
ਆਬੂ ਧਾਬੀ – ਰਾਜਸਥਾਨ ਰੌਇਲਜ਼ ਵਿਰੁੱਧ ਆਪਣੇ ਪਿਛਲੇ ਮੁਕਾਬਲੇ ਵਿੱਚ ਵੱਡੇ ਟੀਚੇ ਦਾ ਬਚਾਅ ਕਰਨ ਵਿੱਚ ਅਸਫ਼ਲ ਰਹੇ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਅਗਲੇ ਮੈਚ ਵਿੱਚ ਟੀਮ ਦੇ ਗੇਂਦਬਾਜ਼ਾਂ ਨੂੰ ਜ਼ਿਆਦਾ ਬਦਲਾਅ ਕਰਨ ਦੀ ਲੋੜ ਨਹੀਂ। ਬੈੱਨ ਸਟੋਕਸ ਅਤੇ ਸੰਜੂ ਸੈਮਸਨ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ‘ਤੇ ਰਾਜਸਥਾਨ ਨੇ ਮੁੰਬਈ ਵਿਰੁੱਧ 196 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਿਲ ਕਰ ਲਿਆ ਸੀ।
ਬੁਮਰਾਹ ਨੇ ਕਿਹਾ, ”ਅਸੀਂ ਅਜੇ ਵੀ ਬਹੁਤ ਖ਼ੁਸ਼ ਹਾਂ। ਸਾਡੀ ਸੋਚ ਅਜੇ ਵੀ ਬਹੁਤ ਸਪੱਸ਼ਟ ਹੈ ਅਤੇ ਅਜਿਹਾ ਕੁੱਝ ਨਹੀਂ ਜਿਸ ਵਿੱਚ ਕਾਫ਼ੀ ਬਦਲਾਅ ਦੀ ਲੋੜ ਹੋਵੇ। ਇਹ ਸਿਰਫ਼ ਇਸ ਲਈ ਹੈ ਕਿ ਵਿਰੋਧੀ ਟੀਮ ਨੇ ਉਸ ਦਿਨ ਤੁਹਾਡੇ ਤੋਂ ਬਿਹਤਰ ਪ੍ਰਦਰਸ਼ਨ ਕੀਤਾ। ਤੁਹਾਨੂੰ ਬਸ ਉਨ੍ਹਾਂ ਦੀ ਸ਼ਲਾਘਾ ਕਰ ਕੇ ਅੱਗੇ ਵਧਣਾ ਹੋਵੇਗਾ।” ਬੁਮਰਾਹ ਨੇ ਕਿਹਾ ਕਿ ਇਸ ਸਾਲ ਸਾਡੇ ਕੋਲ ਵਧੀਆ ਗੇਂਦਬਾਜ਼ ਹਨ। ਟ੍ਰੈਂਟ ਬੋਲਟ, ਜੇਮਜ਼ ਪੈਟਿਨਸਨ, ਇੱਥੇ ਤਕ ਕਿ (ਨੇਥਨ) ਕੂਲਟਰ-ਨਾਈਲ ਦੇ ਨਾਲ ਵੀ ਗੇਂਦਬਾਜ਼ੀ ਕਰਨਾ ਹਮੇਸ਼ਾ ਬਹੁਤ ਵਧੀਆ ਰਿਹਾ ਹੈ, ਅਤੇ ਅਸੀਂ ਬਹੁਤ ਚੀਜ਼ਾਂ ‘ਤੇ ਚਰਚਾ ਕਰਦੇ ਹਾਂ।”












