ ਜਹਾਜ਼ਾਂ ਨੂੰ ਪਾਬੰਦੀਸ਼ੁਦਾ ਰਸਤੇ ਦੀ ਵਰਤੋਂ ਨਾ ਕਰਨ ਬਾਰੇ ਵਾਰ-ਵਾਰ ਚੇਤਾਵਨੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਇਹ ਹਾਦਸਾ ਵਾਪਰਿਆ।
ਦੂਜੇ ਪਾਸੇ, ਬ੍ਰਿਟੇਨ ਦੀ ਸਮੁੰਦਰੀ ਸੁਰੱਖਿਆ ਏਜੰਸੀ ‘ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਓਪਰੇਸ਼ਨਜ਼’ (UKMTO) ਨੇ ਦੱਸਿਆ ਕਿ ਉਸ ਨੂੰ 1 ਨਵੰਬਰ ਨੂੰ ਹੋਰਮੁਜ਼ ਸਟ੍ਰੇਟ ਵਿੱਚ ਇੱਕ ਵਪਾਰਕ ਜਹਾਜ਼ ‘ਤੇ ਹਮਲੇ ਦੀ ਰਿਪੋਰਟ ਮਿਲੀ ਸੀ। ਯੂ.ਕੇ.ਐੱਮ.ਟੀ.ਓ. ਅਨੁਸਾਰ ਇੱਕ ਵਪਾਰਕ ਜਹਾਜ਼ ਦੇ ਕਪਤਾਨ ਨੇ VHF ਚੈਨਲ 16 ‘ਤੇ ਮੇਅਡੇਅ ਐਮਰਜੈਂਸੀ ਕਾਲ ਭੇਜ ਕੇ ਸੂਚਿਤ ਕੀਤਾ ਕਿ ਇੱਕ ਹੋਰ ਜਹਾਜ਼ ‘ਤੇ ਅਣਪਛਾਤੇ ਪ੍ਰੋਜੈਕਟਾਈਲ ਨਾਲ ਹਮਲਾ ਹੋਇਆ ਹੈ। ਏਜੰਸੀ ਨੇ ਖੇਤਰ ‘ਚੋਂ ਲੰਘਣ ਵਾਲੇ ਸਾਰੇ ਵਪਾਰਕ ਜਹਾਜ਼ਾਂ ਨੂੰ ਸਾਵਧਾਨੀ ਵਰਤਣ ਅਤੇ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਦੀ ਹਦਾਇਤ ਕੀਤੀ ਹੈ।
ਇਸ ਘਟਨਾ ਤੋਂ ਬਾਅਦ ਸਾਊਦੀ ਅਰਬ ਨੇ ਅਰਬ ਗਲਫ਼ ਦੇ ਪਾਣੀਆਂ ਵਿੱਚ ‘ਕਤਰ ਗੈਸ ਟਰਾਂਸਪੋਰਟ ਕੰਪਨੀ’ ਦੇ ਐੱਲ.ਐੱਨ.ਜੀ. ਕੈਰੀਅਰ ‘ਅਲ ਮਾਯੇਦਾ’ ਨੂੰ ਨਿਸ਼ਾਨਾ ਬਣਾਏ ਜਾਣ ਦੀ ਪੁਰਜ਼ੋਰ ਨਿੰਦਾ ਕੀਤੀ ਹੈ। ਸਾਊਦੀ ਵਿਦੇਸ਼ ਮੰਤਰਾਲੇ ਨੇ ਅੰਤਰਰਾਸ਼ਟਰੀ ਸਮੁੰਦਰੀ ਆਵਾਜਾਈ ਅਤੇ ਗਲੋਬਲ ਊਰਜਾ ਸਪਲਾਈ ਲਈ ਖ਼ਤਰਾ ਪੈਦਾ ਕਰਨ ਵਾਲੀਆਂ ਉਲੰਘਣਾਵਾਂ ਨੂੰ ਖਾਰਜ ਕਰਦਿਆਂ ਕਤਰ ਨਾਲ ਪੂਰੀ ਇੱਕਜੁੱਟਤਾ ਪ੍ਰਗਟਾਈ ਹੈ ਅਤੇ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨਾਂ ਦੀ ਪਾਲਣਾ ਲਈ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸੰਯੁਕਤ ਅਰਬ ਅਮੀਰਾਤ (UAE) ਨੇ ਵੀ ਕਤਰੀ ਐੱਲ.ਐੱਨ.ਜੀ. ਜਹਾਜ਼ ‘ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਇਸ ਤੋਂ ਕੁਝ ਦਿਨ ਪਹਿਲਾਂ, 30 ਅਕਤੂਬਰ ਨੂੰ ਵੀ ਓਮਾਨ ਦੇ ਖਾਸਾਬ ਤੋਂ 25 ਨੌਟੀਕਲ ਮੀਲ ਉੱਤਰ-ਪੂਰਬ ਵਿੱਚ ਇੱਕ ਤੇਲ ਟੈਂਕਰ ‘ਤੇ ਹਮਲਾ ਹੋਇਆ ਸੀ। ਯੂ.ਕੇ.ਐੱਮ.ਟੀ.ਓ. ਅਨੁਸਾਰ ਇੱਕ ਛੋਟੀ ਬੋਟ ਨੇ ਟੈਂਕਰ ਦੇ ਨੇੜੇ ਆ ਕੇ ਜਹਾਜ਼ ਦੇ ਹੱਲ ‘ਤੇ ਵਾਟਰਲਾਈਨ ਤੋਂ ਉੱਪਰ ਦੋ ਧਮਾਕੇਦਾਰ ਗੋਲੇ ਲਗਾ ਦਿੱਤੇ ਸਨ, ਜਿਸ ਨਾਲ ਇੰਜਣ ਰੂਮ ‘ਚ ਅੱਗ ਲੱਗ ਗਈ ਸੀ। ਹਾਲਾਂਕਿ, ਉਸ ਘਟਨਾ ਵਿੱਚ ਸਾਰੇ ਕਰੂ ਮੈਂਬਰ ਸੁਰੱਖਿਅਤ ਬਚ ਗਏ ਸਨ।