ਪੰਜਾਬ ਦੇ ਗੈਂਗਲੈਂਡ ਬਣਨ ਦੀ ਹਾਈ ਕੋਰਟ ਦੀ ਨਿਗਰਾਨੀ ‘ਚ ਜਾਂਚ ਹੋਵੇ : ਚੰਨੀ

1ਸੁਲਤਾਨਪੁਰ ਲੋਧੀ/ਜਲੰਧਰ : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਹੇਠਾਂ ਗੈਂਗਲੈਂਡ ਬਣ ਚੁੱਕੇ ਸੂਬੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਸ਼ੰਕਾ ਪ੍ਰਗਟਾਈ ਹੈ ਕਿ ਇਨ੍ਹਾਂ ਗੈਂਗਾਂ ਨੂੰ ਸੱਤਾਧਾਰੀ ਅਕਾਲੀ ਦਲ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਸੂਬੇ ‘ਚ ਡਰ ਦਾ ਮਾਹੌਲ ਪੈਦਾ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਨਵਤੇਜ ਚੀਮਾ ਵੱਲੋਂ ਕਪੂਰਥਲਾ ਦੇ ਪਿੰਡ ਠੱਟਾ ਵਿਖੇ ਅਯੋਜਿਤ ਸ਼ਹੀਦੀ ਜੋੜ ਮੇਲੇ ਮੌਕੇ ਵੱਡੀ ਗਿਣਤੀ ‘ਚ ਲੋਕਾਂ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਖੁਦ ਸੂਬੇ ‘ਚ 55 ਗੈਂਗ ਹੋਣਾ ਸਵੀਕਾਰ ਕੀਤਾ ਹੈ, ਜਿਸਦੇ 423 ਮੈਂਬਰ ਹਨ ਅਤੇ ਇਨ੍ਹਾਂ ‘ਚੋਂ 100 ਜੇਲ੍ਹਾਂ ‘ਚੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਗੈਂਗ ਸਿੱਧੇ ਤੌਰ ‘ਤੇ ਸਿਆਸੀ ਸ਼ੈਅ ਹੇਠਾਂ ਕੰਮ ਕਰ ਰਹੇ ਹਨ, ਕਿਉਂਕਿ ਇਨ੍ਹਾਂ ‘ਚੋਂ ਕਈ ਸੀਨੀਅਰ ਅਕਾਲੀ ਆਗੂਆਂ ਨਾਲ ਮੀਡੀਆ ‘ਚ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਲਈ ਜੇਲ੍ਹਾਂ ਸਵਰਗ ਦੀ ਤਰ੍ਹਾਂ ਹਨ।
ਬਾਅਦ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੂੰ ਵੀ ਪੰਜਾਬ ‘ਚ ਗੈਂਗਾਂ ‘ਤੇ ਸਖਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਤੁਰੰਤ ਸਿਆਸੀ ਪਾਰਟੀਆਂ ਨੂੰ ਅਜਿਹੇ ਸਮਾਜ ਵਿਰੋਧੀ ਅਨਸਰਾਂ ਤੋਂ ਦੂਰ ਰਹਿਣ ਲਈ ਕਹਿਣਾ ਚਾਹੀਦਾ ਹੈ। ਚੰਨੀ ਨੇ ਕਿਹਾ ਕ ਿਇਸ ਤੋਂ ਪਹਿਲਾਂ ਅਕਾਲੀ ਦਲ ਨੇ ਯੂਥ ਅਕਾਲੀ ਦਲ ਨੂੰ ਆਪਣੇ ਗਲਤ ਉਦੇਸ਼ਾਂ ਵਾਸਤੇ ਇਸਤੇਮਾਲ ਕੀਤਾ ਸੀ ਤੇ ਸਟੂਡੇਂਟਸ ਆਰਗੇਨਾਈਸ਼ਨ ਆਫ ਇੰਡੀਆ ਨੂੰ ਪਾਰਟੀ ਦੇ ਸਟੂਡੇਂਟ ਵਿੰਗ ਵਜੋਂ ਬਣਾਇਆ ਗਿਆ। ਇਨ੍ਹਾਂ ਸੰਗਠਨਾਂ ਨੂੰ ਵੱਖ ਵੱਖ ਅਹੁਦਿਆਂ ‘ਤੇ ਸਮਾਜ ਵਿਰੋਧੀ ਅਨਸਰਾਂ ਕਾਰਨ ਜਾਣਿਆ ਜਾਂਦਾ ਹੈ। ਹੁਣ ਸੱਤਾਧਾਰੀ ਗਠਜੋੜ ਇਨ੍ਹਾਂ ਗੈਂਗਾਂ ਨੂੰ ਸ਼ੈਅ ਦੇ ਰਿਹਾ ਹੈ।
ਚੰਨੀ ਨੇ ਆਮ ਆਦਮੀ ਪਾਰਟੀ ‘ਤੇ ਵੀ ਵਰ੍ਹਦਿਆਂ ਕਿਹਾ ਕਿ ਪਾਰਟੀ ਅਨੁਭਵਹੀਣਾਂ ਨੂੰ ਆਪਣੇ ਸੀਨੀਅਰ ਆਗੂਆਂ ਵਜੋਂ ਪ੍ਰਮੋਟ ਕਰ ਰਹੀ ਹੈ। ਸਪੱਸ਼ਟ ਹੈ ਕਿ ਪਾਰਟੀ ਸੂਬੇ ਦੇ ਲੋਕਾਂ ਨੂੰ ਆਪਣੇ ਵੱਖ ਖਿੱਚਣ ‘ਚ ਨਾਕਾਮ ਰਹੀ ਹੈ ਅਤੇ ਹੁਣ ਉਨ੍ਹਾਂ ਲੋਕਾਂ ‘ਤੇ ਨਿਰਭਰ ਕਰ ਰਹੀ ਹੈ ਜਿਹੜੇ ਪੰਜਾਬੀ ਵੀ ਨਹੀਂ ਹਨ। ਇਹ ਖੁਲਾਸਾ ਪੰਜਾਬ ਡਾਇਲਾਗ ਟੀਮ ਦੀ ਸ਼ਮੂਲਿਅਤ ਤੋਂ ਹੁੰਦਾ ਹੈ।
ਉਨ੍ਹਾਂ ਨੇ ਸਾਬਕਾ ਪੱਤਰਕਾਰ ਕੰਵਰ ਸੰਧੂ ਦੀ ਭਰੋਸੇਮੰਦੀ ‘ਤੇ ਸਵਾਲ ਕੀਤੇ, ਜਿਹੜੇ ਪੰਜਾਬ ਡਾਇਲਾਗ ਟੀਮ ਦੀ ਅਗਵਾਈ ਕਰ ਰਹੇ ਹਨ। ਹੈਰਾਨੀਜਨਕ ਹੈ ਕਿ ਪਾਰਟੀ ਨੂੰ ਉਸ ਵਿਅਕਤੀ ‘ਤੇ ਨਿਰਭਰ ਹੋਣਾ ਪੈ ਰਿਹਾ ਹੈ, ਜਿਹੜਾ ਆਨ ਰਿਕਾਰਡ ਪਾਰਟੀ ਦੇ ਪੰਜਾਬ ਇੰਚਾਰਜ ਸੰਜੈ ਸਿੰਘ ‘ਤੇ ਹਮਲਾ ਬੋਲ ਰਿਹਾ ਹੈ। ਉਨ੍ਹਾਂ ਨੇ ਕੰਵਰ ਸੰਧੂ ਦੇ ਵੀਡੀਓ ਦਾ ਜ਼ਿਕਰ ਕੀਤਾ, ਜਿਹੜਾ ਉਸਨੇ ਖੁਦ ਸਾਈਟ ‘ਤੇ ਅਪਲੋਡ ਕਰਦਿਆਂ ਦੋਸ਼ ਲਗਾਇਆ ਸੀ ਕਿ ਸੰਜੈ ਬਿਹਾਰੀ ਹਨ, ਜਿਨ੍ਹਾਂ ਨੂੰ ਪੰਜਾਬ ਬਾਰੇ ਕੁਝ ਪਤਾ ਨਹੀਂ।
ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਤਾਨਾਸ਼ਾਹ ਅਰਵਿੰਦ ਕੇਜਰੀਵਾਲ ‘ਤੇ ਵੀ ਪਾਰਟੀ ‘ਚ ਉਨ੍ਹਾਂ ਵਿਅਕਤੀਆਂ ਨੂੰ ਸ਼ਾਮਿਲ ਕਰਨ ਲਈ ਸਵਾਲ ਕੀਤੇ, ਜਿਨ੍ਹਾਂ ਦੀ ਪੰਜਾਬ ਜਾਂ ਪਾਰਟੀ ਪ੍ਰਤੀ ਕੋਈ ਵਚਨਬੱਧਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਦੀ ਸੱਤਾ ‘ਚ ਆਉਣ ਦਾ ਸੁਫਨਾ ਛੱਡ ਦੇਣਾ ਚਾਹੀਦਾ ਹੈ। ਜਿਸਦੇ ਕਿਸੇ ਵੀ ਆਗੂ ਨੂੰ ਸੀਨੀਅਰ ਆਗੂ ਵਜੋਂ ਪੇਸ਼ ਨਹੀਂ ਕੀਤਾ ਗਿਆ ਹੈ, ਜੋ ਪਾਰਟੀ ਦੇ ਦੀਵਾਲੀਏਪਣ ਦਾ ਖੁਲਾਸਾ ਕਰਦਾ ਹੈ।
ਬਾਅਦ ‘ਚ ਚੰਨੀ, ਮਨਪ੍ਰੀਤ ਸਿੰਘ ਬਾਦਲ, ਹੰਸ ਰਾਜ ਹੰਸ ਤੇ ਨਵਤੇਜ ਚੀਮਾ ਨਾਲ ਸੰਤ ਬਾਬਾ ਬਲਬੀਰ ਸਿੰਘ ਸੀਂਚੇਵਾਲ ਨੂੰ ਮਿਲੇ। ਸਾਰਿਆਂ ਆਗੂਆਂ ਦੀ ਵਾਤਾਵਰਨ ਸਬੰਧੀ ਮੁੱਦਿਆਂ ‘ਤੇ ਸੰਤ ਜੀ ਨਾਲ ਵਧੀਆ ਚਰਚਾ ਰਹੀ। ਉਨ੍ਹਾਂ ਨੇ ਸਿਆਸੀ ਆਗੂਆਂ ਨੂੰ ਕਾਲੀ ਬੇਈਂ ਵੀ ਦਿਖਾਈ। ਚੰਨੀ ਨੇ ਬਾਬਾ ਜੀ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਦੇ ਚੋਣ ਮੈਨਿਫੈਸਟੋ ‘ਚ ਵਾਤਾਵਰਨ ਸਬੰਧੀ ਮੁੱਦਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ।